
ਵਿਧਾਇਕਾਂ ਨੂੰ ਜਵਾਬ ਦੇਣ ਲਈ ਸੱਤ ਦਿਨ ਦਾ ਸਮਾਂ ਦਿਤਾ ਗਿਆ
ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ 40 ਵਿਧਾਇਕਾਂ ਅਤੇ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਵਿਰੁਧ ਦਾਇਰ ਅਯੋਗਤਾ ਪਟੀਸ਼ਨਾਂ ’ਤੇ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਜਵਾਬ ਦੇਣ ਲਈ ਸੱਤ ਦਿਨ ਦਾ ਸਮਾਂ ਦਿਤਾ ਗਿਆ ਹੈ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਆਦਿਤਿਆ ਠਾਕਰੇ ਸਮੇਤ ਕੁਲ 54 ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਹਾਲਾਂਕਿ, ਸ਼ਿਵ ਸੈਨਾ (ਯੂ.ਬੀ.ਟੀ.) ਦੀ ਵਿਧਾਇਕ ਰੁਤੁਜਾ ਲਾਟਕੇ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ, ਜੋ ਪਿਛਲੇ ਸਾਲ ਸ਼ਿਵ ਸੈਨਾ ਵਿਚ ਫੁੱਟ ਤੋਂ ਬਾਅਦ ਚੁਣੀ ਗਈ ਸੀ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਨਾਰਵੇਕਰ ਨੇ ਇਕ ਦਿਨ ਪਹਿਲਾਂ ਬਿਆਨ ਦਿਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਤੋਂ ਸ਼ਿਵ ਸੈਨਾ ਦੇ ਸੰਵਿਧਾਨ ਦੀ ਇਕ ਕਾਪੀ ਮਿਲੀ ਹੈ ਅਤੇ ਮੁੱਖ ਮੰਤਰੀ ਸ਼ਿੰਦੇ ਸਮੇਤ 16 ਸ਼ਿਵ ਸੈਨਾ ਵਿਧਾਇਕਾਂ ਵਿਰੁਧ ਅਯੋਗਤਾ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਜਲਦੀ ਸ਼ੁਰੂ ਹੋਵੇਗੀ। ਨਾਰਵੇਕਰ ਨੇ ਦਸਿਆ, “ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਦੇ 40 ਵਿਧਾਇਕਾਂ ਅਤੇ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਅਯੋਗ ਠਹਿਰਾਉਣ ’ਤੇ ਜਵਾਬ ਮੰਗਣ ਲਈ ਨੋਟਿਸ ਜਾਰੀ ਕੀਤੇ ਗਏ ਹਨ।’’
ਸ਼ਿਵ ਸੈਨਾ ਦੇ ਵਿਧਾਇਕ ਅਤੇ ਬੁਲਾਰੇ ਸੰਜੇ ਸ਼ਿਰਸਾਟ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਵਿਧਾਨ ਸਭਾ ਤੋਂ ਕੋਈ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਆਦਿਤਿਆ ਠਾਕਰੇ ਸਮੇਤ ਊਧਵ ਧੜੇ ਦੇ 14 ਵਿਧਾਇਕਾਂ ਵਿਰੁਧ ਅਯੋਗਤਾ ਪਟੀਸ਼ਨ ਵੀ ਦਾਇਰ ਕੀਤੀ ਹੈ।