
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਦੇਸ਼ ਦਾ ਖ਼ਜ਼ਾਨਾ ਚੋਰੀ ਕਰ ਕੇ ਭਾਜਪਾ ਦੇ ਫ਼ੰਡ ਵਿਚ ਦੇਣ ਦਾ ਦੋਸ਼...
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਦੇਸ਼ ਦਾ ਖ਼ਜ਼ਾਨਾ ਚੋਰੀ ਕਰ ਕੇ ਭਾਜਪਾ ਦੇ ਫ਼ੰਡ ਵਿਚ ਦੇਣ ਦਾ ਦੋਸ਼ ਲਾਇਆ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਰਾਫ਼ੇਲ ਸੌਦੇ ਦੀਆਂ ਫ਼ਾਈਲਾਂ ਨਹੀਂ ਬਚਾ ਸਕੇ, ਉਸ ਦੇਸ਼ ਦੀ ਕੀ ਰਾਖੀ ਕਰਨਗੇ? ਮਮਤਾ ਨੇ ਕਿਹਾ, 'ਕੇਂਦਰ ਸਰਕਾਰ ਨੇ ਇਸ ਦੇਸ਼ ਦਾ ਖ਼ਜ਼ਾਨਾ ਚੋਰੀ ਕਰ ਲਿਆ ਹੈ ਅਤੇ ਇਸ ਦੀ ਵਰਤੋਂ ਅਪਣੀ ਪਾਰਟੀ ਦੇ ਫ਼ੰਡ ਵਾਸਤੇ ਕੀਤੀ ਜਾ ਰਹੀ ਹੈ। ਆਖ਼ਰ ਭਾਜਪਾ ਕੋਲ ਏਨਾ ਪੈਸਾ ਕਿਥੋਂ ਆ ਰਿਹਾ ਹੈ ਕਿ ਉਹ ਅਪਣੇ ਕਾਡਰ ਲਈ ਮੋਟਰਸਾਈਕਲਾਂ ਖ਼ਰੀਦ ਰਹੀ ਹੈ, ਅਸੀਂ ਮੂਰਖ ਨਹੀਂ ਹਾਂ, ਅਸੀਂ ਸੱਭ ਸਮਝਦੇ ਹਾਂ।'
ਅਸੰਨ ਲੋਕ ਸਭਾ ਚੋਣ ਲਈ ਅਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਸ਼ੁਰੂ ਕਰਦਿਆਂ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਦਾਅਵਾ ਕੀਤਾ ਕਿ ਚੋਣਾਂ ਮਗਰੋਂ ਦੇਸ਼ ਨੂੰ ਨਵੀਂ ਤੇ ਲੋਕਾਂ ਦੀ ਸਰਕਾਰ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸ਼ਾਸਨ ਕਾਲ ਵਿਚ ਕਸ਼ਮੀਰ ਵਿਚ ਅਤਿਵਾਦੀ ਘਟਨਾਵਾਂ ਵਿਚ 260 ਫ਼ੀ ਸਦੀ ਵਾਧਾ ਹੋਇਆ ਹੈ ਅਤੇ ਘਾਟੀ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਅਮਨ ਨਹੀਂ ਲਿਆ ਸਕਦੀ ਕਿਉਂਕਿ ਇਸ ਦੀ ਮਿਆਦ ਨਿਕਲ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਬਣਨ ਵਾਲੀ ਨਵੀਂ ਸਰਕਾਰ ਕਸ਼ਮੀਰ ਵਿਚ ਸ਼ਾਂਤੀ ਤੇ ਸਥਿਰਤਾ ਲਿਆਏਗੀ।
ਉਨ੍ਹਾਂ ਰਾਫ਼ੇਲ ਮਾਮਲੇ ਦੀਆਂ ਫ਼ਾਈਲਾਂ ਸਾਂਭਣ ਵਿਚ ਨਾਕਾਮ ਰਹੀ ਮੋਦੀ ਸਰਕਾਰ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਸਰਕਾਰ ਦੇਸ਼ ਦੀ ਰਾਖੀ ਕਿਵੇਂ ਕਰੇਗੀ ਜਿਹੜੇ ਰਾਫ਼ੇਲ ਫ਼ਾਈਲਾਂ ਦੀ ਰਾਖੀ ਨਹੀਂ ਕਰ ਸਕਦੀ। ਇਸ ਵੇਲੇ ਪਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੇ 34 ਸੰਸਦ ਮੈਂਬਰ ਹਨ। ਕਾਂਗਰਸ ਦੇ ਚਾਰ, ਸੀਪੀਐਮ ਅਤੇ ਭਾਜਪਾ ਦੇ ਦੋ-ਦੋ ਹਨ। (ਏਜੰਸੀ)