
ਪਿਛਲੇ ਕੁਝ ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਹਿਸ਼ਤਗਰਦ ਐਲਾਨਿਆ ਜਾਣ ਵਾਲਾ ਚੌਥਾ ਵਿਅਕਤੀ ਹੈ ਡਾਰ
ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਆਸਿਫ਼ ਮਕਬੂਲ ਡਾਰ ਹੁਣ ਸਾਊਦੀ ਅਰਬ ਵਿੱਚ ਰਹਿੰਦਾ ਹੈ
ਨਵੀਂ ਦਿੱਲੀ :ਕੱਟੜਪੰਥੀ ਵਿਚਾਰਾਂ ਰਾਹੀਂ ਕਸ਼ਮੀਰੀ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਵਾਲੇ ਆਸਿਫ਼ ਮਕਬੂਲ ਡਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਹਿਸ਼ਤਗਰਦ/ਅਤਿਵਾਦੀ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਆਸਿਫ਼ ਮਕਬੂਲ ਡਾਰ ਹੁਣ ਸਾਊਦੀ ਅਰਬ ਵਿੱਚ ਰਹਿੰਦਾ ਹੈ।
ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਕਿ ਆਸਿਫ਼ ਮਕਬੂਲ ਡਾਰ ਕਸ਼ਮੀਰ ਘਾਟੀ ਦੇ ਨੌਜਵਾਨਾਂ ਨੂੰ ਭੜਕਾਉਣ ਅਤੇ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ।
ਡਾਰ ਪਿਛਲੇ ਕੁਝ ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਹਿਸ਼ਤਗਰਦ ਐਲਾਨਿਆ ਜਾਣ ਵਾਲਾ ਚੌਥਾ ਵਿਅਕਤੀ ਹੈ। ਡਾਰ ਪਾਬੰਦੀਸ਼ੁਦਾ ਅਤਿਵਾਦੀ ਗੁੱਟ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ ’ਤੇ ਪ੍ਰਮੁੱਖ ਕੱਟੜਪੰਥੀ ਵਿਅਕਤੀਆਂ ਵਿੱਚੋਂ ਇੱਕ ਹੈ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਸੁਰੱਖਿਆ ਬਲਾਂ ਵਿਰੁੱਧ ਹਥਿਆਰ ਚੁੱਕਣ ਲਈ ਉਕਸਾਉਣ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੈ।