
ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਫਾਈਟਰ ਜੈੱਟ
ਰਾਜਸਥਾਨ : ਮਿਗ-21 ਲੜਾਕੂ ਜਹਾਜ਼ ਸੋਮਵਾਰ ਸਵੇਰੇ ਹਨੂੰਮਾਨਗੜ੍ਹ 'ਚ ਹਾਦਸਾਗ੍ਰਸਤ ਹੋ ਗਿਆ। ਲੜਾਕੂ ਜਹਾਜ਼ ਬਹਿਲੋਲ ਨਗਰ ਇਲਾਕੇ 'ਚ ਇਕ ਘਰ 'ਤੇ ਡਿੱਗਿਆ। ਇਸ ਘਰ ਵਿਚ ਰਹਿਣ ਵਾਲੀਆਂ 3 ਔਰਤਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਹੈ। ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ।
ਮ੍ਰਿਤਕਾਂ ਦੇ ਨਾਂ ਬਸ਼ੋਕੌਰ (45), ਬੰਤੋ (60) ਅਤੇ ਲੀਲਾ ਦੇਵੀ (55) ਹਨ। ਪਾਇਲਟ ਰਾਹੁਲ ਅਰੋੜਾ (25) ਨੇ ਪੈਰਾਸ਼ੂਟ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੂੰ ਸੂਰਤਗੜ੍ਹ ਭੇਜ ਦਿਤਾ ਗਿਆ ਹੈ।
ਏਅਰਫੋਰਸ ਨੇ ਕਿਹਾ, "ਮਿਗ-21 ਟ੍ਰੇਨਿੰਗ ਫਲਾਈਟ 'ਤੇ ਸੀ। ਫਲਾਈਟ ਦੌਰਾਨ ਪਾਇਲਟ ਨੂੰ ਐਮਰਜੈਂਸੀ ਸਥਿਤੀ ਦਾ ਅਹਿਸਾਸ ਹੋਇਆ, ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਅਜਿਹਾ ਨਹੀਂ ਕਰ ਸਕਿਆ ਤਾਂ ਉਸ ਨੇ ਜਹਾਜ਼ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਸੂਰਤਗੜ੍ਹ ਦੇ ਕਰੀਬ 25 ਏਅਰਬੇਸ ਤੋਂ ਕਿਲੋਮੀਟਰ ਦੂਰ ਅਸੀਂ ਪਾਇਲਟ ਨੂੰ ਲੱਭ ਲਿਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।"
ਇਸ ਹਾਦਸੇ 'ਚ ਸਰੋਜ (18), ਵਿਮਲਾ (19) ਅਤੇ ਵੀਰਪਾਲ ਕੌਰ (32) ਜ਼ਖਮੀ ਹੋ ਗਏ। ਮਿਗ-21 ਹਾਦਸੇ ਤੋਂ ਬਾਅਦ ਹੋਏ ਧਮਾਕੇ ਕਾਰਨ ਗੁਆਂਢ ਦੇ ਇਕ ਹੋਰ ਘਰ ਦੀ ਛੱਤ ਡਿੱਗ ਗਈ।ਇਸ ਘਰ 'ਚ ਰਹਿਣ ਵਾਲੀ ਔਰਤ ਨੂੰ ਵੀ ਸੱਟਾਂ ਲੱਗੀਆਂ।