
ਸੰਯੁਕਤ ਰਾਸ਼ਟਰ : ਨੌਕਰੀਆਂ ਦੇ ਮਾਮਲੇ ਵਿਚ ਔਰਤਾਂ ਪੁਰਸ਼ਾਂ ਨਾਲੋਂ ਹਾਲੇ ਵੀ ਕਾਫ਼ੀ ਪਿੱਛੇ ਹਨ। ਦੁਨੀਆਂ ਭਰ ਵਿਚ ਸਿਖਰਲੇ ਅਹੁਦਿਆਂ 'ਤੇ ਔਰਤਾਂ ਦੀ ਮੌਜੂਦਗੀ ਹਾਲੇ ਵੀ...
ਸੰਯੁਕਤ ਰਾਸ਼ਟਰ : ਨੌਕਰੀਆਂ ਦੇ ਮਾਮਲੇ ਵਿਚ ਔਰਤਾਂ ਪੁਰਸ਼ਾਂ ਨਾਲੋਂ ਹਾਲੇ ਵੀ ਕਾਫ਼ੀ ਪਿੱਛੇ ਹਨ। ਦੁਨੀਆਂ ਭਰ ਵਿਚ ਸਿਖਰਲੇ ਅਹੁਦਿਆਂ 'ਤੇ ਔਰਤਾਂ ਦੀ ਮੌਜੂਦਗੀ ਹਾਲੇ ਵੀ ਘੱਟ ਹੈ ਅਤੇ ਉਨ੍ਹਾਂ ਨੂੰ ਮਾਵਾਂ ਹੋਣ ਨਾਤੇ ਨੁਕਸਾਨ ਵੀ ਝਲਣਾ ਪੈਂਦਾ ਹੈ। ਇਹ ਗੱਲ ਸੰਯੁਕਤ ਰਾਸ਼ਟਰ ਦੀ ਰੀਪੋਰਟ ਵਿਚ ਕਹੀ ਗਈ ਹੈ। ਰੀਪੋਰਟ ਕਹਿੰਦੀ ਹੈ ਕਿ ਭਾਰਤ ਵਿਚ ਪ੍ਰਬੰਧਕੀ ਪੱਧਰ 'ਤੇ ਉਨ੍ਹਾਂ ਔਰਤਾਂ ਦੀ ਗਿਣਤੀ ਸਿਰਫ਼ 10 ਫ਼ੀ ਸਦੀ ਹੈ ਜਿਨ੍ਹਾਂ ਦੇ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਦੂਜੇ ਪਾਸੇ, ਪੁਰਸ਼ਾਂ ਦੇ ਮਾਮਲੇ ਵਿਚ ਇਹ ਗਿਣਤੀ ਕਰੀਬ 90 ਫ਼ੀ ਸਦੀ ਹੈ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਸਾਰਿਆਂ ਲਈ ਕੰਮ ਦੇ ਬਿਹਤਰ ਭਵਿੱਖ ਹਿੱਤ ਔਰਤ-ਪੁਰਸ਼ ਬਰਾਬਰੀ ਵਾਸਤੇ ਲੰਮੀ ਛਲਾਂਗ' ਸਿਰਲੇਖ ਨਾਲ ਜਾਰੀ ਅੰਤਰਰਾਸ਼ਟਰੀ ਕਿਰਤ ਜਥੇਬੰਦੀ (ਆਈਐਲਓ) ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ 1990 ਦੇ ਦਹਾਕੇ ਤੋਂ ਔਰਤਾਂ ਲਈ ਰੁਜ਼ਗਾਰ ਦੇ ਮੌਕਿਆਂ ਵਿਚ ਨਾਮਾਤਰ ਵਾਧਾ ਹੋਇਆ ਹੈ। ਰੀਪੋਰਟ ਮੁਤਾਬਕ ਸਿਖਰਲੇ ਅਹੁਦਿਆਂ 'ਤੇ ਔਰਤਾਂ ਦੀ ਗਿਣਤੀ ਹਾਲੇ ਵੀ ਘੱਟ ਹੈ। ਪਿਛਲੇ 30 ਸਾਲ ਤੋਂ ਹਾਲਤ ਬਹੁਤ ਘੱਟ ਬਦਲੀ ਹੈ।
ਕਿਹਾ ਗਿਆ ਹੈ, 'ਔਰਤਾਂ ਕੋਲ ਪੁਰਸ਼ਾਂ ਮੁਕਾਬਲੇ ਬਿਹਤਰ ਵਿਦਿਅਕ ਡਿਗਰੀ ਹੋਣ ਦੇ ਬਾਵਜੂਦ ਇਹ ਹਾਲਤ ਹੈ, ਔਰਤਾਂ ਲਈ ਰੁਜ਼ਗਾਰ ਦੇ ਘੱਟ ਮੌਕੇ ਅਤੇ ਘੱਟ ਤਨਖ਼ਾਹ ਲਈ ਸਿਖਿਆ ਮੁੱਖ ਕਾਰਨ ਨਹੀਂ ਹੈ ਸਗੋਂ ਔਰਤਾਂ ਨੂੰ ਅਪਣੀ ਪੜ੍ਹਾਈ-ਲਿਖਾਈ ਦਾ ਓਨਾ ਲਾਭ ਨਹੀਂ ਮਿਲਦਾ ਜਿੰਨਾ ਪੁਰਸ਼ਾਂ ਨੂੰ ਮਿਲਦਾ ਹੈ।' ਔਰਤਾਂ ਨੂੰ ਘਰ ਵਿਚ ਬੱਚੇ ਹੋਣ ਦਾ ਵੀ ਨੁਕਸਾਨ ਝਲਣਾ ਪੈਂਦਾ ਹੈ। (ਏਜੰਸੀ)