
ਅੱਤਵਾਦੀਆਂ ਨੇ ਫੌਜ ਦੀ ਗੱਡੀਆਂ ਨੂੰ ਬਣਾਇਆ ਨਿਸ਼ਾਨਾ
Jammu & Kashmir Terrorists attack : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਮਾਚੇਡੀ ਇਲਾਕੇ ’ਚ ਸਨਿਚਰਵਾਰ ਨੂੰ ਅੱਤਵਾਦੀਆਂ ਨੇ ਫੌਜ ਦੀ ਗੱਡੀ ’ਤੇ ਹਮਲਾ ਕਰ ਦਿਤਾ, ਜਿਸ ’ਚ 4 ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰੇਨੇਡ ਸੁੱਟਿਆ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਹ ਗੱਡੀ ਕਠੂਆ ਸ਼ਹਿਰ ਤੋਂ ਕਰੀਬ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਤਾ ਪਿੰਡ ਨੇੜੇ ਮਾਚੇਡੀ-ਕਿੰਡਲੀ-ਮਲਹਾਰ ਸੜਕ ’ਤੇ ਦੁਪਹਿਰ ਕਰੀਬ 3:30 ਵਜੇ ਨਿਯਮਤ ਗਸ਼ਤ ’ਤੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਅਤਿਵਾਦੀ ਨੇੜਲੇ ਜੰਗਲ ਖੇਤਰ ਵਲ ਭੱਜ ਗਏ। ਖ਼ਬਰ ਲਿਖੇ ਜਾਣ ਤਕ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਸੀ। ਇਕ ਅਧਿਕਾਰੀ ਨੇ ਦੱਸਿਆ, ‘‘ਕੁਲ 10 ਜਵਾਨ ਜ਼ਖਮੀ ਹੋਏ ਅਤੇ ਉਨ੍ਹਾਂ ਵਿਚੋਂ ਚਾਰ ਦੀ ਮੌਤ ਹੋ ਗਈ।’’
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਖਾਤਮੇ ਲਈ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ’ਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ ਅਤੇ ਉਹ ਉੱਚੀਆਂ ਥਾਵਾਂ ’ਤੇ ਜਾ ਰਹੇ ਸਨ।
ਦੱਸ ਦੇਈਏ ਕਿ ਪਿਛਲੇ ਚਾਰ ਹਫ਼ਤਿਆਂ ’ਚ ਕਠੂਆ ਜ਼ਿਲ੍ਹੇ ’ਚ ਇਹ ਦੂਜੀ ਵੱਡੀ ਘਟਨਾ ਹੈ। ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੌਰਾਨ 12 ਅਤੇ 13 ਜੂਨ ਨੂੰ ਇਕ ਭਿਆਨਕ ਮੁਕਾਬਲੇ ’ਚ ਦੋ ਅੱਤਵਾਦੀ ਅਤੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੀ ਜਾਨ ਚਲੀ ਗਈ ਸੀ।
ਇਹ ਅਤਿਵਾਦੀ ਹਮਲਾ ਡੋਡਾ ਜ਼ਿਲ੍ਹੇ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੇ ਇਕ ਪੰਦਰਵਾੜੇ ਦੇ ਅੰਦਰ ਹੋਇਆ ਹੈ। ਇਸ ਮੁਕਾਬਲੇ ’ਚ 26 ਜੂਨ ਨੂੰ ਤਿੰਨ ਵਿਦੇਸ਼ੀ ਅੱਤਵਾਦੀ ਮਾਰੇ ਗਏ ਸਨ।
ਇਸ ਤੋਂ ਪਹਿਲਾਂ 9 ਜੂਨ ਨੂੰ ਅੱਤਵਾਦੀਆਂ ਨੇ ਰਿਆਸੀ ਜ਼ਿਲ੍ਹੇ ਦੇ ਸ਼ਿਵ ਖੋਡੀ ਮੰਦਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਹਮਲਾ ਕੀਤਾ ਸੀ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 41 ਹੋਰ ਜ਼ਖਮੀ ਹੋ ਗਏ ਸਨ।