
25 ਕਰੋੜ ਤੋਂ ਵੱਧ ਮੁਲਾਜ਼ਮ ਕਰਨਗੇ ਹੜਤਾਲ
ਨਵੀਂ ਦਿੱਲੀ : ਬੈਂਕਿੰਗ, ਬੀਮਾ, ਕੋਲਾ ਖਾਣਾਂ, ਡਾਕ ਅਤੇ ਨਿਰਮਾਣ ਵਰਗੇ ਜਨਤਕ ਸੇਵਾਵਾਂ ਖੇਤਰਾਂ ਦੇ 25 ਕਰੋੜ ਤੋਂ ਵੱਧ ਮੁਲਾਜ਼ਮ ਬੁਧਵਾਰ ਨੂੰ ਦੇਸ਼ ਵਿਆਪੀ ਆਮ ਹੜਤਾਲ ਵਿਚ ਹਿੱਸਾ ਲੈਣ ਲਈ ਤਿਆਰ ਹਨ।10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਗਠਜੋੜ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿਚ ‘ਭਾਰਤ ਬੰਦ’ ਦਾ ਸੱਦਾ ਦਿਤਾ ਹੈ।
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਅਮਰਜੀਤ ਕੌਰ ਨੇ ਕਿਹਾ, ‘‘ਹੜਤਾਲ ਵਿਚ 25 ਕਰੋੜ ਤੋਂ ਵੱਧ ਮਜ਼ਦੂਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਦੇਸ਼ ਭਰ ਦੇ ਕਿਸਾਨ ਅਤੇ ਪੇਂਡੂ ਮਜ਼ਦੂਰ ਵੀ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ।’’ ਇਸ ਵਿਚ ਦੇਸ਼ ਵਿਆਪੀ ਆਮ ਹੜਤਾਲ ਨੂੰ ਸਫਲ ਬਣਾਉਣ ਉਤੇ ਜ਼ੋਰ ਦਿਤਾ ਗਿਆ ਹੈ ਅਤੇ ਰਸਮੀ ਅਤੇ ਗੈਰ ਰਸਮੀ/ਗੈਰ-ਸੰਗਠਤ ਅਰਥਵਿਵਸਥਾ ਦੇ ਸਾਰੇ ਖੇਤਰਾਂ ਦੀਆਂ ਯੂਨੀਅਨਾਂ ਨੇ ਸਰਗਰਮੀ ਨਾਲ ਤਿਆਰੀਆਂ ਕੀਤੀਆਂ ਹਨ।
ਉਨ੍ਹਾਂ ਕਿਹਾ, ‘‘ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾਵੇ, ਮਨਜ਼ੂਰਸ਼ੁਦਾ ਅਸਾਮੀਆਂ ਉਤੇ ਭਰਤੀਆਂ ਕੀਤੀਆਂ ਜਾਣ, ਵਧੇਰੇ ਨੌਕਰੀਆਂ ਪੈਦਾ ਕੀਤੀਆਂ ਜਾਣ, ਮਨਰੇਗਾ ਮਜ਼ਦੂਰਾਂ ਦੇ ਦਿਨਾਂ ਅਤੇ ਮਿਹਨਤਾਨੇ ਵਿਚ ਵਾਧਾ ਕੀਤਾ ਜਾਵੇ ਅਤੇ ਸ਼ਹਿਰੀ ਖੇਤਰਾਂ ਲਈ ਵੀ ਅਜਿਹਾ ਕਾਨੂੰਨ ਬਣਾਇਆ ਜਾਵੇ। ਪਰ ਸਰਕਾਰ ਇਸ ਦੀ ਬਜਾਏ ਰੁਜ਼ਗਾਰਦਾਤਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਈ.ਐਲ.ਆਈ. (ਰੁਜ਼ਗਾਰ ਨਾਲ ਜੁੜੇ ਪ੍ਰੋਤਸਾਹਨ) ਯੋਜਨਾ ਲਾਗੂ ਕਰਨ ਵਿਚ ਰੁੱਝੀ ਹੋਈ ਹੈ।’’
ਜ਼ਿਕਰਯੋਗ ਹੈ ਕਿ ਕੇਰਲ ਨੂੰ ਦੋ ਦਿਨਾਂ ਲਈ ਜਨਤਕ ਆਵਾਜਾਈ ਪ੍ਰਣਾਲੀ ਵਿਚ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਈਵੇਟ ਬੱਸ ਆਪ੍ਰੇਟਰ ਮੰਗਲਵਾਰ, 8 ਜੁਲਾਈ ਨੂੰ ਹੜਤਾਲ ਕਰਨਗੇ, ਜਿਸ ਤੋਂ ਬਾਅਦ ਬੁਧਵਾਰ, 9 ਜੁਲਾਈ ਨੂੰ ਵੱਖ-ਵੱਖ ਟਰੇਡ ਯੂਨੀਅਨਾਂ ਵਲੋਂ ਦੇਸ਼ ਵਿਆਪੀ ਆਮ ਹੜਤਾਲ ਦਾ ਸੱਦਾ ਦਿਤਾ ਜਾਵੇਗਾ। ਹੜਤਾਲ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਵੀ ਸਹਿਯੋਗ ਦਿਤਾ ਹੈ।