Sheikh Hasina: ਸ਼ੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਬੰਗਲਾਦੇਸ਼ ਦੀਆਂ ਆਮ ਚੋਣਾਂ ਜਿੱਤੀਆਂ
Published : Jan 8, 2024, 7:08 pm IST
Updated : Jan 8, 2024, 7:08 pm IST
SHARE ARTICLE
 Sheikh Hasina
Sheikh Hasina

ਸ਼ੇਖ ਹਸੀਨਾ ਸਮਰਥਕਾਂ ਲਈ ‘ਆਇਰਨ ਲੇਡੀ‘, ਆਲੋਚਕਾਂ ਲਈ ‘ਤਾਨਾਸ਼ਾਹ’

 Sheikh Hasina: ਢਾਕਾ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਲਗਾਤਾਰ ਚੌਥੀ ਵਾਰ ਆਮ ਚੋਣਾਂ ’ਚ ਜਿੱਤ ਹਾਸਲ ਕਰ ਲਈ ਹੈ। ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਅਤੇ ਉਸ ਦੇ ਸਹਿਯੋਗੀਆਂ ਵਲੋਂ ਚੋਣਾਂ ਦੇ ਬਾਈਕਾਟ ਨੇ ਹਸੀਨਾ ਦੀ ਅਵਾਮੀ ਲੀਗ ਲਈ ਜਿੱਤ ਦਾ ਰਾਹ ਪੱਧਰਾ ਕਰ ਦਿਤਾ। 

ਮੀਡੀਆ ਰੀਪੋਰਟਾਂ ਮੁਤਾਬਕ ਹਸੀਨਾ ਦੀ ਪਾਰਟੀ ਨੇ 300 ਸੀਟਾਂ ਵਾਲੀ ਸੰਸਦ ’ਚ 223 ਸੀਟਾਂ ਜਿੱਤੀਆਂ ਹਨ। ਇਕ ਉਮੀਦਵਾਰ ਦੀ ਮੌਤ ਕਾਰਨ 299 ਸੀਟਾਂ ’ਤੇ ਚੋਣਾਂ ਹੋਈਆਂ ਸਨ। ਇਸ ਹਲਕੇ ’ਚ ਬਾਅਦ ’ਚ ਵੋਟਾਂ ਪੈਣਗੀਆਂ। ਮੁੱਖ ਵਿਰੋਧੀ ਜਾਤੀਆ ਪਾਰਟੀ ਨੂੰ 11, ਬੰਗਲਾਦੇਸ਼ ਕਲਿਆਣ ਪਾਰਟੀ ਨੇ ਇਕ ਅਤੇ ਆਜ਼ਾਦ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ। ‘ਜਾਤੀਆ ਸਮਾਜਤੰਤਰਿਕ ਦਲ’ ਅਤੇ ‘ਵਰਕਰਜ਼ ਪਾਰਟੀ ਆਫ ਬੰਗਲਾਦੇਸ਼’ ਨੇ ਇਕ-ਇਕ ਸੀਟ ਜਿੱਤੀ। 

ਅਵਾਮੀ ਲੀਗ ਪਾਰਟੀ ਦੀ ਮੁਖੀ ਹਸੀਨਾ (76) ਨੇ ਗੋਪਾਲਗੰਜ-3 ਸੀਟ ’ਤੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਸੰਸਦ ਮੈਂਬਰ ਵਜੋਂ ਇਹ ਉਨ੍ਹਾਂ ਦਾ ਅੱਠਵਾਂ ਕਾਰਜਕਾਲ ਹੈ। ਹਸੀਨਾ 2009 ਤੋਂ ਸੱਤਾ ਵਿਚ ਹੈ ਅਤੇ ਇਕਪਾਸੜ ਚੋਣਾਂ ਵਿਚ ਲਗਾਤਾਰ ਚੌਥੀ ਵਾਰ ਜਿੱਤੀ ਹੈ। ਜ਼ਿਕਰਯੋਗ ਹੈ ਕਿ 1991 ’ਚ ਲੋਕਤੰਤਰ ਦੀ ਬਹਾਲੀ ਤੋਂ ਬਾਅਦ ਇਸ ਵਾਰੀ ਦੂਜੀਆਂ ਸੱਭ ਤੋਂ ਘੱਟ ਵੋਟਾਂ ਪਈਆਂ। 

ਫਰਵਰੀ 1996 ਦੀਆਂ ਵਿਵਾਦਪੂਰਨ ਚੋਣਾਂ ’ਚ 26.5 ਫ਼ੀ ਸਦੀ ਵੋਟਿੰਗ ਹੋਈ, ਜੋ ਬੰਗਲਾਦੇਸ਼ ਦੇ ਇਤਿਹਾਸ ’ਚ ਸੱਭ ਤੋਂ ਘੱਟ ਸੀ। ਐਤਵਾਰ ਨੂੰ ਹੋਈਆਂ ਚੋਣਾਂ ’ਚ ਦੁਪਹਿਰ 3 ਵਜੇ ਤਕ 27.15 ਫੀ ਸਦੀ ਵੋਟਿੰਗ ਹੋਈ ਅਤੇ ਸ਼ਾਮ 4 ਵਜੇ ਤਕ ਵੋਟਿੰਗ ਪ੍ਰਕਿਰਿਆ ਖਤਮ ਹੋ ਗਈ। ਚੋਣ ਕਮਿਸ਼ਨ ਨੇ ਇਕ ਘੰਟੇ ’ਚ 13 ਫ਼ੀ ਸਦੀ ਦੇ ਵਾਧੇ ਨਾਲ ਕੁਲ 40 ਫ਼ੀ ਸਦੀ ਵੋਟਿੰਗ ਦਾ ਅਨੁਮਾਨ ਲਗਾਇਆ ਹੈ। 

ਇਸ ਜਿੱਤ ਨਾਲ ਹਸੀਨਾ ਆਜ਼ਾਦੀ ਤੋਂ ਬਾਅਦ ਬੰਗਲਾਦੇਸ਼ ’ਚ ਸੱਭ ਤੋਂ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹਿਣ ਦੇ ਰਾਹ ’ਤੇ ਹੈ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੀ.ਐਨ.ਪੀ. ਨੇ ਚੋਣਾਂ ਦਾ ਬਾਈਕਾਟ ਕੀਤਾ ਅਤੇ ਵੋਟਿੰਗ ਵਾਲੇ ਦਿਨ ਹੜਤਾਲ ’ਤੇ ਚਲੀ ਗਈ ਸੀ। ਪਾਰਟੀ ਨੇ ਮੰਗਲਵਾਰ ਤੋਂ ਸ਼ਾਂਤੀਪੂਰਨ ਜਨਤਕ ਭਾਗੀਦਾਰੀ ਪ੍ਰੋਗਰਾਮਾਂ ਰਾਹੀਂ ਅਪਣੇ ਸਰਕਾਰ ਵਿਰੋਧੀ ਅੰਦੋਲਨ ਨੂੰ ਤੇਜ਼ ਕਰਨ ਦੀ ਯੋਜਨਾ ਬਣਾਈ ਹੈ ਅਤੇ ਚੋਣਾਂ ਨੂੰ ਧੋਖਾਧੜੀ ਕਰਾਰ ਦਿਤਾ ਹੈ। (ਪੀਟੀਆਈ)

ਵਿਦੇਸ਼ੀ ਨਿਗਰਾਨਾਂ ਨੇ ਬੰਗਲਾਦੇਸ਼ ਦੀਆਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਦਸਿਆ 
ਢਾਕਾ : ਅਮਰੀਕਾ, ਕੈਨੇਡਾ, ਰੂਸ, ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਅਤੇ ਅਰਬ ਸੰਸਦ ਸਮੇਤ ਵਿਦੇਸ਼ੀ ਨਿਰੀਖਕਾਂ ਨੇ ਬੰਗਲਾਦੇਸ਼ ਵਿਚ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਦਸਿਆ ਹੈ। ਨਿਗਰਾਨਾਂ ਨੇ ਬੰਗਲਾਦੇਸ਼ ’ਚ ਚੋਣ ਪ੍ਰਕਿਰਿਆ ਦੀ ਸ਼ਲਾਘਾ ਕੀਤੀ। ਹਾਲਾਂਕਿ, ਉਨ੍ਹਾਂ ਵਿਚੋਂ ਇਕ ਨੇ ਕਾਰਜਕਾਰੀ ਸਰਕਾਰ ਦੇ ਅਧੀਨ ਚੋਣਾਂ ਕਰਵਾਉਣ ਨੂੰ ਲੋਕਤੰਤਰ ਵਿਰੋਧੀ ਦਸਿਆ।

ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੇ ਸੁਤੰਤਰ ਕਾਰਜਕਾਰੀ ਸਰਕਾਰ ਦੇ ਅਧੀਨ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਮੰਗ ਨੂੰ ਰੱਦ ਕਰ ਦਿਤਾ। ਇਸ ਤੋਂ ਬਾਅਦ ਬੀ.ਐਨ.ਪੀ. ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਦੇ ਆਬਜ਼ਰਵਰ ਸ਼ੌਕਤ ਮੋਸੇਲਮੈਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਸੁਤੰਤਰ ਅਤੇ ਨਿਰਪੱਖ ਸੀ। ਸੁਰੱਖਿਆ ਦੇ ਸਖਤ ਪ੍ਰਬੰਧ ਸਨ ਅਤੇ ਸਾਰਾ ਕੰਮ ਪਾਰਦਰਸ਼ੀ ਪ੍ਰਕਿਰਿਆ ਨਾਲ ਕੀਤਾ ਗਿਆ ਸੀ।

ਅਮਰੀਕਾ ਦੇ ਸਾਬਕਾ ਸੰਸਦ ਮੈਂਬਰ ਜਿਮ ਬੇਟਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਚੋਣਾਂ ਬਹੁਤ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਹੋਈਆਂ।’’
ਵਿਰੋਧੀ ਧਿਰ ਦੇ ਬਾਈਕਾਟ ਦੇ ਮੱਦੇਨਜ਼ਰ ਸਰਕਾਰ ਨੇ ਚੋਣਾਂ ਦਾ ਨਿਰੀਖਣ ਕਰਨ ਲਈ ਭਾਰਤ ਅਤੇ ਹੋਰ ਬਹੁਪੱਖੀ ਸੰਗਠਨਾਂ ਤੋਂ ਵੱਡੀ ਗਿਣਤੀ ਵਿਚ ਵਿਦੇਸ਼ੀ ਨਿਗਰਾਨਾਂ ਨੂੰ ਸੱਦਾ ਦਿਤਾ ਸੀ। ਨਿਗਰਾਨਾਂ ਨੇ ਢਾਕਾ ਅਤੇ ਇਸ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਵੀ ਦੌਰਾ ਕੀਤਾ।

ਅਮਰੀਕਨ ਗਲੋਬਲ ਸਟ੍ਰੈਟਜੀਜ਼ ਦੇ ਸੀ.ਈ.ਓ. ਅਲੈਗਜ਼ੈਂਡਰ ਬੀ ਗ੍ਰੇ ਨੇ ਅਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਇਹ ਵੇਖਣ ਲਈ ਮੌਕੇ ’ਤੇ ਗਿਆ ਸੀ ਕਿ ਚੋਣਾਂ ਸੁਤੰਤਰ, ਨਿਰਪੱਖ ਅਤੇ ਪੇਸ਼ੇਵਰ ਤਰੀਕੇ ਨਾਲ ਕਰਵਾਈਆਂ ਗਈਆਂ ਸਨ। ਇਸ ਨਾਲ ਵੋਟਰਾਂ, ਪੋਲਿੰਗ ਸਟਾਫ ਅਤੇ ਹੋਰਾਂ ਵਿਚ ਬਹੁਤ ਉਤਸ਼ਾਹ ਪੈਦਾ ਹੋਇਆ ਹੈ।’’

ਸ਼ੇਖ ਹਸੀਨਾ ਸਮਰਥਕਾਂ ਲਈ ‘ਆਇਰਨ ਲੇਡੀ‘, ਆਲੋਚਕਾਂ ਲਈ ‘ਤਾਨਾਸ਼ਾਹ’
ਢਾਕਾ: ਬੰਗਲਾਦੇਸ਼ ’ਚ ਕਦੇ ਵਿਕਾਸ ਨੂੰ ਤੇਜ਼ ਕਰਨ ਅਤੇ ਕਦੇ ਫੌਜੀ ਸ਼ਾਸਨ ਅਧੀਨ ਰਹੇ ਦੇਸ਼ ਨੂੰ ਸਥਿਰਤਾ ਦੇਣ ਲਈ ਸ਼ੇਖ ਹਸੀਨਾ ਨੂੰ ‘ਆਇਰਨ ਲੇਡੀ’ ਕਹਿ ਕੇ ਤਾਰੀਫ਼ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੇ ਆਲੋਚਕ ਅਤੇ ਵਿਰੋਧੀ ਉਨ੍ਹਾਂ ਨੂੰ ‘ਤਾਨਾਸ਼ਾਹ’ ਨੇਤਾ ਕਹਿੰਦੇ ਹਨ। ਅਵਾਮੀ ਲੀਗ ਪਾਰਟੀ ਦੀ ਮੁਖੀ ਸ਼ੇਖ ਹਸੀਨਾ (76) ਦੁਨੀਆਂ ਦੀ ਸੱਭ ਤੋਂ ਲੰਮੇ ਸਮੇਂ ਤਕ ਸੇਵਾ ਕਰਨ ਵਾਲੀਆਂ ਮਹਿਲਾ ਮੁਖੀਆਂ ਵਿਚੋਂ ਇਕ ਹੈ। 

ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਹਸੀਨਾ 2009 ਤੋਂ ਰਣਨੀਤਕ ਤੌਰ ’ਤੇ ਮਹੱਤਵਪੂਰਨ ਦਖਣੀ ਏਸ਼ੀਆਈ ਦੇਸ਼ ’ਤੇ ਰਾਜ ਕਰ ਰਹੀ ਹੈ ਅਤੇ ਹਾਲ ਹੀ ’ਚ ਹੋਈਆਂ ਇਕਪਾਸੜ ਵਿਵਾਦਪੂਰਨ ਚੋਣਾਂ ’ਚ ਉਨ੍ਹਾਂ ਦੀ ਜਿੱਤ ਸੱਤਾ ’ਤੇ ਉਨ੍ਹਾਂ ਦੀ ਪਕੜ ਮਜ਼ਬੂਤ ਕਰੇਗੀ। ਚੋਣਾਂ ਤੋਂ ਪਹਿਲਾਂ ਹਿੰਸਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਪਾਰਟੀ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਅਤੇ ਉਸ ਦੇ ਸਹਿਯੋਗੀਆਂ ਨੇ ਐਤਵਾਰ ਨੂੰ 12ਵੀਂ ਆਮ ਚੋਣਾਂ ਦਾ ਬਾਈਕਾਟ ਕੀਤਾ, ਨਤੀਜਿਆਂ ਨੇ ਹਸੀਨਾ ਦੀ ਪਾਰਟੀ ਨੂੰ ਲਗਾਤਾਰ ਚੌਥੀ ਵਾਰ ਅਤੇ ਕੁਲ ਮਿਲਾ ਕੇ ਪੰਜਵੀਂ ਵਾਰ ਜਿੱਤ ਦਿਵਾਈ। 

ਸਤੰਬਰ 1947 ’ਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ’ਚ ਜਨਮੀ ਹਸੀਨਾ 1960 ਦੇ ਦਹਾਕੇ ਦੇ ਅਖੀਰ ’ਚ ਢਾਕਾ ਯੂਨੀਵਰਸਿਟੀ ’ਚ ਪੜ੍ਹਦੇ ਹੋਏ ਰਾਜਨੀਤੀ ’ਚ ਸਰਗਰਮ ਹੋ ਗਈ ਸੀ। ਉਨ੍ਹਾਂ ਨੇ ਅਪਣੇ ਪਿਤਾ ਦੀਆਂ ਸਿਆਸੀ ਗਤੀਵਿਧੀਆਂ ਦੀ ਵਾਗਡੋਰ ਸੰਭਾਲੀ ਜਦੋਂ ਰਹਿਮਾਨ ਨੂੰ ਪਾਕਿਸਤਾਨੀ ਸਰਕਾਰ ਨੇ ਕੈਦ ਕਰ ਲਿਆ ਸੀ। 

1971 ਵਿਚ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੇਸ਼ ਦੇ ਰਾਸ਼ਟਰਪਤੀ ਅਤੇ ਫਿਰ ਪ੍ਰਧਾਨ ਮੰਤਰੀ ਬਣੇ। ਅਗੱਸਤ 1975 ਵਿਚ ਰਹਿਮਾਨ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਦਾ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਵਿਚ ਕਤਲ ਕਰ ਦਿਤਾ ਸੀ। 
ਹਸੀਨਾ ਅਤੇ ਉਸ ਦੀ ਛੋਟੀ ਭੈਣ ਸ਼ੇਖ ਰੇਹਾਨਾ ਹਮਲੇ ਵਿਚ ਬਚ ਗਏ ਕਿਉਂਕਿ ਉਹ ਵਿਦੇਸ਼ ਵਿਚ ਸਨ। ਹਸੀਨਾ ਨੇ ਭਾਰਤ ’ਚ 6 ਸਾਲ ਜਲਾਵਤਨ ’ਚ ਬਿਤਾਏ ਅਤੇ ਬਾਅਦ ’ਚ ਉਨ੍ਹਾਂ ਨੂੰ ਅਵਾਮੀ ਲੀਗ ਦਾ ਨੇਤਾ ਚੁਣਿਆ ਗਿਆ। 

1981 ਵਿਚ, ਹਸੀਨਾ ਦੇਸ਼ ਵਾਪਸ ਆ ਗਈ ਅਤੇ ਫੌਜੀ ਸ਼ਾਸਨ ਵਾਲੇ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਲਈ ਅਪਣੀ ਆਵਾਜ਼ ਬੁਲੰਦ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਕਈ ਮੌਕਿਆਂ ’ਤੇ ਨਜ਼ਰਬੰਦ ਕਰਨਾ ਪਿਆ। 1991 ਦੀਆਂ ਆਮ ਚੋਣਾਂ ’ਚ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਬਹੁਮਤ ਹਾਸਲ ਕਰਨ ’ਚ ਅਸਫਲ ਰਹੀ। ਉਨ੍ਹਾਂ ਦੀ ਵਿਰੋਧੀ ਬੀ.ਐਨ.ਪੀ. ਨੇਤਾ ਖਾਲਿਦਾ ਜ਼ਿਆ ਪ੍ਰਧਾਨ ਮੰਤਰੀ ਬਣੀ। 

ਪੰਜ ਸਾਲ ਬਾਅਦ, 1996 ਦੀਆਂ ਆਮ ਚੋਣਾਂ ਵਿੱਚ, ਹਸੀਨਾ ਪ੍ਰਧਾਨ ਮੰਤਰੀ ਚੁਣੀ ਗਈ। ਹਸੀਨਾ ਨੂੰ 2001 ਦੀਆਂ ਚੋਣਾਂ ਵਿਚ ਸੱਤਾ ਤੋਂ ਬਾਹਰ ਕਰ ਦਿਤਾ ਗਿਆ ਸੀ ਪਰ 2008 ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਨਾਲ ਸੱਤਾ ਵਿਚ ਵਾਪਸੀ ਕੀਤੀ ਸੀ। ਸਾਲ 2004 ’ਚ ਹਸੀਨਾ ਦੀ ਰੈਲੀ ’ਚ ਗ੍ਰਨੇਡ ਧਮਾਕਾ ਹੋਇਆ ਸੀ, ਜਿਸ ’ਚ ਉਹ ਬਚ ਗਈ ਸੀ। 

ਸੱਤਾ ’ਚ ਆਉਣ ਤੋਂ ਤੁਰਤ ਬਾਅਦ 2009 ’ਚ ਹਸੀਨਾ ਨੇ 1971 ਦੇ ਜੰਗੀ ਅਪਰਾਧਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਇਕ ਟ੍ਰਿਬਿਊਨਲ ਦਾ ਗਠਨ ਕੀਤਾ ਸੀ। ਟ੍ਰਿਬਿਊਨਲ ਨੇ ਵਿਰੋਧੀ ਧਿਰ ਦੇ ਕੁੱਝ ਸੀਨੀਅਰ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ, ਜਿਸ ਕਾਰਨ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਹਸੀਨਾ ਇਕ ਬੇਟੀ ਅਤੇ ਇਕ ਬੇਟੇ ਦੀ ਮਾਂ ਹੈ। ਉਨ੍ਹਾਂ ਦੀ ਬੇਟੀ ਮਨੋਚਿਕਿਤਸਕ ਹੈ ਜਦਕਿ ਬੇਟਾ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਮਾਹਰ ਹੈ। ਹਸੀਨਾ ਦੇ ਪਤੀ ਦੀ 2009 ’ਚ ਮੌਤ ਹੋ ਗਈ ਸੀ। 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement