
ਕਿਹਾ, ਸਰਜੀਕਲ ਸਟ੍ਰਾਈਕ 'ਤੇ ਕਿਸੇ ਮੁਲਕ ਨੇ ਸਵਾਲ ਨਹੀਂ ਉਠਾਇਆਵਾਸ਼ਿੰਗਟਨ, 26 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਵਿਚ ਅਪਣੀ..
ਕਿਹਾ, ਸਰਜੀਕਲ ਸਟ੍ਰਾਈਕ 'ਤੇ ਕਿਸੇ ਮੁਲਕ ਨੇ ਸਵਾਲ ਨਹੀਂ ਉਠਾਇਆ
ਵਾਸ਼ਿੰਗਟਨ, 26 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਵਿਚ ਅਪਣੀ ਸਰਕਾਰ ਦੀਆਂ ਉਪਲਭਦੀਆਂ ਦਾ ਜ਼ਿਕਰ ਕਰਦਿਆਂ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਕਿਹਾ ਕਿ ਬੀਤੇ ਤਿੰਨ ਸਾਲ ਵਿਚ ਉਨ੍ਹਾਂ ਦੀ ਸਰਕਾਰ 'ਤੇ ਇਕ ਵੀ ਦਾਗ਼ ਨਹੀਂ ਲੱਗਾ ਹੈ।
ਵਰਜੀਨੀਆ ਵਿਖੇ ਇਕ ਸਵਾਗਤੀ ਸਮਾਗਮ ਵਿਚ 600 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ''ਭਾਰਤ ਵਿਚ ਇਸ ਤੋਂ ਪਹਿਲਾਂ ਵਾਲੀ ਸਰਕਾਰ ਦੇ ਸੱਤਾ ਤੋਂ ਲਾਂਭੇ ਹੋਣ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਸੀ।'' ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਭ੍ਰਿਸ਼ਟਾਚਾਰ ਨੂੰ ਨਫ਼ਰਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਐਨ.ਆਰ.ਆਈਜ਼ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਣ ਦੇ ਯਤਨ ਜਾਰੀ ਰਖੇਗੀ। ''ਮੈਂ ਪੂਰੀ ਨਿਮਰਤਾ ਕਹਿਣਾ ਚਾਹੁੰਦਾ ਹਾਂ ਕਿ ਬੀਤੇ ਤਿੰਨ ਸਾਲ ਵਿਚ ਮੇਰੀ ਸਰਕਾਰ ਨੇ ਜਿੰਨੇ ਵੀ ਕੰਮ ਕੀਤੇ ਹਨ, ਉਨ੍ਹਾਂ ਦੇ ਆਧਾਰ 'ਤੇ ਹੁਣ ਇਕ ਵੀ ਦਾਗ਼ ਜਾਂ ਧੱਬਾ ਨਹੀਂ ਲੱਗਾ ਹੈ।''
ਮੋਦੀ ਨੇ ਇਸ ਗੱਲ ਨੂੰ ਉਭਾਰਿਆ ਕਿ ਤਕਨੀਕ ਨਾਲ ਪਾਰਦਰਸ਼ਤਾ ਆਈ ਹੈ ਅਤੇ ਭਾਰਤ ਵਿਚ ਸਾਰੇ ਖੇਤਰਾਂ 'ਚ ਸਫ਼ਲਤਾ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ''ਮੈਂ ਅਜਿਹੀਆਂ ਕਈ ਮਿਸਾਲਾਂ ਪੇਸ਼ ਕਰ ਸਕਦਾ ਹਾਂ ਜਿਥੇ ਭਾਰਤ ਤਕਨੀਕ ਦੀ ਮਦਦ ਰਾਹੀਂ ਵੱਡੀ ਸਫ਼ਲਤਾ ਦਰਜ ਕਰ ਰਿਹਾ ਹੈ। ਤਕਨੀਕ ਆਧਾਰਤ ਸ਼ਾਸਨ ਅਤੇ ਵਿਕਾਸ ਲਈ ਨਵੇਂ ਸਿਰੇ ਤੋਂ ਧਿਆਨ ਦਿਤਾ ਜਾ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਖੇਤਰਾਂ ਵਿਚ ਦੇਸ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰ ਫਿਰ ਵੀ ਸਥਿਰ ਵਿਕਾਸ ਲਈ ਮਜ਼ਬੂਤ ਬੁਨਿਆਦੀ ਢਾਂਚਾ ਲਾਜ਼ਮੀ ਹੈ। ਉਨ੍ਹਾਂ ਆਖਿਆ, ''ਅਸੀ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਭਾਰਤ ਵਿਚ ਰਿਕਾਰਡ ਵਿਦੇਸ਼ੀ ਨਿਵੇਸ਼ ਹੋ ਰਿਹਾ ਹੈ ਅਤੇ ਸਾਰੀਆਂ ਏਜੰਸੀਆਂ ਭਾਰਤ ਬਾਰੇ ਹਾਂਪੱਖੀ ਦਰਜਾਬੰਦੀ ਜਾਰੀ ਕਰ ਰਹੀਆਂ ਹਨ।'' (ਪੀਟੀਆਈ)