Editorial: ਭਗਦੜ ਕਾਂਡ ਨੇ ਗਰਮਾਈ ਸਟਾਲਿਨੀ ਸਿਆਸਤ

By : NIMRAT

Published : Oct 1, 2025, 6:58 am IST
Updated : Oct 1, 2025, 6:58 am IST
SHARE ARTICLE
Editorial: Stampede incident heats up Stalinist politics
Editorial: Stampede incident heats up Stalinist politics

ਦਰਜ ਐਫ਼.ਆਈ.ਆਰ. 'ਚ ਸ਼ਾਮਲ ਤਾਮਿਲ ਫ਼ਿਲਮ ਅਭਿਨੇਤਾ ਵਿਜੈ ਖ਼ਿਲਾਫ਼ ਕੁਝ ਗੰਭੀਰ ਦੋਸ਼ ਲਾਏ ਹਨ।

Stampede incident heats up Stalinist politics Editorial: ​ਤਾਮਿਲ ਨਾਡੂ ਪੁਲੀਸ ਨੇ ਕਰੂਰ ਜ਼ਿਲ੍ਹੇ ਦੇ ਕਸਬਾ ਵੇਲੂਸੇਮੀਪੁਰਮ ਵਿਚ ਸ਼ਨਿਚਰਵਾਰ ਨੂੰ ਮਚੀ ਭਗਦੜ ਦੇ ਸਿਲਸਿਲੇ ਵਿਚ ਦਰਜ ਐਫ਼.ਆਈ.ਆਰ. ’ਚ ਸ਼ਾਮਲ ਤਾਮਿਲ ਫ਼ਿਲਮ ਅਭਿਨੇਤਾ ਵਿਜੈ ਖ਼ਿਲਾਫ਼ ਕੁਝ ਗੰਭੀਰ ਦੋਸ਼ ਲਾਏ ਹਨ, ਪਰ ਉਸ ਨੂੰ ਮੁਲਜ਼ਮਾਂ ਵਿਚ ਸ਼ਾਮਲ ਨਹੀਂ ਕੀਤਾ। ਮੁਲਜ਼ਮਾਂ ਦੀ ਸੂਚੀ ਵਿਚ ਵਿਜੈ ਵਲੋਂ ਬਣਾਈ ਸਿਆਸੀ ਪਾਰਟੀ ਟੀ.ਵੀ.ਕੇ. (ਤਾਮਿਲਾਗਾ ਵੇਤਰੀ ਕੜਗਮ) ਦੇ ਤਿੰਨ ਮੁਕਾਮੀ ਆਗੂ ਜ਼ਰੂਰ ਸ਼ਾਮਲ ਕੀਤੇ ਗਏ ਹਨ। ਇਹ ਇਕ ਸ਼ਾਤਿਰਾਨਾ ਚਾਲ ਹੈ ਜੋ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਖੇਡੀ ਹੈ। ਜ਼ਾਹਿਰ ਹੈ ਕਿ ਉਹ ਵਿਜੈ ਨੂੰ ਭਗਦੜ ਲਈ ਸਿੱਧੇ ਤੌਰ ’ਤੇ ਦੋਸ਼ੀ ਦੱਸ ਕੇ ਲੋਕਾਂ ਦੀ ਹਮਦਰਦੀ ਦਾ ਪਾਤਰ ਨਹੀਂ ਬਣਾਉਣਾ ਚਾਹੁੰਦੇ, ਪਰ ਨਾਲ ਹੀ ਉਸ ਉੱਪਰ ਕਾਨੂੰਨੀ ਸ਼ਿਕੰਜਾ ਵੀ ਬਰਕਰਾਰ ਰੱਖਣਾ ਚਾਹੁੰਦੇ ਹਨ। ਵਿਜੈ (51), ਜੋ ਕਿ ਤਾਮਿਲ ਸਿਨੇਮਾ ਦਾ ਸੁਪਰ-ਸਟਾਰ ਹੈ, ਲੋਕ ਹੁੰਗਾਰੇ ਪੱਖੋਂ ਪਿਛਲੇ ਕੁਝ ਮਹੀਨਿਆਂ ਤੋਂ ਹੁਕਮਰਾਨ ਡੀ.ਐਮ.ਕੇ. ਤੇ ਸਟਾਲਿਨ ਦੇ ਮੁੱਖ ਰਾਜਸੀ ਵਿਰੋਧੀ ਵਜੋਂ ਉਭਰਦਾ ਆ ਰਿਹਾ ਸੀ। ਉਹ ਡੀ.ਐਮ.ਕੇ. ਤੇ ਭਾਰਤੀ ਜਨਤਾ ਪਾਰਟੀ ਤੋਂ ਇਕੋ ਜਿਹਾ ਫ਼ਾਸਲਾ ਰੱਖ ਕੇ ਵੋਟਰਾਂ ਦੇ ਉਸ ਵਰਗ ਦਾ ਚਹੇਤਾ ਬਣਦਾ ਜਾ ਰਿਹਾ ਸੀ ਜੋ ਕਿ ਤਾਮਿਲ ਨਾਡੂ  ਵਿਚ ਡੀ.ਐਮ.ਕੇ. ਤੇ ਏ.ਆਈ.ਡੀ.ਐਮ.ਕੇ. ਦੀ ਚੌਧਰ ਵਾਲੀ ਰਾਜਨੀਤੀ ਤੋਂ ਅੱਕੇ ਪਏ ਹਨ। ਭਾਜਪਾ ਨੇ ਇਸ ਵਰਗ ਨੂੰ ਅਪਣੇ ਵੱਲ ਖਿੱਚਣ ਦੇ ਯਤਨ ਜ਼ਰੂਰ ਕੀਤੇ, ਪਰ ਉਸ ਦੀ ਹਿੰਦੂਤਵੀ ਸਿਆਸਤ ਤਾਮਿਲ ਬ੍ਰਾਹਮਣਾਂ ਨੂੰ ਛੱਡ ਕੇ ਹੋਰ ਕਿਸੇ ਵਸੋਂ ਸ਼੍ਰੇਣੀ ਵਿਚ ਬਹੁਤੀ ਮਕਬੂਲ ਨਹੀਂ ਹੋ ਸਕੀ। ਉਸ ਦੀ ਇਹ ਨਾਕਾਮੀ ਅਤੇ ਨਾਲ ਹੀ ਜੈਲਲਿਤਾ ਦੇ ਚਲਾਣੇ ਮਗਰੋਂ ਏ.ਆਈ.ਏ.ਡੀ.ਐਮ.ਕੇ. ਵਿਚ ਚੱਲਦੀ ਆ ਰਹੀ ਲੀਡਰਸ਼ਿਪ ਦੀ ਲੜਾਈ ਨੇ ਵਿਜੈ ਨੂੰ ਡੀ.ਐਮ.ਕੇ. ਦੇ ਬਿਹਤਰ ਬਦਲ ਵਜੋਂ ਉਭਰਨ ਦਾ ਮੌਕਾ ਪ੍ਰਦਾਨ ਕਰ ਦਿਤਾ ਸੀ। ਉਸ ਦੀ ਇਹ ਚੜ੍ਹਤ ਹੁਣ ਭਗਦੜ ਕਾਂਡ ਕਾਰਨ ਲੀਹੋਂ ਲਹਿੰਦੀ ਜਾਪਦੀ ਹੈ। ਸਟਾਲਿਨ ਨੇ ਇਸ ਦੁਖਾਂਤ ਨੂੰ ਰਾਜਸੀ ਤੌਰ ’ਤੇ ਭੁਨਾਉਣ ਲਈ ਹੁਣ ਤਕ ਜੋ ਦਾਅ-ਪੇਚ ਖੇਡੇ ਹਨ, ਉਹ ਵਿਜੈ (ਅਸਲ ਨਾਮ: ਜੋਜ਼ੇਫ਼ ਵਿਜੈ ਚੰਦਰਸ਼ੇਖਰ) ਦਾ ਰਾਜਸੀ ਸਫ਼ਰ ਪੇਚੀਦਾ ਬਣਾਉਣ ਵਾਲੇ ਹਨ।
ਭਗਦੜ ਵਾਲਾ ਦੁਖਾਂਤ ਵਾਪਰਨ ਦੇ ਕਈ ਕਾਰਨ ਸਨ, ਪਰ ਵੇਲੂਸੇਮੀਪੁਰਮ ਰੈਲੀ ਲਈ ਵਿਜੈ ਦਾ ਚਾਰ ਘੰਟਿਆਂ ਤੋਂ ਵੱਧ ਦੇਰੀ ਨਾਲ ਪੁੱਜਣਾ ਅਤੇ ਰੈਲੀ ਲਈ ਜੁੜੇ ਹਜੂਮ ਦੀ ਦਸ਼ਾ ਅਣਦੇਖੀ ਕਰਨਾ ਇਕ ਅਹਿਮ ਮੱਦ ਵਜੋਂ ਐਫ.ਆਈ.ਆਰ. ਵਿਚ ਦਰਜ ਕੀਤਾ ਗਿਆ ਹੈ। ਰੈਲੀ ਵਾਲੀ ਜਗ੍ਹਾ ਵਿਚ 10 ਹਜ਼ਾਰ ਲੋਕ ਜੁੜ ਸਕਦੇ ਸਨ, ਪਰ ਉੱਥੇ ਭੀੜ 27 ਹਜ਼ਾਰ ਤੋਂ ਵੱਧ ਲੋਕਾਂ ਦੀ ਸੀ। ਰੈਲੀ ਦਾ ਸਮਾਂ ਦਿਨੇ 3.00 ਤੋਂ ਰਾਤ 10.00 ਵਜੇ ਤੱਕ ਦਾ ਸੀ, ਪਰ ਵਿਜੈ ਆਪ ਹੀ 7.20 ਵਜੇ ਆਇਆ। ਉਹ ਕਰੂਰ ਤੋਂ ਅਪਣੀ ਵਿਸ਼ੇਸ਼ ਮੋਟਰ ਗੱਡੀ ਰਾਹੀਂ ਦੇਰ ਨਾਲ ਤੁਰਿਆ ਅਤੇ ਰਸਤੇ ਵਿਚ ਥਾਂ-ਥਾਂ ’ਤੇ ਰੋਡਸ਼ੋਅ ਕਰਦਾ ਆਇਆ। ਹਰ ਰੋਡਸ਼ੋਅ ਤੋਂ ਬਾਅਦ ਉਸ ਦੇ ਕਾਫ਼ਿਲੇ ਵਿਚ ਪ੍ਰਸ਼ੰਸਕਾਂ ਦੀਆਂ ਗੱਡੀਆਂ ਦੀ ਗਿਣਤੀ ਵੱਧਦੀ ਗਈ। ਜਦੋਂ ਤਕ ਉਹ ਰੈਲੀ ਵਾਲੀ ਥਾਂ ’ਤੇ ਪੁੱਜਾ, ਉੱਥੇ ਜੁੜੀ ਭੀੜ, ਖ਼ਾਸ ਕਰ ਕੇ ਔਰਤਾਂ ਤੇ ਬੱਚੇ ਗਰਮੀ, ਹੁੰਮਸ ਤੇ ਭੁੱਖ ਨਾਲ ਬੇਹਾਲ ਹੋ ਚੁੱਕੇ ਸਨ। ਅਜਿਹੇ ਹਾਲਾਤ ਵਿਚ ਕੋਈ ਨਾ ਕੋਈ ਦੁਖਾਂਤ ਵਾਪਰਨਾ ਹੀ ਸੀ। ਇਹ ਦੁਖਾਂਤ ਵਿਜੈ ਦੇ ਪ੍ਰਸ਼ੰਸਕਾਂ ਨਾਲ ਭਰੇ ਇਕ ਦਰਖ਼ੱਤ ਦਾ ਟਾਹਣਾ ਟੁੱਟਣ ਤੋਂ ਸ਼ੁਰੂ ਹੋਇਆ ਅਤੇ ਭਗਦੜ ਦਾ ਰੂਪ ਧਾਰਨ ਕਰ ਗਿਆ। ਇਸ ਦੁਖਾਂਤ ਵਿਚ 41 ਮੌਤਾਂ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਣਾ ਦਰਸਾਉਂਦਾ ਹੈ ਕਿ ਰੈਲੀ ਵਾਲੀ ਥਾਂ ’ਤੇ ਭੀੜ ਦਾ ਪ੍ਰਬੰਧਨ ਕਿਸ ਹੱਦ ਤਕ ਅਢੁਕਵਾਂ ਸੀ। ਵਿਜੈ ਵਲੋਂ ਪਿਆਸੇ ਲੋਕਾਂ ਵਲ ਪਾਣੀ ਦੀਆਂ ਬੋਤਲਾਂ ਸੁੱਟਣ ਨੇ ਭੀੜ ਨੂੰ ਹੋਰ ਬੇਕਾਬੂ ਬਣਾਇਆ। ਦੁਖਾਂਤ ਪੀੜਤ ਲੋਕਾਂ ਦੀ ਮਦਦ ਦੇ ਕੰਮ ਦੀ ਨਿਗ਼ਰਾਨੀ ਕਰਨ ਦੀ ਥਾਂ ਉਸ ਦਾ ਵੇਲੂਸੇਮੀਪੁਰਮ ਤੋਂ ਖਿਸਕ ਕੇ ਚੇਨੱਈ ਪਹੁੰਚ ਜਾਣਾ ਜਿੱਥੇ ਉਸ ਦੇ ਵਿਰੋਧੀਆਂ ਨੂੰ ਰਾਜਸੀ ਗੋਲਾ-ਬਾਰੂਦ ਬਖ਼ਸ਼ ਗਿਆ, ਉੱਥੇ ਉਸ ਦੇ ਪ੍ਰਸ਼ੰਸਕਾਂ ਲਈ ਵੀ ਨਮੋਸ਼ੀ ਤੇ ਮਾਯੂਸੀ ਦਾ ਬਾਇਜ਼ ਸਾਬਤ ਹੋਇਆ। 
ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਸਟਾਲਿਨ ਨੇ ਅਪਣੇ ਰਾਜਸੀ ਪੱਤੇ ਪੂਰੀ ਸ਼ਾਤਿਰਾਨਾ ਢੰਗ ਨਾਲ ਖੇਡੇ। ਉਹ ਭਗਦੜ ਵਾਪਰਨ ਤੋਂ ਚਾਰ ਘੰਟੇ ਬਾਅਦ ਕਰੂਰ ਪਹੁੰਚ ਗਏ। ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਲਈ ਹਰ ਸਹਾਇਤਾ ਸੰਭਵ ਬਣਾਈ; ਕਈ ਪੀੜਤ ਪਰਿਵਾਰਾਂ ਨੂੰ ਮਿਲੇ; ਮ੍ਰਿਤਕਾਂ ਦੇ ਵਾਰਿਸਾਂ ਲਈ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ ਇਕ-ਇਕ ਲੱਖ ਰੁਪਏ ਦੀ ਫ਼ੌਰੀ ਸਹਾਇਤਾ ਦਾ ਐਲਾਨ ਕੀਤਾ। ਦੁਖਾਂਤ ਦੀ ਜਾਂਚ-ਪੜਤਾਲ ਅਤੇ ਭਵਿੱਖ ਵਿਚ ਅਜਿਹੇ ਦੁਖਾਂਤਾਂ ਦੀ ਰੋਕਥਾਮ ਦੇ ਉਪਾਅ ਸੁਝਾਉਣ ਵਾਸਤੇ ਸਾਬਕਾ ਹਾਈ ਕੋਰਟ ਜੱਜ ਅਰੁਨਾ ਜਗਦੀਸ਼ਨ ਦੀ ਅਗਵਾਈ ਵਾਲਾ ਜਾਂਚ ਕਮਿਸ਼ਨ ਕਾਇਮ ਕਰਨ ਦਾ ਐਲਾਨ ਵੀ ਉਨ੍ਹਾਂ ਨੇ ਕੀਤਾ। ਅਜਿਹੇ ਕਦਮਾਂ ਰਾਹੀਂ ਉਹ ਇਹ ਪ੍ਰਭਾਵ ਪੈਦਾ ਕਰਨ ਵਿਚ ਕਾਮਯਾਬ ਹੋ ਗਏ ਕਿ ਸੁਲਝੇ ਹੋਏ ਸਿਆਸਤਦਾਨ ਅਤੇ ਇਕ ਨੌਸਿਖੀਏ ਨੇਤਾ ਦਰਮਿਆਨ ਫ਼ਰਕ ਕੀ ਹੁੰਦਾ ਹੈ। ਅਜਿਹਾ ਹੀ ਇਕ ਹੋਰ ਦਾਅ ਉਨ੍ਹਾਂ ਨੇ ਐਫ.ਆਈ.ਆਰ ਵਿਚ ਵਿਜੈ ਨੂੰ ਦੁਖਾਂਤ ਲਈ ਕਸੂਰਵਾਰ ਦੱਸਣ, ਪਰ ਦੋਸ਼ੀ ਨਾ ਦੱਸਣ ਵਰਗੇ ਕਦਮ ਰਾਹੀਂ ਖੇਡਿਆ। ਵਿਜੈ ਹੁਣ ਇਹ ਨਹੀਂ ਕਹਿ ਸਕਦਾ ਕਿ ਰਾਜ ਸਰਕਾਰ ਉਸ ਨਾਲ ਕਿੜ ਕੱਢ ਰਹੀ ਹੈ। ਬਹਰਹਾਲ, ਜਸਟਿਸ ਜਗਦੀਸ਼ਨ ਕਮਿਸ਼ਨ ਨੂੰ ਜਾਂਚ ਲਈ ਜੋ ਅਧਿਕਾਰ ਖੇਤਰ ਸੌਂਪਿਆ ਗਿਆ ਹੈ, ਉਹ ਭਵਿੱਖ ਵਿਚ ਅਜਿਹੇ ਦੁਖਾਂਤਾਂ ਦੀ ਰੋਕਥਾਮ ਉੱਤੇ ਵੱਧ ਕੇਂਦ੍ਰਿਤ ਹੈ। ਇਹ ਇਕ ਸੁਖਾਵਾਂ ਕਦਮ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਸਟਿਸ ਜਗਦੀਸ਼ਨ ਕਮਿਸ਼ਨ ਅਪਣੀ ਰਿਪੋਰਟ ਨਿਰਧਾਰਤ ਸਮੇਂ ਭਾਵ ਤਿੰਨ ਮਹੀਨਿਆਂ ਦੇ ਅੰਦਰ ਦੇ ਦੇਵੇਗਾ। ਇਸ ਨਾਲ ਪੀੜਤ ਪਰਿਵਾਰਾਂ ਨੂੰ ਮਨੋਵਿਗਿਆਨਕ ਤੇ ਮਾਨਸਿਕ ਰਾਹਤ ਤਾਂ ਮਿਲੇਗੀ ਹੀ, ਕਾਨੂੰਨੀ ਏਜੰਸੀਆਂ ਦਾ ਕੰਮ ਵੀ ਆਸਾਨ ਹੋ ਜਾਵੇਗਾ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement