
ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪਾਵਰਕਾਮ) ਜਿਥੇ ਵੱਡੇ ਘਾਟੇ ਵਿੱਚ ਚੱਲ ਰਿਹਾ ਹੈ, ਉਥੇ ਪਾਵਰਕਾਮ ਸਰਕਾਰੀ ਤੇ ਗ਼ੈਰ ਸਰਕਾਰੀ ਵਿਭਾਗਾਂ ਤੋਂ 1599.16 ਕਰੋੜ ਰੁਪਏ ਬਕਾਇਆ..
ਚੰਡੀਗੜ੍ਹ, 26 ਜੂਨ (ਜੈ ਸਿੰਘ ਛਿੱਬਰ) : ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ (ਪਾਵਰਕਾਮ) ਜਿਥੇ ਵੱਡੇ ਘਾਟੇ ਵਿੱਚ ਚੱਲ ਰਿਹਾ ਹੈ, ਉਥੇ ਪਾਵਰਕਾਮ ਸਰਕਾਰੀ ਤੇ ਗ਼ੈਰ ਸਰਕਾਰੀ ਵਿਭਾਗਾਂ ਤੋਂ 1599.16 ਕਰੋੜ ਰੁਪਏ ਬਕਾਇਆ ਰਾਸ਼ੀ ਲੈਣ ਵਿਚ ਨਾਕਾਮ ਰਿਹਾ ਹੈ। ਉਕਤ ਰਾਸ਼ੀ ਦੀ ਪੂਰਤੀ ਲਈ ਪਾਵਰਕਾਮ ਵਲੋਂ ਸਿਰਫ਼ ਵਿਭਾਗਾਂ ਨਾਲ ਪੱਤਰ ਵਿਹਾਰ ਕੀਤਾ ਜਾਂਦਾ ਹੈ, ਜਦਕਿ ਆਮ ਖਪਤਕਾਰ ਦਾ ਬਿਲ ਜਮਾਂ ਨਾ ਕਰਵਾਉਣ ਦੀ ਸੂਰਤ ਵਿਚ ਜਿਥੇ ਜੁਰਮਾਨਾ ਕੀਤਾ ਜਾਂਦਾ ਹੈ, ਉਥੇ ਖਪਤਕਾਰ ਦਾ ਮੀਟਰ ਤਕ ਪੁੱਟ ਲਿਆ ਜਾਂਦਾ ਹੈ।
ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦਸਿਆ ਕਿ 31 ਮਾਰਚ 2017 ਤਕ ਕੁੱਲ 1599.16 ਕਰੋੜ ਰੁਪਏ ਦੀ ਰਾਸ਼ੀ ਸਰਕਾਰੀ ਵਿਭਾਗਾਂ ਵਲ ਬਕਾਇਆ ਖੜੀ ਹੈ। ਉਨ੍ਹਾਂ ਦਸਿਆ ਕਿ ਸਰਕਾਰੀ ਵਿਭਾਗ (ਪੰਜਾਬ) 'ਚ 756.26 ਕਰੋੜ, ਅਦਾਲਤੀ ਕੇਸ/ਡੀ.ਐਸ.ਸੀ 312.25 ਕਰੋੜ ਅਤੇ ਹੋਰ ਦੂਸਰੇ (ਪੀ.ਡੀ.ਸੀ.ਓ) 530.65 ਕਰੋੜ ਰੁਪਏ ਹੈ। ਬਿਜਲੀ ਮੰਤਰੀ ਅਨੁਸਾਰ ਉਕਤ ਰਕਮ ਵਾਟਰ ਸਪਲਾਈ ਵਿਭਾਗ, ਹਸਪਤਾਲਾਂ, ਡਿਸਪੈਂਸਰੀਆਂ, ਵਿਦਿਅਕ ਸੰਸਥਾਵਾਂ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਹਨ। ਰਕਮ ਦੀ ਪੂਰਤੀ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਨਾਲ ਪੱਤਰ ਵਿਹਾਰ ਕੀਤਾ ਜਾਂਦਾ ਹੈ। ਜਦਕਿ ਹੋਰ ਖਪਤਕਾਰਾਂ ਵੱਲ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਪਾਵਰਕਾਮ ਵਲੋਂ ਬਹੁਤ ਕਾਹਲੀ ਦਿਖਾਉਂਦਿਆਂ ਮੀਟਰ ਤਕ ਪੁੱਟ ਲਏ ਜਾਂਦੇ ਹਨ। ਕਈ ਗ਼ਰੀਬ ਖਪਤਕਾਰ ਤਾਂ ਗਰਮੀ ਦੇ ਇਸ ਮੌਸਮ 'ਚ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਕਾਰਨ ਗਰਮੀਆਂ 'ਚ ਦਿਨ ਗੁਜਾਰਨ ਲਈ ਮਜਬੂਰ ਹਨ।
ਇਹ ਵੀ ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਨੇ 31 ਮਾਰਚ 2017 ਤਕ 145.42 ਕਰੋੜ ਰੁਪਏ ਵਿਆਜ ਦੇ ਰੂਪ ਵਿੱਚ ਖਪਤਕਾਰਾਂ ਨੂੰ ਅਦਾਇਗੀ ਕੀਤੀ ਹੈ। ਉਕਤ ਜਾਣਕਾਰੀ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬੀਤੇ ਦਿਨ ਵਿਧਾਇਕ ਕੁਲਤਾਰ ਸਿੰਘ ਸੰਧਵਾ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਿਤੀ ਹੈ।