'ਆਪ' ਦੇ ਆਲੇ ਮੁਹੰਮਦ ਇਕਬਾਲ ਚਾਂਦਨੀ ਮਹਿਲ ਤੋਂ 17,134 ਵੋਟਾਂ ਦੇ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ
ਨਵੀਂ ਦਿੱਲੀ - ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਦਿੱਲੀ ਦੇ 250 ਵਾਰਡਾਂ ਵਾਲੀ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਜਿੱਤੀਆਂ, ਅਤੇ ਪਾਰਟੀ ਉਮੀਦਵਾਰਾਂ ਨੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਫ਼ਰਕ ਨਾਲ ਜਿੱਤ ਦਰਜ ਕੀਤੀ।
'ਆਪ' ਦੇ ਆਲੇ ਮੁਹੰਮਦ ਇਕਬਾਲ ਚਾਂਦਨੀ ਮਹਿਲ ਤੋਂ 17,134 ਵੋਟਾਂ ਦੇ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ, ਜਦਕਿ ਆਸ਼ੂ ਠਾਕੁਰ ਨੇ ਚਿਤਰੰਜਨ ਪਾਰਕ ਸੀਟ 'ਤੇ 44 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਜਿੱਤ ਦਰਜ ਕੀਤੀ। ਇਕਬਾਲ ਨੇ ਕਾਂਗਰਸ ਦੇ ਮੁਹੰਮਦ ਹਾਮਿਦ ਨੂੰ ਹਰਾਇਆ, ਜਦਕਿ ਠਾਕੁਰ ਨੇ ਭਾਜਪਾ ਦੀ ਕੰਚਨ ਚੌਧਰੀ ਨੂੰ ਹਰਾਇਆ।
ਕਾਂਗਰਸ ਉਮੀਦਵਾਰ ਸ਼ਗੁਫ਼ਤਾ ਚੌਧਰੀ 15,193 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਐਮ.ਸੀ.ਡੀ. ਚੋਣਾਂ ਵਿੱਚ ਸਭ ਤੋਂ ਵੱਧ ਫਰਕ ਨਾਲ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਸ਼ਾਸਤਰੀ ਨਗਰ 'ਚ ਭਾਰਤੀ ਜਨਤਾ ਪਾਰਟੀ ਦੇ ਮਨੋਜ ਕੁਮਾਰ ਜਿੰਦਲ ਨੇ 'ਆਪ' ਦੀ ਸਭ ਤੋਂ ਅਮੀਰ ਉਮੀਦਵਾਰ ਬਬੀਤਾ ਨੂੰ 12,209 ਵੋਟਾਂ ਨਾਲ ਹਰਾਇਆ।
ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਮੁਕੇਸ਼ ਕੁਮਾਰ ਗੋਇਲ ਨੇ ਆਦਰਸ਼ ਨਗਰ 'ਚ ਭਾਜਪਾ ਦੇ ਅਨੁਭਵ ਧੀਰ ਨੂੰ 187 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ। 'ਆਪ' ਦੇ ਮੋ. ਸਾਦਿਕ ਨੇ ਬੱਲੀਮਾਰਾਨ ਤੋਂ ਭਾਜਪਾ ਦੇ ਸਭ ਤੋਂ ਅਮੀਰ ਉਮੀਦਵਾਰ ਰਾਮ ਦੇਵ ਸ਼ਰਮਾ ਨੂੰ 11,626 ਵੋਟਾਂ ਨਾਲ ਹਰਾਇਆ।
ਕਰੀਬੀ ਮੁਕਾਬਲੇ 'ਚ ਨੰਦ ਨਗਰੀ 'ਚ 'ਆਪ' ਦੇ ਰਮੇਸ਼ ਕੁਮਾਰ ਬਿਸੈਆ ਨੇ ਭਾਜਪਾ ਉਮੀਦਵਾਰ ਕੇ.ਐੱਮ. ਰਿੰਕੂ ਨੂੰ 54 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ, ਅਤੇ ਅਲੀਪੁਰ 'ਚ ਭਾਜਪਾ ਦੇ ਯੋਗੇਸ਼ ਨੇ 'ਆਪ' ਦੇ ਦੀਪ ਕੁਮਾਰ ਨੂੰ 91 ਵੋਟਾਂ ਦੇ ਫਰਕ ਨਾਲ ਹਰਾਇਆ।