
ਸਪੋਕਸਮੈਨ ਵਿਸ਼ੇਸ਼: ਵਿਰੋਧੀਆਂ ਦੇ ਡਰੋਂ ਹੱਥ 'ਚ ਕਟੋਰਾ ਫੜ ਅਪਣਿਆਂ ਤੋਂ ਹੀ ਸਮਰਥਨ ਲੈਣ ਨਿਕਲੀ ਭਾਜਪਾ
ਚੰਡੀਗੜ੍ਹ : ਕੇਂਦਰੀ ਸੱਤਾ 'ਤੇ ਬਿਰਾਜਮਾਨ ਭਾਜਪਾ 'ਮਿਸ਼ਨ 2019' ਦੀ ਕਾਮਯਾਬੀ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿਤੀਆਂ ਹਨ। ਭਾਜਪਾ ਨੂੰ ਕੇਂਦਰੀ ਸੱਤਾ 'ਤੇ ਆਇਆਂ ਚਾਰ ਸਾਲ ਦਾ ਸਮਾਂ ਹੋ ਗਿਆ ਹੈ। ਇਨ੍ਹਾਂ ਚਾਰ ਸਾਲਾਂ ਵਿਚ ਭਾਜਪਾ ਨੇ ਕਈ ਸੂਬਿਆਂ ਵਿਚ ਫਤਿਹ ਹਾਸਲ ਕੀਤੀ।
Amit Shahਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੀ ਭਾਜਪਾ ਨੇ ਅਪਣੇ ਸਹਿਯੋਗੀਆਂ ਨੂੰ ਵੀ ਕਥਿਤ ਤੌਰ 'ਤੇ ਦਰਕਿਨਾਰ ਕਰਨਾ ਸ਼ੁਰੂ ਕਰ ਦਿਤਾ ਸੀ ਪਰ ਚੌਥੇ ਸਾਲ ਦੇ ਆਖ਼ਰ ਵਿਚ ਭਾਜਪਾ ਨੂੰ ਕਈ ਅਜਿਹੇ ਝਟਕੇ ਲੱਗੇ, ਜਿਨ੍ਹਾਂ ਨੇ ਭਾਜਪਾ ਦੇ ਜੇਤੂ ਰਥ ਨੂੰ ਬ੍ਰੇਕਾਂ ਲਗਾ ਦਿਤੀਆਂ ਅਤੇ ਅਪਣੇ ਸਹਿਯੋਗੀਆਂ ਦੀ ਯਾਦ ਦਿਵਾ ਦਿਤੀ। ਹੁਣ ਭਾਜਪਾ ਇਕ ਵੱਡੀ ਪਾਰਟੀ ਹੋਣ ਦੇ ਬਾਵਜੂਦ ਹੱਥ 'ਚ ਕਟੋਰਾ ਫੜ ਕੇ ਅਪਣੇ ਹੀ ਸਹਿਯੋਗੀਆਂ ਤੋਂ ਸਮਰਥਨ ਮੰਗਣ ਲਈ ਨਿਕਲ ਪਈ ਹੈ।
Amit Shahਇਨ੍ਹਾਂ ਘਟਨਾਕ੍ਰਮਾਂ ਨੇ ਭਾਜਪਾ ਦੀਆਂ ਚਿੰਤਾਵਾਂ ਇਸ ਕਦਰ ਵਧਾ ਦਿਤੀਆਂ ਅਤੇ ਉਸ ਨੂੰ 'ਮਿਸ਼ਨ 2019' ਵਿਚ ਕਾਫ਼ੀ ਰੁਕਾਵਟਾਂ ਸਾਫ਼-ਸਾਫ਼ ਨਜ਼ਰ ਆਉਣ ਲੱਗੀਆਂ ਹਨ। ਭਾਵੇਂ ਕਿ ਦੇਸ਼ ਵਿਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਹੈ, ਪਰ ਇਸ ਦੇ ਬਾਵਜੂਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਅਪਣੇ ਸਹਿਯੋਗੀਆਂ ਨਾਲ ਖ਼ੁਦ ਜਾ ਕੇ ਰਾਬਤਾ ਕਾਇਮ ਕਰਨਾ ਪੈ ਰਿਹਾ ਹੈ। ਭਾਜਪਾ ਨੇ ਆਪਣੇ ਸਹਿਯੋਗੀਆਂ ਨੂੰ ਮਿਲਣ ਲਈ 'ਸੰਪਰਕ ਫਾਰ ਸਮਰਥਨ' ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਵੀ ਭਾਜਪਾ ਦੀਆਂ ਚਿੰਤਾਵਾਂ ਦਾ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Amit Shah Meets Badalਭਾਜਪਾ ਪ੍ਰਧਾਨ ਅਮਿਤ ਸ਼ਾਹ ਲਗਾਤਾਰ ਅਪਣੇ ਸਹਿਯੋਗੀਆਂ ਨੂੰ ਮਿਲ ਰਹੇ ਹਨ, ਜਿਸ ਤਹਿਤ ਉਨ੍ਹਾਂ ਨੇ ਸ਼ਿਵ ਸੈਨਾ, ਅਕਾਲੀ ਦਲ, ਜਨਤਾ ਦਲ ਯੂਨਾਇਟਡ (ਜੇਡੀਯੂ) ਦੇ ਮੁਖੀਆਂ ਨਾਲ ਮੁਲਾਕਾਤ ਕੀਤੀ।
ਬੀਤੇ ਦਿਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਪੁਰਾਣੀ ਅਤੇ ਸਭ ਤੋਂ ਵੱਡੀ ਆਲੋਚਕ ਹੋ ਚੁੱਕੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੂੰ ਮਨਾਉਣ ਲਈ ਪਾਰਟੀ ਦੇ ਮੁਖੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਭਾਵੇਂ ਕਿ ਭਾਜਪਾ ਵਲੋਂ ਇਹ ਯਤਨ ਆਪਸੀ ਕੁੜੱਤਣ ਦੂਰ ਕਰਨ ਲਈ ਕੀਤਾ ਗਿਆ ਸੀ ਅ਼ਫਸੋਸ ਪਰ ਦੋਹਾਂ ਪਾਰਟੀਆਂ ਵਿਚਕਾਰ ਕੁੜੱਤਣ ਰੱਤੀ ਭਰ ਵੀ ਘੱਟ ਨਹੀਂ ਹੋ ਸਕੀ।
Amit Shah Meets Badalਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਸਾਫ਼ ਸ਼ਬਦਾਂ ਵਿਚ ਆਖ ਦਿਤਾ ਕਿ ਸਾਨੂੰ ਪਤਾ ਹੈ ਕਿ ਅਮਿਤ ਸ਼ਾਹ ਦਾ ਏਜੰਡਾ ਕੀ ਹੈ, ਪਰ ਸ਼ਿਵ ਸੈਨਾ ਨੇ ਇਕ ਮਤਾ ਪਾਸ ਕੀਤਾ ਹੈ ਕਿ ਅਸੀਂ ਸਾਰੀਆਂ ਆਉਂਦੀਆਂ ਚੋਣਾਂ ਅਪਣੇ ਦਮ 'ਤੇ ਲੜਾਂਗੇ ਅਤੇ ਇਸ ਮਤੇ 'ਚ ਕੋਈ ਬਦਲਾਅ ਨਹੀਂ ਹੋਵੇਗਾ। ਅਪਣੇ ਹੀ ਕਿਸੇ ਸਹਿਯੋਗੀ ਤੋਂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਭਾਜਪਾ ਲਈ ਕਾਫ਼ੀ ਦੁਖਦਾਈ ਹੈ।
ਅਸਲ ਵਿਚ ਸ਼ਿਵ ਸੈਨਾ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਖ਼ਫ਼ਾ ਹੈ ਅਤੇ ਉਸ ਨੇ ਲਗਾਤਾਰ ਉਨ੍ਹਾਂ 'ਤੇ ਹਮਲੇ ਕੀਤੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਸ਼ਿਵ ਸੈਨਾ ਅਤੇ ਭਾਜਪਾ ਨੇ ਮਹਾਰਾਸ਼ਟਰ ਦੀ ਪਾਲਘਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵੱਖ-ਵੱਖ ਲੜੀ ਸੀ ਅਤੇ ਪ੍ਰਚਾਰ ਦੌਰਾਨ ਦੋਵਾਂ ਨੇ ਇਕ-ਦੂਜੇ ਵਿਰੁਧ ਜਮ ਕੇ ਪ੍ਰਚਾਰ ਕੀਤਾ ਸੀ। ਪਾਲਘਰ ਜ਼ਿਮਨੀ ਚੋਣ 'ਚ ਭਾਜਪਾ ਤੋਂ ਹਾਰਨ ਤੋਂ ਬਾਅਦ ਸ਼ਿਵ ਸੈਨਾ ਨੇ ਸਹਿਯੋਗੀ ਪਾਰਟੀ ਨੂੰ ਸਭ ਤੋਂ ਵੱਡਾ ਸਿਆਸੀ ਦੁਸ਼ਮਣ ਕਰਾਰ ਦਿਤਾ ਸੀ।
Amit Shah & Nitish Kumarਸ਼ਿਵ ਸੈਨਾ ਨੇ ਸ਼ਾਹ ਅਤੇ ਠਾਕਰੇ ਵਿਚਕਾਰ ਚਾਰ ਸਾਲ ਦੇ ਵਕਫ਼ੇ ਤੋਂ ਬਾਅਦ ਮੀਟਿੰਗ ਦੀ ਜ਼ਰੂਰਤ 'ਤੇ ਵੀਰਵਾਰ ਨੂੰ ਸਵਾਲ ਉਠਾਏ ਸਨ। ਊਧਵ ਠਾਕਰੇ ਨੂੰ ਮਿਲਣ ਸਮੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਹੋਰ ਕਈ ਸੀਨੀਅਰ ਭਾਜਪਾ ਨੇਤਾ ਸ਼ਾਮਲ ਸਨ। ਭਾਵੇਂ ਕਿ ਇਸ ਦੌਰਾਨ ਸ਼ਿਵ ਸੈਨਾ ਮੁਖੀ ਨੇ ਭਾਜਪਾ ਮੁਖੀ ਦੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਪਰ ਸ਼ਿਵ ਸੈਨਾ ਵਲੋਂ ਸਾਰੀਆਂ ਚੋਣਾਂ ਅਪਣੇ ਦਮ 'ਤੇ ਲੜੇ ਜਾਣ ਦੀ ਗੱਲ ਸੁਣ ਕੇ ਸਾਰੇ ਭਾਜਪਾ ਨੇਤਾ ਮੂੰਹ ਲਟਕਾ ਕੇ ਵਾਪਸ ਆ ਗਏ।
Amit Shah & Nitish Kumar CM Biharਹਾਲਾਂਕਿ ਸ਼ਿਵ ਸੈਨਾ ਨੇ ਮੀਟਿੰਗ ਤੋਂ ਪਹਿਲਾਂ ਹੀ ਅਪਣੇ ਅਖ਼ਬਾਰ ਦੀ ਸੰਪਾਦਕੀ ਵਿਚ ਪਾਰਟੀ ਦੇ ਰੁਖ਼ ਦਾ ਖ਼ੁਲਾਸਾ ਕਰ ਦਿਤਾ ਸੀ। ਅਸਲ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਉਨ੍ਹਾਂ ਸਹਿਯੋਗੀਆਂ ਨੂੰ ਮਨਾਉਣ ਲਈ ਨਿਕਲੇ ਹਨ, ਜੋ ਜਾਂ ਤਾਂ ਉਸ ਦੀ ਆਲੋਚਨਾ ਕਰ ਰਹੇ ਹਨ ਜਾਂ ਉਸ ਤੋਂ ਕਿਸੇ ਗੱਲੋਂ ਨਾਰਾਜ਼ ਹਨ। ਸ਼ਿਵ ਸੈਨਾ ਨੇ ਅਪਣੇ ਮੁੱਖ ਅਖ਼ਬਾਰ 'ਸਾਮਨਾ' 'ਚ ਭਾਜਪਾ ਦਾ ਮਖੌਲ ਉਡਾਉਂਦਿਆਂ ਕਿਹਾ ਹੈ ਕਿ ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੀ ਸੈਰ ਕਰ ਰਹੇ ਹਨ, ਉੱਥੇ ਸ਼ਾਹ ਦੇਸ਼ ਦੀ ਸੈਰ 'ਤੇ ਹਨ। ਸ਼ਿਵ ਸੈਨਾ ਦੇ ਰਵੱਈਏ ਤੋਂ ਸਾਫ਼ ਜ਼ਾਹਿਰ ਹੈ ਕਿ ਭਾਜਪਾ ਦੀ ਹੁਣ ਇੱਥੇ ਦਾਲ ਨਹੀਂ ਗਲਣ ਵਾਲੀ।
Chandar Babu Naidu & Amit Shahਇਸੇ ਤੋਂ ਇਲਾਵਾ ਅਮਿਤ ਸ਼ਾਹ ਨੇ ਜੇਡੀਯੂ ਦੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਹੈ, ਜਿੱਥੇ ਨਿਤੀਸ਼ ਨੇ ਸ਼ਾਹ ਨੂੰ ਸਮਰਥਨ ਦਾ ਭਰੋਸਾ ਦੇ ਦਿਤਾ ਹੈ ਪਰ ਨਾਲ ਹੀ ਉਨ੍ਹਾਂ ਅਪਣੇ ਸੂਬੇ ਦੇ ਕਈ ਮੁੱਦੇ ਉਨ੍ਹਾਂ ਦੇ ਸਾਹਮਣੇ ਉਠਾ ਦਿਤੇ। ਭਾਵੇਂ ਕਿ ਨਿਤੀਸ਼ ਕੁਮਾਰ ਵੀ ਭਾਜਪਾ ਦੇ ਹੱਥ ਦੇਖ ਚੁਕੇ ਹਨ ਪਰ ਇਸ ਸਮੇਂ ਭਾਜਪਾ ਦਾ ਸਮਰਥਨ ਕਰਨਾ ਉਨ੍ਹਾਂ ਦੀ ਇਕ ਤਰ੍ਹਾਂ ਨਾਲ ਮਜਬੂਰੀ ਬਣ ਗਿਆ ਜਾਪਦਾ ਹੈ
Chandar Babu Naidu & Amit Shahਕਿਉਂਕਿ ਸੂਬੇ ਵਿਚ ਭਾਜਪਾ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਹੈ, ਜਦਕਿ ਲਾਲੂ ਪ੍ਰਸਾਦ ਦੀ ਰਾਜਦ ਨਾਲੋਂ ਉਨ੍ਹਾਂ ਨੇ ਨਾਤਾ ਤੋੜ ਲਿਆ ਸੀ ਕਿਉਂਕਿ ਲਾਲੂ ਪ੍ਰਸਾਦ ਦੇ ਬੇਟੇ ਦਾ ਨਾਮ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਹਮਣੇ ਆ ਰਿਹਾ ਸੀ। ਲਾਲੂ ਦਾ ਬੇਟਾ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਨਹੀਂ ਸੀ ਪਰ ਆਖ਼ਰਕਾਰ ਇਸ ਮੁੱਦੇ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਖ਼ਤਮ ਹੋ ਗਿਆ।
Bhajpa Anti Morchaਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਸਰਕਾਰ ਨੇ ਪੰਜਾਬ ਲਈ ਕੋਈ ਅਜਿਹਾ ਵਿਸ਼ੇਸ਼ ਨਹੀਂ ਦਿਤਾ, ਜਿਸ ਲਈ ਉਸ ਦੀ ਸ਼ਲਾਘਾ ਕੀਤੀ ਜਾਵੇ ਪਰ ਅਕਾਲੀ ਦਲ ਵਲੋਂ ਬਿਨਾਂ ਸ਼ਰਤ ਭਾਜਪਾ ਨੂੰ ਅਪਣਾ ਸਮਰਥਨ ਦੇਣਾ ਇਹ ਸਾਬਤ ਕਰਦਾ ਹੈ ਕਿ ਜਿਵੇਂ ਅਕਾਲੀ ਦਲ ਨੂੰ ਅਪਣੇ ਆਪ 'ਤੇ ਭਰੋਸਾ ਨਾ ਹੋਵੇ।
ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਦੀ ਅਪਣੀ ਭਾਈਵਾਲ ਪਾਰਟੀ ਦੀ ਸਰਕਾਰ ਤੋਂ ਸਿੱਖਾਂ ਦੀਆਂ ਕਾਫ਼ੀ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਏ ਪਰ ਅਫ਼ਸੋਸ ਕਿ ਅਕਾਲੀ ਦਲ ਨੇ ਭਾਜਪਾ ਅੱਗੇ ਅਜਿਹੀ ਕੋਈ ਵੀ ਮੰਗ ਨਹੀਂ ਰੱਖੀ।
ਇਸ ਤੋਂ ਪਹਿਲਾਂ ਮਾਰਚ ਮਹੀਨੇ ਤਾਮਿਲਨਾਡੂ ਦੀ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਅਤੇ ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਨਾਇਡੂ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਤਾਮਿਲਨਾਡੂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਨਹੀਂ ਨਿਭਾਇਆ।
ਚੰਦਰਬਾਬੂ ਨਾਇਡੂ ਨੇ ਭਾਜਪਾ ਨੂੰ ਸਮਰਥਨ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ ਸੀ ਕਿ ਉਹ ਹੁਣ ਗਠਜੋੜ ਧਰਮ ਨਿਭਾਉਣ ਤੋਂ ਅਸਮਰਥ ਹਨ। ਜਦੋਂ ਅਪਣੇ ਸੂਬੇ ਦੇ ਮੁੱਦੇ 'ਤੇ ਚੰਦਰਬਾਬੂ ਨਾਇਡੂ ਅਤੇ ਸ਼ਿਵ ਸੈਨਾ ਵਰਗੀਆਂ ਪਾਰਟੀਆਂ ਸਖ਼ਤ ਰੁਖ਼ ਦਿਖਾ ਸਕਦੀਆਂ ਹਨ ਤਾਂ ਅਕਾਲੀ ਦਲ ਕਿਉਂ ਨਹੀਂ?
BJPਉਧਰ ਕਾਂਗਰਸ ਸਮੇਤ ਕੁੱਝ ਹੋਰ ਖੇਤਰੀ ਪਾਰਟੀਆਂ ਮਿਲ ਕੇ ਅੰਦਰੂਨੀ ਤੌਰ 'ਤੇ ਭਾਜਪਾ ਨੂੰ ਹਰਾਉਣ ਲਈ ਇਕਜੁਟ ਹੋ ਚੁੱਕੀਆਂ ਹਨ। ਉਨ੍ਹਾਂ ਦੀ ਇਕਜੁਟਤਾ ਨੇ ਭਾਜਪਾ ਨੂੰ ਜ਼ਿਮਨੀ ਚੋਣਾਂ ਵਿਚ ਅਪਣਾ ਟ੍ਰੇਲਰ ਵੀ ਦਿਖਾ ਦਿਤਾ ਹੈ, ਜਿਸ ਵਿਚ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ। ਖ਼ੈਰ! ਇਕ ਗੱਲ ਸਾਫ਼ ਹੋ ਗਈ ਹੈ ਕਿ ਭਾਜਪਾ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਹੈ ਕਿ ਵਿਰੋਧੀ ਇਕੱਠੇ ਹੋ ਕੇ ਉਸ ਨੂੰ ਧੋਬੀ ਪਟਕਾ ਮਾਰ ਸਕਦੇ ਹਨ। ਇਸੇ ਲਈ ਭਾਜਪਾ ਪ੍ਰਧਾਨ ਸਹਿਯੋਗੀਆਂ ਨੂੰ ਮਨਾਉਣ ਦੇ ਖ਼ਾਸ ਮਿਸ਼ਨ 'ਤੇ ਨਿਕਲੇ ਹੋਏ ਹਨ
ਪਰ ਦੇਖਣਾ ਇਹ ਹੋਵੇਗਾ ਕਿ ਭਾਜਪਾ ਅਪਣੇ ਸਹਿਯੋਗੀਆਂ ਦੀ ਨਾਰਾਜ਼ਗੀ ਦੂਰ ਕਰਨ ਵਿਚ ਕਿੰਨੀ ਸਫ਼ਲ ਹੁੰਦੀ ਹੈ ਅਤੇ 2019 ਤਕ ਪਹੁੰਚਦਿਆਂ ਉਸ ਦੇ ਕਿੰਨੇ ਸਹਿਯੋਗੀ ਉਸ ਨੂੰ ਸਮਰਥਨ ਦਿੰਦੇ ਹਨ ਜਾਂ ਫਿਰ ਸ਼ਿਵ ਸੈਨਾ ਜਾਂ ਟੀਡੀਪੀ ਵਾਂਗ ਭਾਜਪਾ ਦਾ ਕਟੋਰਾ ਅਪਣੀਆਂ ਨਾਰਾਜ਼ਗੀਆਂ ਨਾਲ ਭਰ ਕੇ ਵਾਪਸ ਭੇਜਣਗੇ?