
ਚਾਰ ਅੱਤਵਾਦੀ ਵੀ ਢੇਰ
ਤਹਿਰਾਨ - ਦੱਖਣ-ਪੂਰਬੀ ਈਰਾਨ ਵਿਚ 4 ਅੱਤਵਾਦੀਆਂ ਨੇ ਉੱਥੋਂ ਦੇ ਇਕ ਪੁਲਿਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ, ਜਿਸ ਵਿਚ 2 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ ਹਥਿਆਰਬੰਦ ਸਮੂਹ ਨੇ ਪਾਕਿਸਤਾਨ ਦੀ ਸਰਹੱਦ ਤੋਂ ਲਗਭਗ 30 ਕਿਲੋਮੀਟਰ ਦੂਰ ਈਰਾਨ ਦੇ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਜ਼ਾਹੇਦਾਨ ਸ਼ਹਿਰ ਵਿਚ ਇੱਕ ਪੁਲਿਸ ਸਟੇਸ਼ਨ 'ਤੇ ਹਮਲਾ ਕੀਤਾ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ 'ਚ 2 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ।
ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਇਕ ਬਿਆਨ 'ਚ ਕਿਹਾ ਕਿ ਇਸ ਹਮਲੇ ਵਿਚ 4 ਅੱਤਵਾਦੀ ਵੀ ਮਾਰੇ ਗਏ ਹਨ। ਖ਼ਬਰ ਵਿਚ ਸੂਬੇ ਦੇ ਡਿਪਟੀ ਗਵਰਨਰ ਅਲੀਰਜ਼ਾ ਮਰਹਾਮਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਪੁਲਿਸ ਸਟੇਸ਼ਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਹੱਥਗੋਲਿਆਂ ਨਾਲ ਲੈਸ ਸਨ।