
ਕਿਹਾ, ਅੱਜ ਦੇ ਯੁੱਗ ’ਚ ਜੇਕਰ ਕਿਸੇ ਨੂੰ ਰਾਸ਼ਟਰ ਵਿਰੋਧੀ ਨਹੀਂ ਕਿਹਾ ਜਾ ਰਿਹਾ ਤਾਂ ਉਸ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਦੇਸ਼ ਲਈ ਕੁੱਝ ਚੰਗਾ ਨਹੀਂ ਕਰ ਰਿਹਾ
ਨਵੀਂ ਦਿੱਲੀ: ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਕਿਹਾ ਹੈ ਕਿ ਮੋਦੀ ਸਰਕਾਰ ‘ਰਾਸ਼ਟਰ ਵਿਰੋਧੀ’ ਦਾ ਸਟਿੱਕਰ ਲੈ ਕੇ ਘੁੰਮ ਰਹੀ ਹੈ ਅਤੇ ਜੋ ਵੀ ਇਸ ਦੇ ਵਿਰੁਧ ਬੋਲਦਾ ਹੈ ਜਾਂ ਉਸ ਦੇ ਮਨ ਦੀ ਗੱਲ ਨਹੀਂ ਕਰਦਾ ਉਸ ’ਤੇ ਇਹ ਚਿਪਕਾ ਦਿਤਾ ਜਾਂਦਾ ਹੈ।
ਕਨ੍ਹੱਈਆ ਕੁਮਾਰ ਨੇ ਪੀ.ਟੀ.ਆਈ. ਹੈੱਡਕੁਆਰਟਰ ’ਚ ਨਿਊਜ਼ ਏਜੰਸੀ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਣ ਲਈ ‘ਰਾਸ਼ਟਰ ਵਿਰੋਧੀ’ ਕਰਾਰ ਦੇਣਾ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ, ‘‘ਅੱਜ ਦੇ ਯੁੱਗ ’ਚ ਜੇਕਰ ਕਿਸੇ ਨੂੰ ਰਾਸ਼ਟਰ ਵਿਰੋਧੀ ਨਹੀਂ ਕਿਹਾ ਜਾ ਰਿਹਾ ਤਾਂ ਉਸ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਦੇਸ਼ ਲਈ ਕੁੱਝ ਚੰਗਾ ਨਹੀਂ ਕਰ ਰਿਹਾ।’’ ਕੁਮਾਰ ਨੇ ਕਿਹਾ ਕਿ ਆਜ਼ਾਦੀ ਦਾ ਨਾਅਰਾ ਅੱਜ ਵੀ ਪ੍ਰਸੰਗਿਕ ਹੈ ਅਤੇ ਕੱਲ੍ਹ ਵੀ ਰਹੇਗਾ ਅਤੇ ਜਦੋਂ ਗੁਲਾਮੀ ਦੀ ਗੱਲ ਹੋਵੇਗੀ ਤਾਂ ਆਜ਼ਾਦੀ ਦੀ ਗੱਲ ਕੀਤੀ ਜਾਵੇਗੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਨੇ ਜੇ.ਐਨ.ਯੂ. ਨਾਲ ਜੁੜੇ ਉਨ੍ਹਾਂ ਵਰਗੇ ਆਗੂਆਂ ਨੂੰ ਇਕ ਤਬਕੇ ਵਲੋਂ ‘ਦੇਸ਼ ਵਿਰੋਧੀ’ ਕਹੇ ਜਾਣ ਬਾਰੇ ਕਿਹਾ, ‘‘ਇਹ ਮਾਣ ਦੀ ਗੱਲ ਹੈ। ਇਹ ਕੋਈ ਬੁਰੀ ਗੱਲ ਨਹੀਂ ਹੈ। ਜੇ ਤੁਸੀਂ ਕੋਈ ਅਜਿਹਾ ਕੰਮ ਕਰ ਰਹੇ ਹੋ ਜਿਸ ਬਾਰੇ ਤੁਸੀਂ ਪੱਕਾ ਇਰਾਦਾ ਰਖਦੇ ਹੋ ਕਿ ਇਹ ਸਹੀ ਹੈ, ਤਾਂ ਉਸ ਕੰਮ ਕਾਰਨ ਜਿਸ ਨੂੰ ਫਰਕ ਪੈਂਦਾ ਹੈ ਉਹ ਉਸ ਨੂੰ ਬੁਰਾ ਹੀ ਕਹਿਣਗੇ। ਜੇ ਕੋਈ ਮੈਨੂੰ ਅਪਣਾ ਦੁਸ਼ਮਣ ਮੰਨਦਾ ਹੈ, ਤਾਂ ਉਹ ਮੇਰੀ ਪ੍ਰਸ਼ੰਸਾ ਨਹੀਂ ਕਰੇਗਾ ਅਤੇ ਮੇਰੇ ਬਾਰੇ ਬੁਰੀਆਂ ਗੱਲਾਂ ਕਹੇਗਾ।’’ ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਜੇ ਕੋਈ ਤੁਹਾਨੂੰ ਠੇਸ ਪਹੁੰਚਾਉਣਾ ਚਾਹੁੰਦਾ ਹੈ, ਤਾਂ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਦੁਖੀ ਮਹਿਸੂਸ ਨਾ ਕਰੋ।’’