Nijji Dairy De Panne: ਲੋਕ, ਧਰਮ ਦੇ ਨਾਂ ’ਤੇ ਇਕ ਦੂਜੇ ਨੂੰ ਨਫ਼ਰਤ ਕਿਉਂ ਕਰਨ ਲੱਗ ਪੈਂਦੇ ਹਨ?
Published : Feb 1, 2026, 8:11 am IST
Updated : Feb 1, 2026, 8:11 am IST
SHARE ARTICLE
photo
photo

ਇਕ ਦੂਜੇ ਪ੍ਰਤੀ ਨਫ਼ਰਤ ਤਾਂ ਸਾਡੇ ਦਿਲਾਂ ਵਿਚ ਪਹਿਲਾਂ ਹੀ ਮੌਜੂਦ ਹੁੰਦੀ ਹੈ ਤੇ ਧਰਮ, ਨਸਲ, ਦੇਸ਼ ਸਮੇਤ ਕਈ ਕਾਰਨ ਹਨ.....

  • ਇਕ ਦੂਜੇ ਪ੍ਰਤੀ ਨਫ਼ਰਤ ਤਾਂ ਸਾਡੇ ਦਿਲਾਂ ਵਿਚ ਪਹਿਲਾਂ ਹੀ ਮੌਜੂਦ ਹੁੰਦੀ ਹੈ ਤੇ ਧਰਮ, ਨਸਲ, ਦੇਸ਼ ਸਮੇਤ ਕਈ ਕਾਰਨ ਹਨ ਜੋ ਸਾਡੇ ਸਾਹਮਣੇ ਆਉਂਦਿਆਂ ਹੀ, ਅੰਦਰ ਦੀ ਛੁਪੀ ਹੋਈ ਨਫ਼ਰਤ, ਬਾਹਰ, ਉਂਡੇਲਣ ਲਈ ਮਜਬੂਰ ਕਰ ਦੇਂਦੇ ਹਨ

ਮੈਨੂੰ ਅਮਰੀਕਾ ਦੇ ਅਮੀਰ ਸਿੱਖ ਸਾਇੰਸਦਾਨ, ਨਰਿੰਦਰ ਸਿੰਘ ਕਪਾਨੀ ਦਾ ਫ਼ੋਨ ਆਇਆ ਕਿ ‘‘ਮੈਂ ਵੀ ਇੰਗਲੈਂਡ ਆਇਆ ਹੋਇਆ ਹਾਂ। ਪੁਛ-ਪੁਛਾ ਕੇ, ਬੜੀ ਮੁਸ਼ਕਲ ਨਾਲ ਪਤਾ ਲੱਗੈ ਕਿ ਤੁਸੀ ਬਰਮਿੰਘਮ ਵਿਚ ਠਹਿਰੇ ਹੋਏ ਹੋ। ਮੈਂ ਲੰਡਨ ਵਿਚ ਅਪਣਾ ਫ਼ਲੈਟ ਖ਼ਰੀਦਿਆ ਹੋਇਆ ਹੈ। ਜੇ ਤੁਸੀ ਇਕ ਦਿਨ ਲਈ ਮੇਰੇ ਮਹਿਮਾਨ ਬਣਨਾ ਪ੍ਰਵਾਨ ਕਰੋ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ।’’

ਕਪਾਨੀ ਜੀ ਮੈਨੂੰ ਚੰਡੀਗੜ੍ਹ ਆ ਕੇ ਵੀ ਮਿਲ ਚੁੱਕੇ ਸਨ, ਇਸ ਲਈ ਉਨ੍ਹਾਂ ਦਾ ਸੱਦਾ  ਪ੍ਰਵਾਨ ਕਰਨ ਵਿਚ ਮੈਨੂੰ ਕਿਸੇ ਝਿਜਕ ਦਾ ਸਾਹਮਣਾ ਨਾ ਕਰਨਾ ਪਿਆ। ਉਨ੍ਹਾਂ ਨੇ ਮੈਨੂੰ ਦਸਿਆ ਕਿ ‘‘ਮੈਟਰੋ ਗੱਡੀ ਵਿਚ ਬੈਠ ਕੇ, ਇਕ  ਘੰਟੇ ਵਿਚ ਮੈਂ ਉਨ੍ਹਾਂ ਦੇ ਸ਼ਹਿਰ ਪਹੁੰਚ ਸਕਦਾ ਹਾਂ। ਸਟੇਸ਼ਨ ਦੇ ਬਾਹਰ ਟੈਕਸੀ ਖੜੀ ਮਿਲੇਗੀ। ਟੈਕਸੀ ਵਿਚ ਬੈਠ ਕੇ ਮੇਰੇ ਫ਼ਲੈਟ ਦਾ ਪਤਾ ਦੇ ਦਿਉ। ਦੋ ਮਿੰਟ ਵਿਚ ਟੈਕਸੀ ਤੁਹਾਨੂੰ ਮੇਰੇ ਫ਼ਲੈਟ ਅੱਗੇ ਲਿਆ ਖੜਾ ਕਰੇਗੀ। ਤੁਹਾਨੂੰ ਸਿਰਫ਼ ਤਿੰਨ ਪੌਂਡ ਟੈਕਸੀ ਵਾਲੇ ਨੂੰ ਦੇਣੇ ਪੈਣਗੇ।’’

ਮੈਂ ਸਟੇਸ਼ਨ ’ਤੇ ਉਤਰ ਕੇ, ਕਪਾਨੀ ਜੀ ਦੇ ਦੱਸੇ ਅਨੁਸਾਰ, ਟੈਕਸੀ ਵਿਚ ਬੈਠ ਗਿਆ ਤੇ ਡਰਾਈਵਰ ਨੂੰ ਪਹੁੰਚ-ਟਿਕਾਣੇ ਦਾ ਪਤਾ ਦੇ ਦਿਤਾ। ਮੀਟਰ ਡਾਊਨ ਕਰ ਕੇ, ਉਹ ਟੈਕਸੀ ਚਲਾਂਦਾ ਗਿਆ ਤੇ ਟੈਕਸੀ ਦੇ ਮੀਟਰ ਵਿਚ ਕਿਰਾਇਆ ‘ਤਾਂਹ ਦਾ ਤਾਂਹ’ ਉਛਾਲੇ ਮਾਰਨ ਲੱਗ ਪਿਆ। ਮੀਟਰ ਤਿੰਨ ਪੌਂਡ ਦੀ ਹੱਦ ਟੱਪ ਗਿਆ। ਮੈਂ ਫਿਰ ਵੀ ਸਬਰ ਕਰੀ ਬੈਠਾ ਰਿਹਾ। ਚਾਰ ਪੌਂਡ.... ਪੰਜ ਪੌਂਡ.... ਛੇ ਪੌਂਡ.... ਸੱਤ ਪੌਂਡ... ਅੱਠ ਪੌਂਡ....। ਮੇਰਾ ਜੀਅ ਡੋਬੂ ਖਾਣ ਲੱਗਾ। ਇਕ ਪੌਂਡ ਦਾ ਮਤਲਬ 70 ਰੁਪਏ ਸੀ ਤੇ ਮੇਰੀ ਜੇਬ ਵਿਚ ਪੌਂਡ ਥੋੜ੍ਹੇ ਜਿਹੇ ਹੀ ਸਨ। ਦੇਸ਼ ਵਾਪਸ ਪਰਤਣ ਦਾ ਸਮਾਂ ਹੋ ਚਲਿਆ ਸੀ ਤੇ ਜਿੰਨੇ ਪੌਂਡ ਮੈਂ ਇਥੋਂ ਲੈ ਗਿਆ ਸੀ, ਉਹ ਖ਼ਤਮ ਹੋਣ ਦੇ ਨੇੜੇ ਪਹੁੰਚ ਚੁੱਕੇ ਸਨ। ਮੈਨੂੰ ਕਪਾਨੀ ਜੀ ਨੇ ਦਸਿਆ ਸੀ ਕਿ ਸਟੇਸ਼ਨ ਤੋਂ ਉਨ੍ਹਾਂ ਦੇ ਫ਼ਲੈਟ ਤਕ ਪੁੱਜਣ ਲਈ ਦੋ ਸੌ ਰੁਪਏ ਖ਼ਰਚਣੇ ਪੈਣਗੇ ਪਰ ਇਥੇ ਤਾਂ 700 ਰੁਪਏ ਤੋਂ ਵੀ ਉਪਰ ਤਕ ਮੀਟਰ ਪਹੁੰਚ ਗਿਆ ਸੀ। ਮੈਂ ਬੜੀ ਹਲੀਮੀ ਨਾਲ ਗੋਰੇ ਡਰਾਈਵਰ ਨੂੰ ਪੁਛਿਆ, ‘‘ਅਸੀ ਠੀਕ ਰਸਤੇ ਵਲ ਹੀ ਜਾ ਰਹੇ ਹਾਂ ਨਾ? ਤੈਨੂੰ ਪੱਕਾ ਪਤਾ ਹੈ ਨਾ ਕਿ ਅਸੀ ਕਿਸੇ ਗ਼ਲਤ ਰਾਹ ’ਤੇ ਨਹੀਂ ਪੈ ਗਏ?’’

ਅੰਗਰੇਜ਼ ਡਰਾਈਵਰ ਨੇ ਗਰਦਨ ਘੁਮਾ ਕੇ ਮੇਰੇ ਵਲ ਵੇਖਿਆ ਤੇ ਬੜੇ ਨਫ਼ਰਤ ਭਰੇ ਅੰਦਾਜ਼ ’ਚ ਬੋਲਿਆ, ‘‘ਇਹ ਲੰਡਨ ਹੈ, ਦਿੱਲੀ ਜਾਂ ਬੰਬਈ ਨਹੀਂ। ‘ਚੀਟ’ (ਧੋਖੇਬਾਜ਼) ਇਥੇ ਨਹੀਂ ਰਹਿੰਦੇ, ਇੰਡੀਆ ਵਿਚ ਰਹਿੰਦੇ ਨੇ।’’ ਮੈਂ ਬਾਹਰਲੇ ਦੇਸ਼ ਵਿਚ ਗਿਆ ਹੋਇਆ ਸੀ, ਇਸ ਲਈ ਉਸ ਨਾਲ ਪੰਗਾ ਨਹੀਂ ਸੀ ਲੈਣਾ ਚਾਹੁੰਦਾ। ਮੈਂ ਦੁਬਾਰਾ ਹਲੀਮੀ ਨਾਲ ਉਸ ਨੂੰ ਦਸਿਆ ਕਿ ਡਾ. ਕਪਾਨੀ ਨੇ ਮੈਨੂੰ ‘ਤਿੰਨ ਪੌਂਡ’ ਵਿਚ ਉੁਨ੍ਹਾਂ ਦੇ ਫ਼ਲੈਟ ਤਕ ਪਹੁੰਚ ਜਾਣ ਬਾਰੇ ਦਸਿਆ ਸੀ, ਇਸੇ ਲਈ ਹੀ ਮੈਂ ਉਸ ਕੋਲੋਂ ਪੁਛ ਲਿਆ ਸੀ ਕਿ ਠੀਕ ਰਸਤੇ ਤੋਂ ਭਟਕ ਤਾਂ ਨਹੀਂ ਸੀ ਗਏ? ਅੰਗਰੇਜ਼ ਡਰਾਈਵਰ ਫਿਰ ਵੀ ਠੰਢਾ ਨਾ ਹੋਇਆ ਤੇ ਹਿੰਦੁਸਤਾਨ ਦਾ ਨਾਂ ਲੈ ਲੈ ਕੇ ਬੁੜ-ਬੁੜ ਕਰਦਾ ਹੀ ਰਿਹਾ ਤੇ 13 ਪੌਂਡ ਲੈ ਕੇ ਮੈਨੂੰ ਟਿਕਾਣੇ ’ਤੇ ਪਹੁੰਚਾ ਦਿਤਾ। ਡਾ. ਕਪਾਨੀ ਨੂੰ ਪਤਾ ਲੱਗਾ ਤਾਂ ਬੋਲੇ, ‘‘ਤੁਸੀ ਟੈਕਸੀ ਦਾ ਨੰਬਰ ਨੋਟ ਕਰ ਲੈਂਦੇ ਤਾਂ ਮੈਂ ਉਸ ਡਰਾਈਵਰ ਦੀ ਪੁਲਿਸ, ਕੋਲੋਂ ਫੂਕ ਕਢਵਾ ਕੇ, ਉਸ ਨੂੰ ਤੁਹਾਡੇ ਪੈਰਾਂ ’ਤੇ ਪਵਾ ਦੇਣਾ ਸੀ। ਨਾਲੇ 10 ਪੌਂਡ ਵੱਧ ਲੈ ਗਿਐ, ਨਾਲੇ ਬਕਵਾਸ ਕਰਦਾ ਰਿਹਾ।’’

ਮੈਂ ਸੋਚਣ ਲੱਗ ਪਿਆ ਕਿ ਇਸ ਗੋਰੇ ਟੈਕਸੀ-ਚਾਲਕ ਦੇ ਮਨ ਵਿਚ ਹਿੰਦੁਸਤਾਨੀਆਂ ਪ੍ਰਤੀ ਕਾਫ਼ੀ ਜ਼ਿਆਦਾ ਨਫ਼ਰਤ ਭਰੀ ਪਈ ਹੋਣੀ ਹੈ ਵਰਨਾ ਇਕ ਸਾਧਾਰਣ ਜਿਹੇ ਸਵਾਲ ਦੇ ਜਵਾਬ ਵਿਚ ਇਸ ਨੇ ਇਸ ਤਰ੍ਹਾਂ ਭੜਕ ਨਹੀਂ ਸੀ ਪੈਣਾ ਤੇ ਸਾਰੇ ਹਿੰਦੁਸਤਾਨੀਆਂ ਨੂੰ ਗਾਲਾਂ ਨਹੀਂ ਸੀ ਕਢਣੀਆਂ ਸ਼ੁਰੂ ਕਰ ਦੇਣੀਆਂ। ਦਰਅਸਲ ਅਸੀ ਸਾਰੇ ਹੀ ਮਨੁੱਖ ਜਿਥੇ ਪਿਆਰ ਅਤੇ ਦੋਸਤੀ ਦੀਆਂ ਗੱਲਾਂ ਕਰ ਕੇ ਖ਼ੁਸ਼ ਹੁੰਦੇ ਹਾਂ, ਉਥੇ ਸਾਡੇ ਹਰ ਇਕ ਦੇ ਦਿਲ ਵਿਚ, ਧਰਮ, ਭਾਸ਼ਾ, ਨਸਲ, ਦੇਸ਼, ਪ੍ਰਾਂਤ, ਚਮੜੀ ਦੇ ਰੰਗ, ਗ਼ਰੀਬੀ-ਅਮੀਰੀ, ਜਾਤ-ਪਾਤ, ਸਾੜੇ, ਈਰਖਾ ਅਤੇ ਕਈ ਹੋਰ ਕਾਰਨਾਂ ਕਰ ਕੇ, ਦੂਜਿਆਂ ਪ੍ਰਤੀ ਨਫ਼ਰਤ ਵੀ ਕੁਦਰਤੀ ਰੂਪ ਵਿਚ ਮੌਜੂਦ ਹੁੰਦੀ ਹੈ ਤੇ ਜਦੋਂ ਵੀ ਮੌਕਾ ਬਣਦਾ ਹੈ, ਅਸੀ ਅਪਣੇ ਅੰਦਰ ਛੁਪੀ ਬੈਠੀ ਨਫ਼ਰਤ ਦਾ ਪ੍ਰਗਟਾਵਾ ਬੜੇ ਫ਼ਖ਼ਰ ਨਾਲ ਕਰਨ ਲਗਦੇ ਹਾਂ।

ਥੋੜੇ ਦਿਨ ਪਹਿਲਾਂ ਮੈਂ ਸੜਕ ਪਾਰ ਕਰ ਰਿਹਾ ਸੀ ਜਦੋਂ ਇਕ ਹੱਟਾ-ਕੱਟਾ ਪੰਜਾਬੀ ਜਵਾਨ, ਇਕ ਮਾੜਚੂ ਜਿਹੇ ਬੰਦੇ ਨੂੰ ਘੇਰੀ ਬੈਠਾ ਸੀ ਤੇ ਰਹਿ-ਰਹਿ ਕੇ ਉਸ ਨੂੰ ਥੱਪੜ ਮਾਰਦਾ ਹੋਇਆ ਕਹਿ ਰਿਹਾ ਸੀ, ‘‘ਸਾਲਾ ਭਈਆ ਜਿਹਾ, ਪਤਾ ਨਹੀਂ ਕਿਥੋਂ ਆ ਗਿਐ। ਜੁੱਤੀਆਂ ਮਾਰ-ਮਾਰ ਭਜਾ ਦਿਆਂਗੇ ਇਥੋਂ...।’’ ਥੱਪੜ ਖਾਣ ਵਾਲਾ, ਯੂ.ਪੀ. ਬਿਹਾਰ ਦਾ ‘ਭਈਆ’ ਨਹੀਂ ਸੀ ਪਰ ਅਸੀ ਪੰਜਾਬੀ, ਜਿਸ ਵੀ ਮਾੜਚੂ ਜਿਹੇ ਬੰਦੇ ਉਤੇ ਅਪਣੀ ਨਫ਼ਰਤ ਦੇ ਗੱਫ਼ੇ ਉਂਡੇਲਣੇ ਹੋਣ, ਉਸ ਨੂੰ ‘ਸਾਲਾ ਭਾਈਆ ਜਿਹਾ’ ਕਹਿ ਕੇ ਹੀ ਦਿਲ ਨੂੰ ਸ਼ਾਂਤ ਕਰ ਲੈਂਦੇ ਹਾਂ। ਮੇਰੀ ਬੇਟੀ ਮੁੰਬਈ ਵਿਚ ਰਹਿੰਦੀ ਸੀ। ਹੁਣ ਉਹ ਵਾਪਸ ਪੰਜਾਬ ਆ ਗਏ ਹਨ। ਵੱਡਾ ਕਾਰਨ ਇਹ ਸੀ ਕਿ ਜਿਸ ਬਿਲਡਿੰਗ ਵਿਚ ਉਹ ਰਹਿੰਦੇ ਸਨ, ਉਸ ਵਿਚ ਛੋਟੀ ਉਮਰ ਦਾ ਸਿੱਖ ਬੱਚਾ, ਕੇਵਲ ਮੇਰੀ ਬੇਟੀ ਦਾ ਬੱਚਾ ਹੀ ਸੀ।

ਮਰਾਠੀ ਬੋਲਣ ਵਾਲੇ ਸਾਰੇ ਬੱਚੇ, ਇਕੱਠੇ ਹੋ ਕੇ ਖੇਡਣ ਲਗਦੇ ਤਾਂ ਕੇਵਲ ਇਸ ਸਿੱਖ ਬੱਚੇ ਨੂੰ ਹੀ ਅਪਣੇ ਤੋਂ ਦੂਰ-ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਸਨ ਹਾਲਾਂਕਿ ਇਹ ਬੱਚਾ ਗੋਰਾ ਚਿੱਟਾ ਸੱਭ ਤੋਂ ਸੋਹਣਾ ਵੀ ਸੀ ਤੇ ਪੜ੍ਹਾਈ ਵਿਚ ਵੀ ਅੱਵਲ ਆਉਣ ਵਾਲਾ ਬੱਚਾ ਹੈ। ਮਾਪਿਆਂ ਨੇ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮਹਿਸੂਸ ਕੀਤਾ ਕਿ ਨਫ਼ਰਤ ਦੇ ਇਸ ਮਾਹੌਲ ਵਿਚ, ਬੱਚਾ ਜਾਂ ਤਾਂ ਹਿੰਸਕ ਰੁਚੀਆਂ ਵਾਲਾ ਬਣ ਜਾਏਗਾ ਜਾਂ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਏਗਾ, ਸੋ ਉਹ ਚੰਗੀ ਨੌਕਰੀ ਛੱਡ ਕੇ, ਪੰਜਾਬ ਚਲੇ ਆਏ। ਇਹ ਸਾਰੀਆਂ ਗੱਲਾਂ ਮੈਨੂੰ ਉਦੋਂ ਯਾਦ ਆਉਣ ਲਗੀਆਂ ਜਦੋਂ ਮੇਰੇ ਸਾਹਮਣੇ ਇਹ ਖ਼ਬਰ ਆਈ ਕਿ ਅਮਰੀਕਾ ਦੇ ਸ਼ਹਿਰ ਨੀਊਯਾਰਕ ਵਿਚ, ਇਕ ਟੈਕਸੀ ਵਾਲੇ ਨੂੰ ਇਕ ਨੌਜਵਾਨ ਨੇ ਕੇਵਲ ਇਸ ਲਈ ਛੁਰੇ ਮਾਰਨੇ ਸ਼ੁਰੂ ਕਰ ਦਿਤੇ ਕਿ ਟੈਕਸੀ ਵਾਲੇ ਨੇ ਉਸ ਨੂੰ ਦਸਿਆ ਸੀ, ‘‘ਮੈਂ ਮੁਸਲਮਾਨ ਹਾਂ।’’

 ਹੋਇਆ ਇਹ ਕਿ ਸ਼ਾਮ ਦੇ ਸਮੇਂ, ਦੌੜ ਭੱਜ ਦੇ ਮਾਹੌਲ ਵਿਚ, ਫ਼ਿਲਮ ਬਨਾਉਣ ਲਈ ਸੰਘਰਸ਼ ਕਰ ਰਿਹਾ ਮਾਈਕਲ ਐਨਰਾਈਟ, 43 ਸਾਲ ਦੇ ਅਹਿਮਦ ਸ਼ਰੀਫ਼ ਦੀ ਟੈਕਸੀ ਵਿਚ ਆ ਬੈਠਾ ਤੇ ਉਸ ਨੂੰ ‘ਸਲਾਮਾ ਲੇਕਮ’ ਕਹਿ ਕੇ ਚਲਣ ਲਈ ਕਿਹਾ। ਟੈਕਸੀ ਸੜਕ ਉਤੇ ਹੌਲੀ-ਹੌਲੀ ਦੌੜ ਰਹੀ ਸੀ ਕਿਉਂਕਿ ਇਸ ਸਮੇਂ, ਸੜਕਾਂ ’ਤੇ ਭਾਰੀ ਜਮਘਟਾ ਹੁੰਦਾ ਹੈ। ਐਨਰਾਈਟ ਨੇ ਬੰਗਲਾਦੇਸ਼ ਤੋਂ ਆ ਕੇ, ਵਾਸ਼ਿੰਗਟਨ ਵਿਚ ਰਹਿਣ ਵਾਲੇ ਅਹਿਮਦ ਸ਼ਰੀਫ਼ ਨੂੰ ਪੁਛਿਆ, ‘‘ਰਮਜ਼ਾਨ ਦਾ ਮਹੀਨੇ ਕਿਵੇਂ ਚਲ ਰਿਹੈ? ਤੇ ਤੂੰ ਮੁਸਲਮਾਨ ਹੈਂ ਨਾ?’’ ਸ਼ਰੀਫ਼ ਦਾ ਉਤਰ ਸੀ, ‘‘ਹਾਂ ਮੈਂ ਮੁਸਲਮਾਨ ਹਾਂ।’’ ਫਿਰ ਅਚਾਨਕ ਨੌਜਵਾਨ ਮਾਈਕਲ ਨੇ ਰਮਜ਼ਾਨ ਮਹੀਨੇ ਦਾ ਮਜ਼ਾਕ ਉਡਾਣਾ ਸ਼ੁਰੂ ਕਰ ਦਿਤਾ। ਸ਼ਰੀਫ਼ ਚੁੱਪ ਚਾਪ ਸੱਭ ਕੁੱਝ ਸੁਣਦਾ ਰਿਹਾ ਤੇ ਉਸ ਨੇ ਸਬਰ ਦਾ ਪੱਲਾ ਨਾ ਛਡਿਆ। ਨੌਵਜਾਨ ਮਾਈਕਲ ਨੇ ਸ਼ਰੀਫ਼ ਨੂੰ ਗੰਦੀਆਂ ਗਾਲਾਂ ਵੀ ਕਢਣੀਆਂ ਸ਼ੁਰੂ ਕਰ ਦਿਤੀਆਂ। ਫਿਰ ਉਸ ਨੇ ਇਕ ਚਾਕੂ ਕਢਿਆ ਤੇ ਸ਼ਰੀਫ਼ ਦੀ ਗਰਦਨ ’ਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਟੈਕਸੀ ਦੀ ਰਫ਼ਤਾਰ ਹੌਲੀ ਹੋ ਗਈ ਤੇ ਐਨਰਾਈਟ ਹੇਠਾਂ ਉਤਰ ਗਿਆ ਪਰ ਪੁਲਿਸ ਨੇ ਖ਼ੂਨ ਨਾਲ ਲਥਪਥ ਟੈਕਸੀ ਚਾਲਕ ਨੂੰ ਵੇਖ ਕੇ ਐਨਰਾਈਟ ਨੂੰ ਕਾਬੂ ਕਰ ਲਿਆ। ਨੀਊਯਾਰਕ ਵਿਚ 44000 ਟੈਕਸੀ ਡਰਾਈਵਰ ਹਨ ਜਿਨ੍ਹਾਂ ਵਿਚੋਂ ਅੱਧੇ ਭਾਰਤੀ, ਬੰਗਲਾਦੇਸ਼ੀ ਤੇ ਪਾਕਿਸਤਾਨੀ ਹਨ।

ਐਨਰਾਈਟ, ਸ਼ਰੀਫ਼ ਨੂੰ ਪਹਿਲੀ ਵਾਰ ਮਿਲਿਆ ਸੀ ਪਰ ਲਗਦਾ ਹੈ, ਉਸ ਦੇ ਦਿਲ ਵਿਚ ਮੁਸਲਮਾਨਾਂ ਪ੍ਰਤੀ ਨਫ਼ਰਤ ਭਰੀ ਪਈ ਸੀ ਤੇ ਜਿਹੜਾ ਵੀ ਪਹਿਲਾ ਮੁਸਲਮਾਨ ਉਸ ਨੂੰ ਮਿਲਿਆ, ਉਸ ਉਤੇ ਉਸ ਨੇ ਅਪਣੇ ਅੰਦਰ ਦੀ ਸਾਰੀ ਨਫ਼ਰਤ ਉਂਡੇਲ ਦਿਤੀ। ਐਨਰਾਈਟ ਫੜਿਆ ਗਿਆ ਤੇ ਉਸ ਨੂੰ ਸਜ਼ਾ ਤਾਂ ਹੋਵੇਗੀ ਹੀ ਪਰ ਅਸਲੀਅਤ ਇਹੀ ਹੈ ਕਿ ਅਸੀ ਸਾਰੇ ਮਨੁੱਖ, ਪਿਆਰ ਦੀਆਂ ਗੱਲਾਂ ਕਰਦੇ-ਕਰਦੇ ਵੀ, ਮਨਾਂ ਅੰਦਰ, ਧਰਮ, ਭਾਸ਼ਾ, ਜਾਪ-ਪਾਤ, ਨਸਲ, ਦੇਸ਼, ਪ੍ਰਾਂਤ, ਅਮੀਰੀ-ਗ਼ਰੀਬੀ, ਗੋਰੇ-ਕਾਲੇ ਰੰਗ ਤੇ ਹੋਰ ਕਈ ਤਰ੍ਹਾਂ ਦੇ ਕਾਰਨਾਂ ਸਦਕਾ, ਦੂਜੇ ਅਨਜਾਣ ਲੋਕਾਂ ਪ੍ਰਤੀ ਨਫ਼ਰਤ ਪਾਲੀ ਬੈਠੇ ਹਾਂ ਤੇ ਜਦੋਂ ਵੀ ਕੋਈ ਮੌਕਾ ਬਣਦਾ ਹੈ, ਇਹ ਨਫ਼ਰਤ ਸਾਡੀ ਕਥਨੀ ਜਾਂ ਕਰਨੀ ’ਚੋਂ ਫੁਟ-ਫੁਟ ਬਾਹਰ ਨਿਕਲਣ ਲਗਦੀ ਹੈ। ਤੁਸੀ ਜ਼ਰਾ ਆਸੇ-ਪਾਸੇ ਨਜ਼ਰ ਦੌੜਾਉ, ਵੱਡੇ-ਵੱਡੇ ਨਾਵਾਂ ਵਾਲੇ ਵੀ, ਤੁਹਾਨੂੰ ਅਪਣੇ ਮਨਾਂ ਵਿਚ ਦੂਜੇ ਲੋਕਾਂ ਲਈ ਨਫ਼ਰਤ ਪਾਲੀ ਬੈਠੇ ਨਜ਼ਰ ਆਉਣਗੇ। ਇਸ ਨਫ਼ਰਤ ਦਾ, ਬਹੁਤੀ ਵਾਰੀ ਕਾਰਨ ਵੀ ਕੋਈ ਨਹੀਂ ਹੁੰਦਾ। ਬਸ ਅਸੀ ਇਸ ਗ਼ਲਤ-ਫ਼ਹਿਮੀ ਦਾ ਸ਼ਿਕਾਰ ਹੋਏ ਹੁੰਦੇ ਹਾਂ ਕਿ ਅਸੀ ਆਪ ਸੱਭ ਤੋਂ ਉਤਮ ਹਾਂ, ਇਸ ਲਈ ਜਿਹੜੇ ਸਾਡੀ ਤਰ੍ਹਾਂ ਨਹੀਂ ਸੋਚਦੇ ਜਾਂ ਦਿਸਦੇ, ਉਹ ਨਫ਼ਰਤ ਕਰਨ ਯੋਗ ਹਨ। 

ਧਰਮ ਦੇ ਨਾਂ ’ਤੇ ਹਾਕਮਾਂ ਵਲੋਂ, ਦੂਜੇ ਧਰਮਾਂ ਦੇ ਲੋਕਾਂ ਅਤੇ ਅਪਣੇ ਤਰਕਵਾਦੀ ਲੋਕਾਂ ਨਾਲ ਨਫ਼ਰਤ ਕਰਨ ਦੇ ਕਿੱਸਿਆਂ ਨਾਲ ਤਾਂ ਇਤਿਹਾਸ ਦੀਆਂ ਪੁਸਤਕਾਂ ਭਰੀਆਂ ਹੋਈਆਂ ਹਨ। ਅੱਜ ਦੇ ਜ਼ਮਾਨੇ ਵਿਚ ਹਾਕਮ ਲਈ ਕਿਉਂਕਿ ਅਪਣੀ ਸਰਕਾਰ ਨੂੰ ਧਰਮ ਨਿਰਪੱਖ ਜਾਂ ‘ਸੈਕੂਲਰ’ ਕਹਿਣਾ ਜ਼ਰੂਰੀ ਹੋ ਗਿਆ ਹੈ, ਤਾਂ ਕੀ ਉਸ ਨੇ ਧਰਮ ਦੀ ਬਿਨਾਅ ’ਤੇ ਨਫ਼ਰਤ ਕਰਨੀ ਬੰਦ ਕਰ ਦਿਤੀ ਹੈ? ਆਉ ਤੁਹਾਨੂੰ ਅੱਜ ਦੇ ਹੀ ਇਕ ਹਾਕਮ ਦੀ ਗੱਲ ਸੁਣਾਵਾਂ। ਉਹ ਹੈ ਲੀਬੀਆ ਦਾ ਮੁਸਲਮਾਨ ਡਿਕਟੇਟਰ ਮੁਹੰਮਦ ਗੱਦਾਫ਼ੀ। ਗੱਦਾਫ਼ੀ ਕੱਟੜ ਮੁਸਲਮਾਨ ਤਾਂ ਹੈ ਹੀ ਪਰ ਨਾਲ ਹੀ ਉਹ ਈਸਾਈ ਧਰਮ ਨੂੰ ਵੀ ਡਾਢੀ ਨਫ਼ਰਤ ਕਰਦਾ ਹੈ। ਉਹ ਕਹਿੰਦਾ ਹੈ, ‘‘ਹੁਣ ਸਾਰੇ ਈਸਾਈਆਂ ਨੂੰ ਮੁਸਲਮਾਨ ਬਣ ਜਾਣਾ ਚਾਹੀਦੈ।’’ ਅੱਲਾ (ਰੱਬ) ਨੂੰ ਮਿਲਣ ਦਾ ਵਕਤ ਨੇੜੇ ਆ ਰਿਹੈ ਤੇ ਹੁਣ ਸਾਰੇ ਗ਼ੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣ ਜਾਣਾ ਚਾਹੀਦੈ। ਅੱਲਾ ਨੇ ਹਜ਼ਰਤ ਮੁਹੰਮਦ ਕੋਲ ਸ਼ਰਤ ਰੱਖੀ ਸੀ ਕਿ ਉਹ ਕੇਵਲੇ ਮੁਸਲਮਾਨਾਂ ਨੂੰ ਦੁਬਾਰਾ ਜੀਵਤ ਕਰ ਕੇ, ਉਨ੍ਹਾਂ ਨੂੰ ਹੀ ਮਿਲੇਗਾ, ਹੋਰ ਕਿਸੇ ਨੂੰ ਨਹੀਂ। ਗੱਦਾਫ਼ੀ, ਅਪਣਾ ਟੀਚਾ ਸਰ ਕਰਨ ਲਈ ਰੋਮ ਦੀਆਂ ਸੁੰਦਰ ਕੁੜੀਆਂ ਨੂੰ ਵਰਤਣਾ ਚਾਹੁੰਦੈ। ਉਸ ਦਾ ਵਿਚਾਰ ਹੈ ਕਿ ਇਹ ਸੁੰਦਰ ਈਸਾਈ ਕੁੜੀਆਂ ਅਗਰ ਮੁਸਲਮਾਨ ਬਣ ਜਾਣ ਤਾਂ ਇਹ ਪੱਛਮ ਦੇ ਈਸਾਈਆਂ ਨੂੰ ਮੁਸਲਮਾਨ ਬਣਾ ਲੈਣਗੀਆਂ।

ਗੱਦਾਫ਼ੀ ਆਪ ਵੀ ਕੁੜੀਆਂ ਦੇ ਝੁਰਮਟ ਵਿਚ ਬਾਹਰ ਨਿਕਲਦਾ ਹੈ ਤੇ ਉਹ ਦੁਨੀਆਂ ਦਾ ਇਕੋ ਇਕ ਹਾਕਮ ਹੈ ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ, ਕੁੜੀਆਂ ਨੂੰ ਸੌਂਪੀ ਗਈ ਹੋਈ ਹੈ (ਵੇਖੋ ਫ਼ੋਟੋ)। ਉਸ ਨੇ ਆਪ ਰੋਮ ਵਿਚ ਜਾ ਕੇ, ਸੁੰਦਰ ਕੁੜੀਆਂ ਨੂੰ ਇੰਟਰਵੀਊ ਲਈ ਬੁਲਾਇਆ ਤੇ ਉਨ੍ਹਾਂ ਸਾਹਮਣੇ ਇਸਲਾਮ ਧਰਮ ਬਾਰੇ ਲੈਕਚਰ ਦਿਤਾ। ਫਿਰ ਉਸ ਨੇ ਉਨ੍ਹਾਂ ਕੁੜੀਆਂ ਦੇ ਹੱਥ ਖੜੇ ਕਰਵਾਏ ਜਿਹੜੀਆਂ ਚੰਗੀ ਤਨਖ਼ਾਹ ਲੈ ਕੇ, ਇਸਲਾਮ ਦਾ ਪ੍ਰਚਾਰ ਕਰਨ ਲਈ ਤਿਆਰ ਹੋਣ। ਜਿਹੜੀਆਂ ਸੁੰਦਰ ਈਸਾਈ ਕੁੜੀਆਂ ਨੇ ‘ਹਾਂ’ ਕੀਤੀ, ਉਨ੍ਹਾਂ ਨੂੰ ਉਸ ਨੇ ਮੌਕੇ ’ਤੇ ਹੀ ਕੁਰਾਨ ਦੀ ਇਕ ਕਾਪੀ ਦਿਤੀ ਤੇ ਨਾਲ ਹੀ ਲੀਬੀਆ ਸਰਕਾਰ ਦੇ ਖ਼ਰਚੇ ’ਤੇ, ਛੇ ਮਹੀਨੇ ਲਈ ਇਸਲਾਮ ਦਾ ਕੋਰਸ ਕਰਨ ਦਾ ਸੱਦਾ ਦਿਤਾ। ਗੱਦਾਫ਼ੀ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ? ਇਸ ਲਈ ਨਹੀਂ ਕਿ ਉਸ ਨੂੰ ਇਸਲਾਮ ਨਾਲ ਪਿਆਰ ਹੈ ਸਗੋਂ ਇਸ ਲਈ ਕਿ ਉਸ ਨੂੰ ਈਸਾਈ ਧਰਮ ਨਾਲ ਨਫ਼ਰਤ ਹੈ ਤੇ ਉਹ ਨਹੀਂ ਚਾਹੁੰਦਾ ਕਿ ਈਸਾਈ ਬਣੇ ਰਹਿ ਕੇ, ਉਹ ਲੋਕ ਅੱਲਾ ਦੀ ਮਿਹਰ ਦੇ ਪਾਤਰ ਬਣਨੋਂ ਰਹਿ ਜਾਣ। ਉਸ ਨੂੰ ਪੱਕਾ ਯਕੀਨ ਹੈ ਕਿ ਈਸਾਈ ਲੋਕ, ਭਾਵੇਂ ਉਹ ਕਿੰਨੇ ਵੀ ਚੰਗੇ ਹੋਣ, ਰੱਬ ਦੀ ਮਿਹਰ ਦੇ ਪਾਤਰ ਨਹੀਂ ਬਣ ਸਕਦੇ ਤੇ ਮੁਸਲਮਾਨ ਭਾਵੇਂ ਕਿੰਨਾ ਵੀ ਮਾੜਾ ਕਿਉੁਂ ਨਾ ਹੋਵੇ, ਉਸ ਨੂੰ ਅੱਲਾ ਜ਼ਰੂਰ ਮਿਲੇਗਾ।

‘ਧਰਮ ਤਬਦੀਲ ਕਰਨ’ ਦੀ ਸਾਰੀ ਖੇਡ ਹੀ, ਦੂਜਿਆਂ ਦੇ ਧਰਮ ਪ੍ਰਤੀ ਨਫ਼ਰਤ ’ਚੋਂ ਨਿਕਲੀ ਹੈ। ਬਾਬੇ ਨਾਨਕ ਨੇ ਸਾਰੀ ਉਮਰ ਇਕ ਮੁਸਲਮਾਨ ਨੂੰ ਨਾਲ ਰਖਿਆ ਪਰ ਉਸ ਨੂੰ ਕਦੇ ਨਾ ਕਿਹਾ ਕਿ ਉਹ ਇਸਲਾਮ ਧਰਮ ਤਿਆਗ ਦੇਵੇ। ਜਿਨ੍ਹਾਂ ਅੰਦਰ, ਦੂਜੇ ਧਰਮਾਂ ਪ੍ਰਤੀ ਨਫ਼ਰਤ ਨਹੀਂ ਹੁੰਦੀ, ਉਹ ਦੂਜਿਆਂ ਦੀ ‘ਧਰਮ ਤਬਦੀਲੀ’ ਵਿਚ ਵਿਸ਼ਵਾਸ ਨਹੀਂ ਰਖਦੇ। ਨਫ਼ਰਤ ਦੀ ਚਰਮ ਸੀਮਾ (ਉਪਰਲੀ ਹੱਦ) ਵੇਖਣੀ ਹੋਵੇ ਤਾਂ ਕਿਸੇ ਟਕਸਾਲ, ਡੇਰੇ ਜਾਂ ਬਾਬੇ ਕੋਲ ਜਾ ਕੇ ਵੇਖ ਲਉ। ਉਨ੍ਹਾਂ ਕੋਲ, ਅਕਾਲ ਤਖ਼ਤ ਤੋਂ ਅੰਮ੍ਰਿਤ ਛਕਣ ਵਾਲਾ ਕੋਈ ਸਿੱਖ ਵੀ ਆ ਜਾਏ ਤਾਂ ਉਸ ਨੂੰ ਕਹਿੰਦੇ ਹਨ, ‘‘ਨਹੀਂ, ਅਸੀ ਤੈਨੂੰ ਪੂਰਾ ਸਿੱਖ ਨਹੀਂ ਮੰਨਦੇ ਕਿਉਂਕਿ ਤੂੰ ਇਕ ਗ਼ਲਤ ਮਰਿਆਦਾ ਅਨੁਸਾਰ, ਅੰਮ੍ਰਿਤ ਛਕਿਆ ਹੈ। ਅਸਲੀ ਸਿੱਖ ਅਸੀ ਤੈਨੂੰ ਉਦੋਂ ਹੀ ਮੰਨਾਂਗੇ ਜਦ ਤੂੰ ਸਾਡੇ ਡੇਰੇ/ਟਕਸਾਲ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਛਕੇਂਗਾ।’’
ਸੋ ਇਕੋ ਹੀ ਧਰਮ ਵਿਚ ਚਲ ਰਹੀਆਂ ਦੋ ਮਰਿਆਦਾਵਾਂ ’ਚੋਂ ਇਕ ਨੂੰ ਉਸ ਧਰਮ ਦੇ ਕਈ ਸ਼ਰਧਾਲੂ ਨਫ਼ਰਤ ਕਰਦੇ ਹਨ, ਭਾਵੇਂ ਇਸ ਮਰਿਆਦਾ ਨੂੰ ਅਕਾਲ ਤਖ਼ਤ ਨੇ ਵੀ ਪ੍ਰਵਾਨਗੀ ਕਿਉਂ ਨਾ ਦਿਤੀ ਹੋਵੇ। ਦੂਜਿਆਂ ਨੂੰ ਕੀ ਆਖੀਏ, ਅਸੀ ਅਪਣਿਆਂ ਨੂੰ ਹੀ ਨਫ਼ਰਤ-ਭਰਪੂਰ ਅੱਖਾਂ ਨਾਲ ਹਰ ਸਮੇਂ ਘੂਰਦੇ ਰਹਿੰਦੇ ਵੇਖ ਕੇ ਇਹ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ ਕਿ ‘ਭਲੇ ਲੋਕੋ! ਬਾਬੇ ਨਾਨਕ ਦੇ ਸ਼ਰਧਾਲੂ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਵਖਰੀ ਸੋਚ ਵਾਲੇ ਮਨੁੱਖਾਂ ਨਾਲ ਨਫ਼ਰਤ ਕਰਨ ਦਾ ਹੱਕ ਵੀ ਬਾਬੇ ਨਾਨਕ ਨੇ ਦਿਤਾ ਹੋਇਐ ਭਲਾ?’ 
(5 ਸਤੰਬਰ 2010 ਦੇ ਪਰਚੇ ਵਿਚੋਂ)  ਜੋਗਿੰਦਰ ਸਿੰਘ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement