
ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿਖਾਵਾ ਕਰ ਰਹੇ ਗੋਰਖਾ ਜਨਮੁਕਤੀ ਮੋਰਚਾ ਦੇ ਹਮਾਇਤੀ ਅੱਜ ਹਿੰਸਕ ਹੋ ਗਏ ਅਤੇ ਪੁਲਿਸ ਦੇ ਵਾਹਨਾਂ ਸਮੇਤ ਕਈ ਸਰਕਾਰੀ ਜਾਇਦਾਦਾਂ ਨੂੰ..
ਦਾਰਜੀਲਿੰਗ, 8 ਜੂਨ : ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿਖਾਵਾ ਕਰ ਰਹੇ ਗੋਰਖਾ ਜਨਮੁਕਤੀ ਮੋਰਚਾ ਦੇ ਹਮਾਇਤੀ ਅੱਜ ਹਿੰਸਕ ਹੋ ਗਏ ਅਤੇ ਪੁਲਿਸ ਦੇ ਵਾਹਨਾਂ ਸਮੇਤ ਕਈ ਸਰਕਾਰੀ ਜਾਇਦਾਦਾਂ ਨੂੰ ਅੱਗ ਹਵਾਲੇ ਕਰ ਦਿਤਾ ਜਿਸ ਪਿੱਛੋਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਪੀਲ 'ਤੇ ਫ਼ੌਜ ਤੈਨਾਤ ਕਰ ਦਿਤੀ ਗਈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਗੋਰਖਾਲੈਂਡ ਦੇ ਹਮਾਇਤੀਆਂ ਨੇ ਸਾੜ-ਫੂਕ ਕਰਨ ਤੋਂ ਇਲਾਵਾ ਸੁਰੱਖਿਆ ਬਲਾਂ 'ਤੇ ਪਥਰਾਅ ਵੀ ਕੀਤਾ ਜਿਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਗਿਆ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ। ਵਿਖਾਵਾਕਾਰੀਆਂ ਦੇ ਪਥਰਾਅ ਵਿਚ ਡੀ.ਆਈ.ਜੀ. ਰਾਜੇਸ਼ ਯਾਦਵ ਅਤੇ ਦਾਰਜੀਲਿੰਗ ਦੇ ਐਸ.ਪੀ. ਅਮਿਤ ਜਵਾਲਗੀ ਸਮੇਤ 50 ਪੁਲਿਸ ਵਾਲੇ ਜ਼ਖ਼ਮੀ ਹੋ ਗਏ।
ਗੋਰਖਾ ਜਨਮੁਕਤੀ ਮੋਰਚਾ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਮਿਲੀ ਹਾਰ ਪਿੱਛੋਂ ਰੋਸ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਹੋਇਆ। ਪਿਛਲੇ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਹੈ ਜਦੋਂ ਮਿਰਿਕ ਵਿਖੇ ਇਕ ਮੈਦਾਨੀ ਪਾਰਟੀ ਨੇ ਪਹਾੜੀ ਖੇਤਰ ਵਿਚ ਜਿੱਤ ਦਰਜ ਕੀਤੀ ਹੋਵੇ। ਗੋਰਖਾ ਜਨਮੁਕਤੀ ਮੋਰਚਾ ਦਾ ਦੋਸ਼ ਹੈ ਕਿ ਮਮਤਾ ਬੈਨਰਜੀ ਦੀ ਸਰਕਾਰ ਪਹਾੜੀ ਇਲਾਕਿਆਂ ਵਿਚ ਜਬਰੀ ਬੰਗਾਲੀ ਭਾਸ਼ਾ ਲਾਗੂ ਕਰ ਰਹੀ ਹੈ ਜਦਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਤਰੀ ਖੇਤਰ ਦੇ ਪਹਾੜੀ ਇਲਾਕਿਆਂ ਵਿਚ ਬੰਗਾਲੀ ਲਾਗੂ ਕਰਨ ਦੀ ਕੋਈ ਯੋਜਨਾ ਨਹੀਂ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਦੇ ਵਿਕਾਸ ਲਈ ਦਾਰਜੀਲਿੰਗ ਵਿਖੇ ਇਕ ਨਵਾਂ ਸਕੱਤਰੇਤ ਸਥਾਪਤ ਕੀਤਾ ਜਾ ਰਿਹਾ ਹੈ। (ਏਜੰਸੀ)