
ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਦਾ ਸੱਭ ਤੋਂ ਵੱਡਾ ਹੀਰੋ ਫਿਲਮ ਅਦਾਕਾਰ ਸੋਨੂੰ ਸੂਦ ਹੈ। ਇਸ ਅਦਾਕਾਰ ਨੇ ਲੱਖਾਂ ਮਜ਼ਦੂਰਾਂ ਨੂੰ ਤਾਲਾਬੰਦੀ ਦੌਰਾਨ ਅਪਣੇ
ਮੁੰਬਈ, 7 ਜੂਨ : ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਦਾ ਸੱਭ ਤੋਂ ਵੱਡਾ ਹੀਰੋ ਫਿਲਮ ਅਦਾਕਾਰ ਸੋਨੂੰ ਸੂਦ ਹੈ। ਇਸ ਅਦਾਕਾਰ ਨੇ ਲੱਖਾਂ ਮਜ਼ਦੂਰਾਂ ਨੂੰ ਤਾਲਾਬੰਦੀ ਦੌਰਾਨ ਅਪਣੇ ਖ਼ਰਚੇ ਉਤੇ ਵਾਪਸ ਘਰ ਭੇਜਿਆ। ਸੋਨੂੰ ਦੀ ਮਾਨਵਤਾ ਦੀ ਮਿਸਾਲ ਦੀ ਚਰਚਾ ਨਾ ਸਿਰਫ਼ ਮੁੰਬਈ ਬਲਕਿ ਦੇਸ਼ ਦੇ ਹਰ ਕੋਨੇ ਵਿਚ ਹੈ। ਪਰ ਅਜਿਹਾ ਲੱਗਦਾ ਹੈ ਕਿ ਮਹਾਰਾਸ਼ਟਰ ਵਿਚ ਸੱਤਾਧਾਰੀ ਸ਼ਿਵਸੈਨਾ ਸੋਨੂੰ ਸੂਦ ਦੇ ਕੰਮ ਨੂੰ ਪਸੰਦ ਨਹੀਂ ਕਰ ਰਹੀ ਹੈ। ਪਾਰਟੀ ਨੇ ਸੂਦ ਨੂੰ ਨਿਸ਼ਾਨਾ ਬਣਾਉਂਦਿਆਂ ਅਪਣੇ ਮੁੱਖ ਪੱਤਰ ‘ਸਾਮਨਾ’ ਵਿਚ ਸੂਦ ਦਾ ਮਜ਼ਾਕ ਉਡਾਇਆ ਹੈ।
ਲਿਖਿਆ ਗਿਆ ਹੈ ਕਿ ਜਲਦੀ ਹੀ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਅਤੇ ਮੁੰਬਈ ਦੇ ਸੈਲੇਬਰਿਟੀ ਮੈਨੇਜਰ ਬਣਨਗੇ। ਸੰਪਾਦਕੀ ਵਿਚ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੌਰਾਨ ਇਕ ਨਵਾਂ ‘ਮਹਾਤਮਾ’ ਆ ਗਿਆ ਹੈ, ਜਿਸ ਨੂੰ ਲੋਕ ਸੋਨੂੰ ਸੂਦ ਕਹਿੰਦੇ ਹਨ। ਰਾਉਤ ਨੇ ਲਿਖਿਆ, ‘ਇਹ ਕਿਹਾ ਜਾ ਰਿਹਾ ਹੈ ਕਿ ਇਸ ਅਭਿਨੇਤਾ ਨੇ ਲੱਖਾਂ ਪ੍ਰਵਾਸੀਆਂ ਨੂੰ ਅਪਣੇ ਰਾਜਾਂ ਵਿਚ ਭੇਜਿਆ। ਮਹਾਰਾਸ਼ਟਰ ਦੇ ਰਾਜਪਾਲ ਨੇ ਵੀ ‘ਮਹਾਤਮਾ ਸੂਦ’ ਦੀ ਪ੍ਰਸ਼ੰਸਾ ਕੀਤੀ ਹੈ। ਅਜਿਹਾ ਲਗਦਾ ਹੈ ਕਿ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਪ੍ਰਵਾਸੀਆਂ ਨੂੰ ਭੇਜਣ ਲਈ ਕੋਈ ਕੰਮ ਨਹੀਂ ਕਰ ਰਹੀਆਂ ਹਨ। ਰਾਉਤ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜਦੋਂ ਰਾਜ ਦੀਆਂ ਸਰਕਾਰਾਂ ਪ੍ਰਵਾਸੀਆਂ ਨੂੰ ਆਉਣ ਦੀ ਆਗਿਆ ਨਹੀਂ ਦੇ ਰਹੀਆਂ ਤਾਂ ਉਹ ਕਿਥੇ ਜਾ ਰਹੇ ਹਨ। (ਏਜੰਸੀ)