
ਕਸ਼ਮੀਰ ਵਾਦੀ ਵਿਚ ਈਦ-ਉਲ-ਫ਼ਿਤਰ ਦੀ ਨਮਾਜ਼ ਤੋਂ ਬਾਅਦ ਕੁੱਝ ਇਲਾਕਿਆਂ 'ਚ ਸੁਰੱਖਿਆ ਬਲਾਂ ਅਤੇ ਵਿਖਾਵਾਕਾਰੀਆਂ ਦਰਮਿਆਨ ਪਥਰਾਅ ਅਤੇ ਝੜਪਾਂ ਦੀਆਂ ਘਟਨਾਵਾਂ ਵਿਚ....
ਸ੍ਰੀਨਗਰ, 26 ਜੂਨ : ਕਸ਼ਮੀਰ ਵਾਦੀ ਵਿਚ ਈਦ-ਉਲ-ਫ਼ਿਤਰ ਦੀ ਨਮਾਜ਼ ਤੋਂ ਬਾਅਦ ਕੁੱਝ ਇਲਾਕਿਆਂ 'ਚ ਸੁਰੱਖਿਆ ਬਲਾਂ ਅਤੇ ਵਿਖਾਵਾਕਾਰੀਆਂ ਦਰਮਿਆਨ ਪਥਰਾਅ ਅਤੇ ਝੜਪਾਂ ਦੀਆਂ ਘਟਨਾਵਾਂ ਵਿਚ ਘਟੋ-ਘੱਟ 10 ਜਣੇ ਜ਼ਖ਼ਮੀ ਹੋ ਗਏ।
ਪੁਲਿਸ ਨੇ ਦਸਿਆ ਕਿ ਸੋਪੋਰ, ਅਨੰਤਨਾਗ, ਸ਼ੋਪੀਆਂ, ਕੁਲਗਾਮ ਅਤੇ ਰਾਜਪੁਰਾ ਇਲਾਕੇ ਵਿਚ ਵਿਖਾਵਾਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪਾਂ ਹੋਈਆਂ। ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਲਾਠੀਚਾਰਜ ਕੀਤਾ ਗਿਆ। ਅਨੰਤਨਾਗ ਕਸਬੇ ਦੇ ਜੰਗਲਾਤ ਮੰਡੀ ਇਲਾਕੇ ਵਿਚ ਈਦ ਦੀ ਨਮਾਜ਼ ਤੋਂ ਤੁਰਤ ਮਗਰੋਂ ਵਿਖਾਵਾਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕਰ ਦਿਤਾ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸਬਰ ਤੋਂ ਕੰਮ ਲਿਆ ਅਤੇ ਪਾਣੀ ਨੱਕ ਤੋਂ ਉਪਰ ਜਾਣ ਪਿੱਛੋਂ ਹੀ ਕਾਰਵਾਈ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਹਜ਼ਰਤਬਲ ਮਸਜਿਦ ਵਿਚ ਸੱਭ ਤੋਂ ਜ਼ਿਆਦਾ 50 ਹਜ਼ਾਰ ਲੋਕ ਪੁੱਜੇ ਅਤੇ ਨਮਾਜ਼ ਪੜ੍ਹੀ। ਪੁਰਾਣੇ ਸ਼ਹਿਰ ਦੀ ਈਦਗਾਹ ਵਿਚ ਲਗਭਗ 40 ਹਜ਼ਾਰ ਲੋਕਾਂ ਨੇ ਨਮਾਜ਼ ਪੜ੍ਹੀ। ਰਮਜ਼ਾਨ ਵਿਚ ਇਕ ਮਹੀਨੇ ਤਕ ਰੋਜ਼ੇ ਰੱਖਣ ਮਗਰੋਂ ਮੁਸਲਮਾਨਾਂ ਨੇ ਅੱਜ ਸਵੇਰੇ ਵਿਸ਼ੇਸ਼ ਨਮਾਜ਼ ਪੜ੍ਹੀ।
ਈਦ ਮੌਕੇ ਹਿੰਸਾ ਭੜਕਣ ਦੇ ਡਰ ਕਾਰਨ ਵੱਖਵਾਦੀ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫ਼ਾਰੂਕ ਅਤੇ ਹੋਰਨਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿਤਾ ਗਿਆ ਸੀ। ਇਸ ਤੋਂ ਇਲਾਵਾ ਜੇ.ਕੇ.ਐਲ.ਐਫ਼. ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਅਹਿਤਿਆਤ ਵਜੋਂ ਹਿਰਾਸਤ ਵਿਚ ਲੈ ਕੇ ਸ੍ਰੀਨਗਰ ਦੀ ਕੇਂਦਰੀ ਜੇਲ ਵਿਚ ਲਿਜਾਇਆ ਗਿਆ। (ਪੀਟੀਆਈ)