
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਦਲਿਤਾਂ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ, ਘੱਟ ਗਿਣਤੀਆਂ ਨੂੰ ਡਰਾਇਆ ਜਾ..
ਬੰਗਲੌਰ, 12 ਜੂਨ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਦਲਿਤਾਂ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ, ਘੱਟ ਗਿਣਤੀਆਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ਤੇ ਨੌਕਰਸ਼ਾਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਇਥੇ 'ਨੈਸ਼ਨਲ ਹੈਰਲਡ' ਦਾ ਯਾਦਗਾਰੀ ਅੰਕ ਜਾਰੀ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਜ਼ਾਰਾਂ ਪੱਤਰਕਾਰਾਂ ਨੂੰ ਉਹ ਲਿਖਣ ਦੀ ਇਜਾਜ਼ਤ ਨਹੀਂ ਦੇ ਰਹੀ ਜੋ ਉਹ ਲਿਖਣਾ ਚਾਹੁੰਦੇ ਹਨ। ਸਰਕਾਰ ਹਰ ਪੱਤਰਕਾਰ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਰਹੀ ਹੈ ਅਤੇ ਜਿਹੜਾ ਵੀ ਸੱਚਾਈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਧਮਕੀ ਰਾਹੀਂ ਚੁੱਪ ਕਰਵਾ ਦਿਤਾ ਜਾਂਦਾ ਹੈ।
ਉਨ੍ਹਾਂ ਕਿਹਾ, ''ਭਾਰਤ ਵਿਚ ਸੱਚਾਈ ਦੀ ਤਾਕਤ ਹੁਣ ਤਾਕਤ ਦੀ ਸੱਚਾਈ ਦਾ ਰੂਪ ਲੈ ਚੁੱਕੀ ਹੈ।'' ਕਾਂਗਰਸ ਦੇ ਮੀਤ ਪ੍ਰਧਾਨ ਨੇ ਉਹ ਖੁਲ੍ਹੇ ਵਿਚਾਰਾਂ ਵਾਲੇ ਇਨਸਾਨ ਅਤੇ ਆਲੋਚਨਾ ਨੂੰ ਉਤਸ਼ਾਹਤ ਕਰਦੇ ਹਨ। ਉਨ੍ਹਾਂ ਕਿਹਾ, ''ਨੈਸ਼ਨਲ ਹੈਰਲਡ ਨੂੰ ਸੱਚਾਈ ਬਿਆਨ ਕਰਨੀ ਚਾਹੀਦੀ ਹੈ ਅਤੇ ਜੇ ਮਹਿਸੂਸ ਹੋਵੇ ਕਾਂਗਰਸ ਦੀ ਨੁਕਤਾਚੀਨੀ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਤੁਸੀ ਮੇਰੇ ਜਾਂ ਮੇਰੀ ਪਾਰਟੀ ਬਾਰੇ ਕੁੱਝ ਕਹਿਣਾ ਚਾਹੁੰਦੇ ਹੋ ਤਾਂ ਮੈਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਚੁੱਪ ਨਾ ਰਹੋ ਅਤੇ ਸੱਚਾਈ ਬਿਆਨ ਕਰੋ।''
ਉਪ ਰਾਸ਼ਟਰਪਤੀ ਮੁਹੰਮਦ ਅਨਸਾਰੀ ਨੇ ਭਾਰਤ ਦੀ ਆਜ਼ਾਦੀ ਦੇ 70 ਵਰ੍ਹੇ ਮੁਕੰਮਲ ਹੋਣ 'ਤੇ ਨੈਸ਼ਨਲ ਹੈਰਲਡ ਦਾ ਯਾਦਗਾਰਾ ਅੰਕ ਜਾਰੀ ਕੀਤਾ। ਰਾਹੁਲ ਗਾਂਧੀ ਨੇ ਉਸ ਪਲ ਨੂੰ ਯਾਦ ਕੀਤਾ ਜਦੋਂ ਨੈਸ਼ਨਲ ਹੈਰਲਡ ਦੇ ਸੰਪਾਦਕ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸੰਪਾਦਕ ਨੂੰ ਕਿਹਾ ਸੀ, ''ਅਜਿਹੇ ਮੌਕੇ ਆਉਣਗੇ ਜਦੋਂ ਅਖ਼ਬਾਰ ਮੇਰੇ ਜਾਂ ਮੇਰੀ ਪਾਰਟੀ ਜਾਂ ਇਸ ਦੀਆਂ ਨੀਤੀਆਂ ਵਿਰੁਧ ਲਿਖਣਾ ਚਾਹੁਣਗੇ ਪਰ ਤੁਹਾਨੂੰ (ਸੰਪਾਦਕ) ਪੂਰੀ ਤਰ੍ਹਾਂ ਸਹਿਜ ਰਹਿਣਾ ਚਾਹੀਦਾ ਹੈ। ਅਸੀ ਨੈਸ਼ਨਲ ਹੈਰਲਡ ਤੋਂ ਇਸੇ ਭਾਵਨਾ ਦੀ ਉਮੀਦ ਕਰਦੇ ਹਾਂ।'' (ਏਜੰਸੀ)