
ਸੀਤਾਰਮਨ ਨੇ ਕਿਹਾ, “ਉਸ (ਚੋਣਾਂ ਦੇ) ਸਮੇਂ (ਵੋਟ ਆਨ ਖਾਤੇ ’ਚ) ਕੋਈ ਵੱਡਾ ਐਲਾਨ ਨਹੀਂ ਹੁੰਦਾ ਹੈ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ 1 ਫ਼ਰਵਰੀ, 2024 ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਕੋਈ “ਵੱਡਾ ਐਲਾਨ’’ ਨਹੀਂ ਕੀਤਾ ਜਾਵੇਗਾ, ਕਿਉਂਕਿ ਇਹ ਆਮ ਚੋਣਾਂ ਤੋਂ ਪਹਿਲਾਂ ਦਾ ਲੇਖਾ-ਜੋਖਾ ਹੋਵੇਗਾ। ਸੀਤਾਰਮਨ ਨੇ ਕਿਹਾ, “ਇਹ ਸੱਚ ਹੈ ਕਿ 1 ਫ਼ਰਵਰੀ, 2024 ਨੂੰ ਜਿਸ ਬਜਟ ਦਾ ਐਲਾਨ ਕੀਤਾ ਜਾਵੇਗਾ, ਉਹ ਸਿਰਫ਼ ‘ਵੋਟ ਆਨ ਅਕਾਊਂਟ’ ਹੋਵੇਗਾ, ਕਿਉਂਕਿ ਅਸੀਂ ਚੋਣਾਂ ਦੀ ਤਿਆਰੀ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਜੋ ਬਜਟ ਪੇਸ਼ ਕਰੇਗੀ, ਉਹ ਸਿਰਫ਼ ਉਦੋਂ ਤਕ ਦੇ ਲਈ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਹੋਵੇਗਾ, ਜਦੋਂ ਤਕ ਨਵੀਂ ਸਰਕਾਰ ਨਹੀਂ ਬਣ ਜਾਂਦੀ। ਸੀਤਾਰਮਨ ਨੇ ਭਾਰਤੀ ਉਦਯੋਗ ਸੰਘ (ਸੀਆਈਆਈ) ਅਤੇ ਵਿੱਤ ਮੰਤਰਾਲੇ ਦੁਆਰਾ ਆਯੋਜਤ ਗਲੋਬਲ ਆਰਥਿਕ ਨੀਤੀ ਫੋਰਮ 2023 ਦੌਰਾਨ ਕਿਹਾ ਕਿ ਦੇਸ਼ ਉਦੋਂ 2024 ਦੀਆਂ ਗਰਮੀਆਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੋਵੇਗਾ। ਬਿ੍ਰਟਿਸ਼ ਪਰੰਪਰਾ ਦਾ ਪਾਲਣ ਕਰਦੇ ਹੋਏ 1 ਫ਼ਰਵਰੀ ਦੇ ਬਜਟ ਨੂੰ ‘ਵੋਟ ਆਨ ਅਕਾਉਂਟ’ ਕਿਹਾ ਜਾਵੇਗਾ।
ਸੀਤਾਰਮਨ ਨੇ ਕਿਹਾ, “ਉਸ (ਚੋਣਾਂ ਦੇ) ਸਮੇਂ (ਵੋਟ ਆਨ ਖਾਤੇ ’ਚ) ਕੋਈ ਵੱਡਾ ਐਲਾਨ ਨਹੀਂ ਹੁੰਦਾ ਹੈ। ਇਸ ਲਈ ਤੁਹਾਨੂੰ ਨਵੀਂ ਸਰਕਾਰ ਦੇ ਆਉਣ ਅਤੇ ਜੁਲਾਈ 2024 ਵਿਚ ਅਗਲਾ ਪੂਰਾ ਬਜਟ ਪੇਸ਼ ਕਰਨ ਤਕ ਦੀ ਉਡੀਕ ਕਰਨੀ ਪਵੇਗੀ। ਸੀਤਾਰਮਨ 1 ਫ਼ਰਵਰੀ, 2024 ਨੂੰ ਲੋਕ ਸਭਾ ਵਿਚ 1 ਅਪ੍ਰੈਲ, 2024 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2024-25 ਲਈ ਅੰਤਰਿਮ ਬਜਟ ਪੇਸ਼ ਕਰੇਗੀ। ਅੰਤਰਿਮ ਬਜਟ ਨੂੰ ‘ਵੋਟ ਆਨ ਅਕਾਊਂਟ’ ਵੀ ਕਿਹਾ ਜਾਂਦਾ ਹੈ। ਮੌਜੂਦਾ ਸਰਕਾਰ ਨੂੰ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣਨ ਤਕ ਦਾ ਖ਼ਰਚਾ ਦਿਤਾ ਜਾਵੇਗਾ।