ਸੰਪ੍ਰੀਤਾ ਚੌਧਰੀ ਸਾਨਿਆਲ ਵਜੋਂ ਹੋਈ ਮ੍ਰਿਤਕ ਦੀ ਪਛਾਣ
BLO dies in West Bengal news: ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਇਕ ਬੂਥ ਪੱਧਰ ਦੀ ਅਧਿਕਾਰੀ (ਬੀ.ਐੱਲ.ਓ.) ਦੀ ਬੁਧਵਾਰ ਨੂੰ ਮੌਤ ਹੋ ਗਈ। ਉਸ ਦੇ ਪਰਵਾਰਕ ਜੀਆਂ ਨੇ ਦੋਸ਼ ਲਾਇਆ ਕਿ ਉਹ ਸੂਬੇ ’ਚ ਵੋਟਰ ਸੂਚੀਆਂ ’ਚ ਚੱਲ ਰਹੀ ਵਿਸ਼ੇਸ਼ ਸੋਧ (ਐੱਸ.ਆਈ.ਆਰ.) ’ਚ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਤਣਾਅ ’ਚ ਸੀ।
ਮਿ੍ਰਤਕ ਦੀ ਪਛਾਣ ਸੰਪ੍ਰੀਤਾ ਚੌਧਰੀ ਸਾਨਿਆਲ ਵਜੋਂ ਹੋਈ ਹੈ। ਉਸ ਦੇ ਪਤੀ ਨੇ ਕਿਹਾ ਕਿ ਉਹ ਕੁੱਝ ਦਿਨਾਂ ਤੋਂ ਬਿਮਾਰ ਸੀ ਅਤੇ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿਤੀ ਸੀ, ਪਰ ਉਸ ਨੇ ਵੋਟਰ ਸੂਚੀ ਸੋਧ ਅਭਿਆਸ ਲਈ ਕੰਮ ਕਰਨਾ ਜਾਰੀ ਰੱਖਿਆ।
ਉਨ੍ਹਾਂ ਕਿਹਾ, ‘‘ਐਸ.ਆਈ.ਆਰ. ਦੇ ਕੰਮ ਦਾ ਬੋਝ ਵਧਣ ਨਾਲ ਉਸ ਦੀ ਹਾਲਤ ਵਿਗੜ ਗਈ। ਬੁਧਵਾਰ ਤੜਕੇ ਸਾਡੀ ਰਿਹਾਇਸ਼ ਉਤੇ ਉਸ ਦੀ ਮੌਤ ਹੋ ਗਈ।’’ ਤਿ੍ਰਣਮੂਲ ਕਾਂਗਰਸ ਦੀ ਕੌਂਸਲਰ ਗਾਇਤਰੀ ਘੋਸ਼ ਨੇ ਪਰਵਾਰ ਨੂੰ ਮਿਲਿਆ ਅਤੇ ਦੋਸ਼ ਲਾਇਆ ਕਿ ‘ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਬਹੁਤ ਜ਼ਿਆਦਾ ਦਬਾਅ ਬੀ.ਐਲ.ਓ. ਦੀ ਸਿਹਤ ਨੂੰ ਪ੍ਰਭਾਵਤ ਕਰ ਰਿਹਾ ਹੈ।’ ਭਾਜਪਾ ਦਖਣੀ ਮਾਲਦਾ ਦੇ ਸੰਗਠਨ ਜ਼ਿਲ੍ਹਾ ਪ੍ਰਧਾਨ ਅਜੈ ਗੰਗੋਪਾਧਿਆਏ ਨੇ ਕਿਹਾ, ‘‘ਕੋਈ ਵੀ ਮੌਤ ਮੰਦਭਾਗੀ ਹੈ, ਪਰ ਚੋਣ ਕਮਿਸ਼ਨ ਉਤੇ ਸਾਰਾ ਦੋਸ਼ ਲਗਾਉਣਾ ਸਹੀ ਨਹੀਂ ਹੈ।’’
