ਅਜਿਹੀ ਗੱਲ ਨਹੀਂ ਕਿ ਵਾਇਰਸ ਹਰ ਥਾਂ ਉਡ ਰਿਹੈ ਤੇ ਸਾਰਿਆਂ ਨੂੰ ਬੀਮਾਰ ਕਰ ਦੇਵੇਗਾ
ਨਵੀਂ ਦਿੱਲੀ : ਆਧੁਨਿਕ ਜੀਵ ਵਿਗਿਆਨ ਦੇ ਖੇਤਰ ਵਿਚ ਖੋਜ ਕਰਨ ਵਾਲੀ ਸਿਖਰਲੀ ਸੰਸਥਾ ਦੇ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਹਵਾ ਵਿਚ ਫੈਲਣ ਸਬੰਧੀ 200 ਤੋਂ ਵੱਧ ਵਿਗਿਆਨੀਆਂ ਦੇ ਦਾਅਵੇ ਤੋਂ ਘਬਰਾਉਣ ਦੀ ਲੋੜ ਨਹੀਂ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਅਧਿਐਨ ਵਿਚ ਸਿਰਫ਼ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਵਾਇਰਸ ਹਵਾ ਵਿਚ ਕੁੱਝ ਸਮੇਂ ਤਕ ਰਹਿ ਸਕਦਾ ਹੈ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਵਾਇਰਸ ਹਰ ਜਗ੍ਹਾ ਪਹੁੰਚ ਰਿਹਾ ਹੈ ਅਤੇ ਹਰ ਕਿਸੇ ਨੂੰ ਬੀਮਾਰ ਕਰ ਰਿਹਾ ਹੈ।
ਸੈਂਟਰ ਫ਼ਾਰ ਸੈਲੂਲਰ ਐਂਡ ਮਾਲੀਕਿਊਲਰ ਬਾਇਉਲੋਜੀ ਦੇ ਨਿਰਦੇਸ਼ਕ ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਜ਼ਿਆਦਾ ਸਮੇਂ ਤਕ ਮੂੰਹ ਢੱਕ ਕੇ ਰਖਣਾ ਚਾਹੀਦਾ ਹੈ ਅਤੇ ਵਾਇਰਸ ਤੋਂ ਬਚਣ ਲਈ ਇਕ ਦੂਜੇ ਤੋਂ ਦੂਰੀ ਰਖਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 239 ਵਿਗਿਆਨੀਆਂ ਨੇ ਸੰਸਾਰ ਸਿਹਤ ਸੰਸਥਾ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕੋਰਨਾ ਵਾਇਰਸ ਹਵਾ ਵਿਚ ਫੈਲ ਰਿਹਾ ਹੈ ਅਤੇ ਇਹ ਦੋ ਖੋਜ ਪੱਤਰਾਂ 'ਤੇ ਆਧਾਰਤ ਹੈ। ਮਿਸ਼ਰਾ ਨੇ ਕਿਹਾ, 'ਇਹ ਚੰਗੇ ਅਧਿਐਨ ਹਨ ਜਿਨ੍ਹਾਂ ਦੇ ਆਧਾਰ 'ਤੇ ਸਿਹਤ ਸੰਸਥਾ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।'
ਉਨ੍ਹਾਂ ਕਿਹਾ ਕਿ ਵਿਗਿਆਨੀਆਂ ਦੇ ਅਧਿਐਨ ਮੁਤਾਬਕ ਇਹ ਵਾਇਰਸ ਪੰਜ ਮਾਈਕਰੋਨ ਤੋਂ ਘੱਟ ਆਕਾਰ ਦੇ ਛਿੱਟਿਆਂ ਵਿਚ ਹਵਾ ਵਿਚ ਇਧਰ-ਉਧਰ ਜਾ ਸਕਦਾ ਹੈ ਅਤੇ ਇਸ ਦਾ ਮਤਲਬ ਇਹ ਹੋਇਆ ਕਿ ਵੱਡੇ ਛਿੱÎਟਿਆਂ ਦੇ ਰੂਪ ਵਿਚ ਇਹ ਕੁੱਝ ਹੀ ਮਿੰਟਾਂ ਤਕ ਹਵਾ ਵਿਚ ਰਹੇਗਾ। ਉਨ੍ਹਾਂ ਕਿਹਾ ਕਿ ਜਦ ਕੋਈ ਵਿਅਕਤੀ ਬੋਲਦਾ ਹੈ ਜਾਂ ਸਾਹ ਲੈਂਦਾ ਹੈ ਤਾਂ ਛੋਟੀਆਂ ਬੂੰਦਾਂ ਛਡਦਾ ਹੈ ਅਤੇ ਇਹ ਕੁੱਝ ਸਮੇਂ ਲਈ ਹਵਾ ਵਿਚ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਕਿ ਵਾਇਰਸ ਹਰ ਥਾਂ ਉਡ ਰਿਹਾ ਹੈ ਅਤੇ ਸਾਰਿਆਂ ਨੂੰ ਬੀਮਾਰ ਕਰ ਦੇਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।