
ਕਾਂਗਰਸ ਤੁਸ਼ਟੀਕਰਨ ਦੀ ਰਾਜਨੀਤੀ ਤੋਂ ਬਾਜ਼ ਨਹੀਂ ਆ ਰਹੀ : ਨੱਢਾ
ਪ੍ਰਧਾਨ ਮੰਤਰੀ ਦੇ ਵਿਚਾਰਧਾਰਕ ਪੁਰਖਿਆਂ ਨੇ ਬ੍ਰਿਟਿਸ਼, ਮੁਸਲਿਮ ਲੀਗ ਦਾ ਪੱਖ ਲਿਆ ਸੀ : ਖੜਗੇ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਦੇ ਚੋਣ ਐਲਾਨਨਾਮੇ ’ਤੇ ਮੁਸਲਿਮ ਲੀਗ ਦੀ ਛਾਪ ਹੈ ਅਤੇ ਲੋਕਾਂ ਵਲੋਂ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਕਾਂਗਰਸ ਤੁਸ਼ਟੀਕਰਨ ਦੀ ਸਿਆਸਤ ਤੋਂ ਪਿੱਛੇ ਨਹੀਂ ਹਟ ਰਹੀ।
ਨੱਢਾ ਨੇ ‘ਐਕਸ’ ’ਤੇ ਇਕ ਵੀਡੀਉ ਸਾਂਝਾ ਕਰਦਿਆਂ ਕਾਂਗਰਸ ’ਤੇ ਸੱਤਾ ਦੇ ਲਾਲਚ ’ਚ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਕਾਂਗਰਸ ਨੂੰ ਜਨਤਾ ਨੇ ਵਾਰ-ਵਾਰ ਨਕਾਰਿਆ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਤੁਸ਼ਟੀਕਰਨ ਦੀ ਸਿਆਸਤ ਤੋਂ ਬਾਜ਼ ਨਹੀਂ ਆ ਰਹੀ। ਜਦੋਂ ਮੈਂ ਕਾਂਗਰਸ ਦਾ ਚੋਣ ਐਲਾਨਨਾਮਾ ਵੇਖਿਆ ਤਾਂ ਮੈਨੂੰ ਹੈਰਾਨੀ ਹੋਈ ਕਿ ਇਹ ਕਾਂਗਰਸ ਦਾ ਚੋਣ ਐਲਾਨਨਾਮਾ ਹੈ ਜਾਂ ਮੁਸਲਿਮ ਲੀਗ ਦਾ।’’
ਉਨ੍ਹਾਂ ਦੋਸ਼ ਲਾਇਆ ਕਿ ਕੋਈ ਕਲਪਨਾ ਨਹੀਂ ਕਰ ਸਕਦਾ ਕਿ ਕਾਂਗਰਸ ਦੇਸ਼ ਨੂੰ ਵੰਡਣ ਅਤੇ ਸੱਤਾ ਹਾਸਲ ਕਰਨ ਲਈ ਕਿੰਨੀ ਦੂਰ ਜਾ ਸਕਦੀ ਹੈ। ਉਨ੍ਹਾਂ ਕਿਹਾ, ‘‘ਜਿਸ ਮੁਸਲਿਮ ਲੀਗ ਨੇ 1929 ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੀ ਗੱਲ ਕੀਤੀ ਸੀ ਅੱਜ ਕਾਂਗਰਸ ਵੀ ਉਹੀ ਗੱਲ ਦੁਹਰਾ ਰਹੀ ਹੈ। ਯਾਨੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਸੱਤਾ ਦੇ ਲਾਲਚ ’ਚ ਕਾਂਗਰਸ ਦੇਸ਼ ਨੂੰ ਕਿੱਥੇ ਲੈ ਜਾਵੇਗੀ।’’
ਉਨ੍ਹਾਂ ਕਿਹਾ, ‘‘ਅੱਜ ਘੱਟ ਗਿਣਤੀਆਂ ਲਈ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੀ ਗੱਲ ਹੋ ਰਹੀ ਹੈ ਅਤੇ 50 ਫੀ ਸਦੀ ਤੋਂ ਵੱਧ ਰਾਖਵਾਂਕਰਨ ਦੀ ਗੱਲ ਹੋ ਰਹੀ ਹੈ। ਉਹ ਰਾਖਵਾਂਕਰਨ ਦੀ ਗੱਲ ਕਿਸ ਲਈ ਕਰ ਰਹੀ ਹੈ? ਕਾਂਗਰਸ ਨੂੰ ਸਪੱਸ਼ਟੀਕਰਨ ਦੇਣਾ ਪਵੇਗਾ। ਭਾਜਪਾ ਪ੍ਰਧਾਨ ਨੇ ਵਾਇਨਾਡ ’ਚ ਰਾਹੁਲ ਗਾਂਧੀ ਦੇ ਨਾਮਜ਼ਦਗੀ ਜਲੂਸ ’ਚ ਕਾਂਗਰਸ ਦੇ ਝੰਡੇ ਨਾ ਹੋਣ ਦਾ ਮੁੱਦਾ ਵੀ ਉਠਾਇਆ ਅਤੇ ਦਾਅਵਾ ਕੀਤਾ ਕਿ ਕਾਂਗਰਸ ਨੇ ਮੁਸਲਿਮ ਲੀਗ ਨੂੰ ਖੁਸ਼ ਕਰਨ ਲਈ ਇਹ ਕਦਮ ਚੁਕਿਆ ਹੈ। ਉਨ੍ਹਾਂ ਕਿਹਾ, ‘‘ਇਹ ਦੇਸ਼ ਨੂੰ ਵੰਡਣ ਦੀ ਚਾਲ ਹੈ ਅਤੇ ਤੁਸ਼ਟੀਕਰਨ ਅੱਗੇ ਗੋਡੇ ਟੇਕਣ ਦਾ ਰਵੱਈਆ ਹੈ। ਦੇਸ਼ ਇਸ ਨੂੰ ਮਾਫ਼ ਨਹੀਂ ਕਰੇਗਾ। ਉਨ੍ਹਾਂ ਨੂੰ ਇਹ ਦਸਣਾ ਪਵੇਗਾ ਕਿ ਕਾਂਗਰਸ ਨੇ ਅਪਣੇ ਮੈਨੀਫੈਸਟੋ ’ਚ ਤੁਸ਼ਟੀਕਰਨ ਅਤੇ ਰਾਖਵਾਂਕਰਨ ਬਾਰੇ ਕਿਵੇਂ ਕਿਹਾ ਹੈ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਹਾਰ ਦੇ ਨਵਾਦਾ ਜ਼ਿਲ੍ਹੇ ’ਚ ਇਕ ਚੋਣ ਰੈਲੀ ’ਚ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਸੀ ਕਿ ਉਸ ਦੇ ਚੋਣ ਮੈਨੀਫੈਸਟੋ ’ਤੇ ਮੁਸਲਿਮ ਲੀਗ ਦੀ ਛਾਪ ਹੈ ਅਤੇ ਇਸ ਦੇ ਨੇਤਾਵਾਂ ਦੇ ਬਿਆਨ ਕੌਮੀ ਅਖੰਡਤਾ ਅਤੇ ਸਨਾਤਨ ਧਰਮ ਪ੍ਰਤੀ ਦੁਸ਼ਮਣੀ ਦਰਸਾਉਂਦੇ ਹਨ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਨੇਤਾਵਾਂ ਦੇ ਦੋਸ਼ਾਂ ’ਤੇ ਪਲਟਵਾਰ ਕਰਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਵਿਚਾਰਧਾਰਕ ਪੁਰਖਿਆਂ ਨੇ ਆਜ਼ਾਦੀ ਅੰਦੋਲਨ ਦੌਰਾਨ ਬ੍ਰਿਟਿਸ਼ ਅਤੇ ਮੁਸਲਿਮ ਲੀਗ ਦਾ ਪੱਖ ਲਿਆ ਸੀ। ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਮੋਦੀ-ਸ਼ਾਹ ਦੇ ਸਿਆਸੀ ਅਤੇ ਵਿਚਾਰਧਾਰਕ ਪੁਰਖਿਆਂ ਨੇ ਆਜ਼ਾਦੀ ਅੰਦੋਲਨ ’ਚ ਭਾਰਤੀਆਂ ਵਿਰੁਧ ਬ੍ਰਿਟਿਸ਼ ਅਤੇ ਮੁਸਲਿਮ ਲੀਗ ਦਾ ਸਮਰਥਨ ਕੀਤਾ ਸੀ। ਅੱਜ ਵੀ ਉਹ ਆਮ ਭਾਰਤੀ ਨਾਗਰਿਕਾਂ ਦੇ ਯੋਗਦਾਨ ਨਾਲ ਬਣੇ ਕਾਂਗਰਸ ਦੇ ‘ਨਿਆਂ ਪੱਤਰ’ ਵਿਰੁਧ ਮੁਸਲਿਮ ਲੀਗ ਦੀ ਦੁਹਾਈ ਦੇ ਰਹੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ-ਸ਼ਾਹ ਦੇ ਪੁਰਖਿਆਂ ਨੇ 1942 ’ਚ ‘ਭਾਰਤ ਛੱਡੋ’ ਅੰਦੋਲਨ ਅਤੇ ਮੌਲਾਨਾ ਆਜ਼ਾਦ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੇ ਸੱਦੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਤੁਹਾਡੇ ਪੁਰਖਿਆਂ ਨੇ 1940 ਦੇ ਦਹਾਕੇ ’ਚ ਮੁਸਲਿਮ ਲੀਗ ਨਾਲ ਮਿਲ ਕੇ ਬੰਗਾਲ, ਸਿੰਧ ਅਤੇ ਉੱਤਰ ਪਛਮੀ ਸਰਹੱਦੀ ਸੂਬੇ ’ਚ ਅਪਣੀ ਸਰਕਾਰ ਬਣਾਈ ਸੀ।’’
ਖੜਗੇ ਨੇ ਸਵਾਲ ਕੀਤਾ ਕਿ ਕੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਸ ਸਮੇਂ ਦੇ ਬ੍ਰਿਟਿਸ਼ ਗਵਰਨਰ ਨੂੰ ਨਹੀਂ ਲਿਖਿਆ ਸੀ ਕਿ 1942 ਦੇ ਕਾਂਗਰਸ ਦੇ ‘ਭਾਰਤ ਛੱਡੋ ਅੰਦੋਲਨ’ ਨੂੰ ਕਿਵੇਂ ਦਬਾਇਆ ਜਾਵੇ ਅਤੇ ਇਸ ਲਈ ਉਹ ਅੰਗਰੇਜ਼ਾਂ ਦਾ ਸਮਰਥਨ ਕਰਨ ਲਈ ਤਿਆਰ ਹਨ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ-ਸ਼ਾਹ ਅਤੇ ਉਨ੍ਹਾਂ ਵਲੋਂ ਨਾਮਜ਼ਦ ਪ੍ਰਧਾਨ (ਜੇ.ਪੀ. ਨੱਢਾ) ਅੱਜ ਕਾਂਗਰਸ ਐਲਾਨਨਾਮੇ ਬਾਰੇ ਉਲਟੀਆਂ-ਸਿੱਧੀਆਂ ਅਫ਼ਵਾਹਾਂ ਫੈਲਾ ਰਹੇ ਹਨ।
ਸਾਡੇ ਚੋਣ ਐਲਾਨਨਾਮੇ ਤੋਂ ਡਰ ਕੇ ਪ੍ਰਧਾਨ ਮੰਤਰੀ ‘ਹਿੰਦੂ-ਮੁਸਲਿਮ ਸਕ੍ਰਿਪਟ’ ’ਤੇ ਉਤਰ ਆਏ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੇ ਚੋਣ ਐਲਾਨਨਾਮੇ ਤੋਂ ਇੰਨੇ ਘਬਰਾਏ ਹੋਏ ਹਨ ਅਤੇ ਡਰੇ ਹੋਏ ਹਨ ਕਿ ਉਨ੍ਹਾਂ ਨੇ ‘ਹਿੰਦੂ-ਮੁਸਲਿਮ ਸਕ੍ਰਿਪਟ’ ਦਾ ਸਹਾਰਾ ਲਿਆ। ਪਾਰਟੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦਾ ਚੋਣ ਐਲਾਨਨਾਮਾ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਕਰਦਾ ਹੈ ਜੋ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਦੇਸ਼ ’ਚ ਪੈਦਾ ਕੀਤੀਆਂ ਹਨ। ਕਾਂਗਰਸ ਨੇ 5 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਅਪਣਾ ਮੈਨੀਫੈਸਟੋ ਜਾਰੀ ਕੀਤਾ ਸੀ, ਜੋ ਪੰਜ ‘ਨਿਆਂ’ ਥੰਮ੍ਹਾਂ ਅਤੇ 25 ‘ਗਰੰਟੀਆਂ’ ’ਤੇ ਨਿਰਭਰ ਕਰਦਾ ਹੈ। ਪਾਰਟੀ ਨੇ ਜਾਤੀ ਮਰਦਮਸ਼ੁਮਾਰੀ ਕਰਵਾਉਣ, ਰਾਖਵਾਂਕਰਨ ਦੀ 50 ਫੀ ਸਦੀ ਸੀਮਾ ਖਤਮ ਕਰਨ, ਨੌਜੁਆਨਾਂ, ਔਰਤਾਂ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਵਾਅਦੇ ਕੀਤੇ ਹਨ। ਕਾਂਗਰਸ ਬੁਲਾਰਾ ਨੇ ਕਿਹਾ ਕਿ ਕਾਂਗਰਸ ਦੇ ਚੋਣ ਐਲਾਨਨਾਮੇ ਯਾਨੀ ਨਿਆਂ ਪੱਤਰ ਦੀ ਚਰਚਾ ਹਰ ਪਾਸੇ ਹੋ ਰਹੀ ਹੈ। (ਪੀਟੀਆਈ)