ਚਾਰਜਸ਼ੀਟ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਵੀ ਨਾਮ ਸ਼ਾਮਿਲ
Salman Firing Case : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਰਿਹਾਇਸ਼ 'ਤੇ ਅਪ੍ਰੈਲ 'ਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਸੋਮਵਾਰ ਨੂੰ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ 6 ਗ੍ਰਿਫਤਾਰ ਆਰੋਪੀਆਂ ਅਤੇ ਤਿੰਨ ਲੋੜੀਂਦੇ ਵਿਅਕਤੀਆਂ ਖਿਲਾਫ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ।
ਅਪਰਾਧ ਸ਼ਾਖਾ ਨੇ ਵਿਸ਼ੇਸ਼ ਮਕੋਕਾ ਅਦਾਲਤ ਵਿੱਚ 1,735 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਤਿੰਨ ਪੰਨਿਆਂ ਵਿਚ ਵੱਖ-ਵੱਖ ਜਾਂਚ ਦਸਤਾਵੇਜ਼ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਵਿੱਚ 46 ਗਵਾਹਾਂ ਦੇ ਬਿਆਨ ਅਤੇ ਸੀਆਰਪੀਸੀ ਦੀ ਧਾਰਾ 164 ਤਹਿਤ ਮੈਜਿਸਟਰੇਟ ਸਾਹਮਣੇ ਦਰਜ ਕੀਤੇ ਗਏ ਗਵਾਹਾਂ ਦੇ ਬਿਆਨ ਸ਼ਾਮਲ ਹਨ।
ਅਧਿਕਾਰੀ ਨੇ ਕਿਹਾ ਕਿ ਮਕੋਕਾ ( ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ) ਐਕਟ ਦੇ ਤਹਿਤ ਇਕਬਾਲੀਆ ਬਿਆਨ, ਕੁੱਲ 22 ਪੰਚਨਾਮੇ ਅਤੇ ਤਕਨੀਕੀ ਸਬੂਤ ਵੀ ਚਾਰਜਸ਼ੀਟ ਦਾ ਹਿੱਸਾ ਹਨ। ਦੱਸ ਦੇਈਏ ਕਿ ਇਸ ਸਾਲ 14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ ਸਥਿਤ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਚਾਰ ਗੋਲੀਆਂ ਚਲਾਈਆਂ ਸਨ।