
ਅਪਰਾਧੀਆਂ ਵਿਰੁਧ ਕਾਰਵਾਈ : 26 ਕਰੋੜ ਰੁਪਏ ਦੀ ਸੰਪਤੀ ਜ਼ਬਤ
ਲਖਨਊ, 7 ਜੁਲਾਈ : ਪੁਲਿਸ ਨੇ ਬਿਕਰੂ ਕਾਂਡ ਮਾਮਲੇ ਵਿਚ ਮੁੱਖ ਮੁਲਜ਼ਮ ਵਿਕਾਸ ਦੁਬੇ ਦੇ 15 ਸ਼ੱਕੀ ਸਾਥੀਆਂ ਅਤੇ ਅਪਰਾਧੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਹਮਲੇ ਦੇ ਸਬੰਧ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚ ਵਿਕਾਸ ਦੀ ਰਿਸ਼ਤੇਦਾਰ ਸ਼ਮਾ, ਗੁਆਂਢੀ ਸੁਰੇਸ਼ ਵਰਮਾ ਅਤੇ ਘਰੇਲੂ ਸਹਾਇਕਾ ਰੇਖਾ ਸ਼ਾਮਲ ਹਨ। ਕਾਨਪੁਰ ਦੇ ਬਿਕਰੂ ਕਾਂਡ ਮਗਰੋਂ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੁਹਿੰਮ ਤਹਿਤ ਪਿਛਲੇ ਕੁੱਝ ਦਿਨਾਂ ਵਿਚ 88 ਅਪਰਾਧੀਆਂ 'ਤੇ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਕਾਰਵਾਈ ਕੀਤੀ ਗਈ ਅਤੇ ਗੈਂਗਸਟਰ ਕਾਨੂੰਨ ਨਾਲ ਜੁੜੇ ਵਿਵਾਦਾਂ ਵਿਚ 26 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ।
ਸੂਬੇ ਦੇ ਗ੍ਰਹਿ ਵਿਭਾਗ ਦੇ ਅਪਰ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਰਾਜ ਸਰਕਾਰ ਪੂਰੇ ਸੂਬੇ ਵਿਚ ਅਪਰਾਧੀਆਂ ਵਿਰੁਧ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਪਿਛਲੇ ਇਕ ਹਫ਼ਤੇ ਦੌਰਾਨ 67 ਮਾਮਲਿਆਂ ਵਿਚ 88 ਵਿਅਕਤੀਆਂ ਵਿਰੁਧ ਇਸ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਸੂਬੇ ਵਿਚ ਇਸ ਸਾਲ ਹੁਣ ਤਕ ਬੱਚੀਆਂ ਨਾਲ ਸਬੰਧਤ 3, ਗੰਭੀਰ ਅਪਰਾਧ ਦੇ 13 ਅਤੇ 32 ਹੋਰ ਮਾਮਲਿਆਂ ਸਣੇ ਕੁਲ 120 ਮਾਮਲਿਆਂ ਵਿਚ ਉਕਤ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਪਿਛਲੇ ਇਕ ਹਫ਼ਤੇ ਦੌਰਾਨ ਗੈਂਗਸਟਰ ਮਾਮਲਿਆਂ ਵਿਚ ਵੀ ਅਸਰਦਾਰ ਕਾਰਵਾਈ ਕੀਤੀ ਗਈ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਗੈਂਗਸਟਰ ਕਾਨੂੰਨ ਤਹਿਤ ਕੁਲ 197 ਮਾਮਲੇ ਦਰਜ ਕੀਤੇ ਗਏ ਹਨ। ਇਸ ਸਾਲ ਜਨਵਰੀ ਤੋਂ ਹੁਣ ਤਕ ਗੈਂਗਸਟਰ ਕਾਨੂੰਨ ਤਹਿਤ 1889 ਮਾਮਲੇ ਹੋ ਚੁਕੇ ਹਨ। ਗੈਂਗਸਟਰ ਵਿਵਾਦਾਂ ਵਿਚ ਇਸ ਹਫ਼ਤੇ ਕੁਲ ਮਿਲਾ ਕੇ 26 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ।