
NIA News : ਪਹਿਲਾਂ 4 ਲੋਕਾਂ ਖ਼ਿਲਾਫ਼ ਕੀਤੀ ਗਈ ਚਾਰਜਸ਼ੀਟ ਦਾਇਰ
NIA News :ਕੌਮੀ ਜਾਂਚ ਏਜੰਸੀ (NIA) ਨੇ ਅਟਾਰੀ ’ਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ’ਚ 7 ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸ਼ੁੱਕਰਵਾਰ ਨੂੰ ਪਟਿਆਲਾ ਹਾਊਸ ਕੋਰਟ 'ਚ ਦਾਇਰ ਕੀਤੀ ਗਈ ਆਪਣੀ ਸਪਲੀਮੈਂਟਰੀ ਚਾਰਜਸ਼ੀਟ 'ਚ ਜਾਂਚ ਏਜੰਸੀ ਨੇ ਮਾਮਲੇ ਨਾਲ ਸਬੰਧਤ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਸਾਜ਼ਿਸ਼ ਦੇ ਮੁੱਖ ਸੰਚਾਲਕਾਂ ਵਜੋਂ 7 ਮੁਲਜ਼ਮਾਂ ਦੀ ਪਛਾਣ ਕੀਤੀ ਹੈ।
ਐਨਆਈਏ ਦੀ ਜਾਂਚ ਦੇ ਅਨੁਸਾਰ, ਸਾਰੇ 7 ਮੁਲਜ਼ਮ - ਅਥਰ ਸਈਦ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਤਹਿਸੀਮ, ਦੀਪਕ ਖੁਰਾਣਾ ਅਤੇ ਅਹਿਮਦ ਫਰੀਦ - ਕਥਿਤ ਤੌਰ 'ਤੇ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੱਖ-ਵੱਖ ਵਿਤਰਕਾਂ ਨੂੰ ਵੰਡਣ ’ਚ ਸ਼ਾਮਲ ਸਨ। NIA ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਨਸ਼ਿਆਂ ਦੀ ਕਮਾਈ ਵਿਦੇਸ਼ਾਂ ’ਚ ਸਥਿਤ ਮੁੱਖ ਮੁਲਜ਼ਮਾਂ ਤੱਕ ਪਹੁੰਚਾਉਣ ’ਚ ਵੀ ਸ਼ਾਮਲ ਸਨ। ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਪਹਿਲਾਂ 4 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਇਸ ਸਬੰਧੀ ਐਨਆਈਏ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੁਬਈ ਦੇ ਫ਼ਰਾਰ ਮੁਲਜ਼ਮ ਸ਼ਾਹਿਦ ਅਹਿਮਦ ਉਰਫ਼ ਕਾਜ਼ੀ ਅਬਦੁਲ ਵਦੂਦ ਦੇ ਨਿਰਦੇਸ਼ਾਂ ’ਤੇ ਅਫ਼ਗਾਨਿਸਤਾਨ ਦੇ ਨਜ਼ੀਰ ਅਹਿਮਦ ਕਾਨੀ ਵੱਲੋਂ ਦੇਸ਼ ’ਚ ਇਸ ਦੀ ਤਸਕਰੀ ਕੀਤੀ ਗਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਖੇਪ ਦੋਸ਼ੀ ਰਾਜ਼ੀ ਹੈਦਰ ਜ਼ੈਦੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੰਡਣ ਲਈ ਦਿੱਤੀ ਜਾਣੀ ਸੀ। ਦਸੰਬਰ 2022 ’ਚ ਐਨਆਈਏ ਨੇ ਇਨ੍ਹਾਂ ਤਿੰਨਾਂ ਦੇ ਨਾਲ-ਨਾਲ ਇੱਕ ਵਿਪਿਨ ਮਿੱਤਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।
ਇਹ ਵੀ ਪੜੋ:PSEB Board : ਸਿੱਖਿਆ ਬੋਰਡ ਵਲੋਂ 5ਵੀਂ, 8ਵੀਂ,10ਵੀਂ ਤੇ 12ਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ 4 ਜੁਲਾਈ ਤੋਂ ਸ਼ੁਰੂ
ਇਸ ਮਾਮਲੇ ’ਚ ਮਿੱਤਲ ਅਤੇ ਰਾਜ਼ੀ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦਸੰਬਰ 2023 ’ਚ ਐਨਆਈਏ ਨੇ ਇੱਕ ਹੋਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਕੋਲੋਂ 1.34 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ। NIA ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਸੀ। ਐਨਆਈਏ ਨੇ ਇਸ ਮਾਮਲੇ ਵਿੱਚ ਅਪ੍ਰੈਲ ਅਤੇ ਮਈ 2024 ’ਚ 5 ਹੋਰ ਗ੍ਰਿਫ਼ਤਾਰੀਆਂ ਕੀਤੀਆਂ। ਫੜੇ ਗਏ ਦੋਸ਼ੀਆਂ ਦੀ ਪਛਾਣ ਅਥਰ ਸਈਦ, ਅਵਤਾਰ ਸਿੰਘ, ਹਰਵਿੰਦਰ ਸਿੰਘ, ਤਹਿਸੀਮ ਅਤੇ ਦੀਪਕ ਖੁਰਾਣਾ ਵਜੋਂ ਹੋਈ ਹੈ।
(For more news apart from NIA files charge sheet against 7 others in case of recovery of 100 kg of narcotics at Attari border News in Punjabi, stay tuned to Rozana Spokesman)