
ਮੱਧ ਪ੍ਰਦੇਸ਼ ਵਿਚ ਵਿਖਾਵਾਕਾਰੀ ਕਿਸਾਨਾਂ ਦੀ ਪੁਲਿਸ ਗੋਲੀ ਨਾਲ ਮੌਤ ਪਿੱਛੋਂ ਭੜਕੀ ਹਿੰਸਾ ਪਿੱਛੋਂ ਹਾਲਾਤ ਕਾਬੂ ਹੇਠ ਹਨ ਪਰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ..
ਮੰਦਸੌਰ, 8 ਜੂਨ : ਮੱਧ ਪ੍ਰਦੇਸ਼ ਵਿਚ ਵਿਖਾਵਾਕਾਰੀ ਕਿਸਾਨਾਂ ਦੀ ਪੁਲਿਸ ਗੋਲੀ ਨਾਲ ਮੌਤ ਪਿੱਛੋਂ ਭੜਕੀ ਹਿੰਸਾ ਪਿੱਛੋਂ ਹਾਲਾਤ ਕਾਬੂ ਹੇਠ ਹਨ ਪਰ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਫੇਰੀ ਨੇ ਸਿਆਸੀ ਮਾਹੌਲ ਭਖਾ ਦਿਤਾ।
ਰਾਹੁਲ ਨੇ ਦੇਰ ਸ਼ਾਮ ਮੱਧ ਪ੍ਰਦੇਸ਼-ਰਾਜਸਥਾਨ ਦੀ ਸਰਹੱਦ 'ਤੇ ਚਿਤੌੜਗੜ੍ਹ ਵਿਖੇ ਪੀੜਤ ਕਿਸਾਨ ਪਰਵਾਰਾਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਪਹਿਲਾਂ ਪੀੜਤ ਕਿਸਾਨ ਪਰਵਾਰਾਂ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਨੂੰ ਜਨਤਾ ਦਲ-ਯੂ ਦੇ ਸ਼ਰਦ ਯਾਦਵ ਅਤੇ 250 ਹਮਾਇਤੀਆਂ ਸਮੇਤ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ ਵਿਚ ਨਿਜੀ ਜ਼ਮਾਨਤ 'ਤੇ ਰਿਹਾਅ ਦਿਤਾ ਗਿਆ। ਕਾਂਗਰਸ ਦੇ ਮੀਤ ਪ੍ਰਧਾਨ ਨੇ ਮੰਦਸੌਰ ਵਿਚ ਕਿਸਾਨਾਂ ਦੀ ਮੌਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੋਦੀ ਅਮੀਰਾਂ ਦੇ ਕਰਜ਼ ਮੁਆਫ਼ ਕਰ ਸਕਦੇ ਹਨ ਪਰ ਕਿਸਾਨਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਕਰ ਸਕਦੇ।
ਰਾਹੁਲ ਗਾਂਧੀ ਨੇ ਪੁਲਿਸ ਹਿਰਾਸਤ ਵਿਚ ਲਏ ਜਾਣ ਤੋਂ ਐਨ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਮੋਦੀ ਨੇ ਅਮੀਰਾਂ ਦੇ 1.50 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿਤੇ ਪਰ ਕਿਸਾਨਾਂ ਦਾ ਦੁਖ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਹ ਕਿਸਾਨਾਂ ਨੂੰ ਖੇਤੀ ਜਿਣਸਾਂ ਦਾ ਵਾਜਬ ਮੁੱਲ ਨਹੀਂ ਦੇ ਸਕਦੇ, ਉਨ੍ਹਾਂ ਨੂੰ ਬੋਨਸ ਨਹੀਂ ਦੇ ਸਕਦੇ, ਕੋਈ ਮੁਆਵਜ਼ਾ ਨਹੀਂ ਦੇ ਸਕਦੇ ਅਤੇ ਸਿਰਫ਼ ਗੋਲੀ ਦੇ ਸਕਦੇ ਹਨ।'' ਰਾਹੁਲ ਗਾਂਧੀ ਨਾਲ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ, ਕਮਲਨਾਥ, ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਮੌਜੂਦ ਸਨ। ਪੁਲਿਸ ਰੋਕਾਂ ਕਾਰਨ ਰਾਹੁਲ ਗਾਂਧੀ ਨੇ ਅਪਣੀ ਕਾਰ ਛੱਡ ਕੇ ਮੋਟਰਸਾਈਕਲ ਰਾਹੀਂ ਬਦਲਵੇਂ ਰਾਹ ਤੋਂ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੂੰ ਇਸ ਦੀ ਭਿਣਕ ਲੱਗ ਗਈ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖੇਤਾਂ ਵਲ ਚਲੇ ਗਏ। (ਪੀਟੀਆਈ) -