
ਗ਼ਰੀਬ ਲੋਕ ਭੁੱਖ ਮਿਟਾਣ ਲਈ ਸੁੰਦਰਬਨ ਵਿਚ ਮੱਛੀਆਂ ਕੇਕੜਿਆਂ ਦਾ ਸ਼ਿਕਾਰ ਕਰਨ ਜਾਂਦੇ ਹਨ ਤੇ ਭੁੱਖੇ ਸ਼ੇਰ ਉਨ੍ਹਾਂ ਦਾ ਸ਼ਿਕਾਰ ਕਰ ਲੈਂਦੇ ਹਨ
ਕੋਲਕਾਤਾ, 7 ਅਗੱਸਤ : ਦੁਨੀਆਂ ਦੇ ਸੱਭ ਤੋਂ ਵੱਡੇ ਮੈਂਗ੍ਰੋਵ ਫ਼ਾਰੈੱਸਟ ਸੁੰਦਰਬਨ 'ਚ ਤਾਲਾਬੰਦੀ ਦੌਰਾਨ 12 ਲੋਕ ਸ਼ੇਰਾਂ ਦੇ ਸ਼ਿਕਾਰ ਹੋ ਗਏ। ਜਾਨ ਗੁਆਉਣ ਵਾਲਿਆਂ 'ਚ ਛੇ ਪਰਵਾਸੀ ਮਜ਼ਦੂਰ ਹਨ, ਜੋ ਵੱਖ-ਵੱਖ ਸੂਬਿਆਂ ਤੋਂ ਪਰਤੇ ਸਨ। ਤਾਲਾਬੰਦੀ ਸਮੇਂ ਹੋਰ ਰੁਜ਼ਗਾਰ ਨਾ ਮਿਲਣ ਦੀ ਵਜ੍ਹਾ ਨਾਲ ਸਾਰੇ ਕੇਕੜੇ ਫੜਨ ਲਈ ਸੁੰਦਰਬਨ ਦੇ ਜੰਗਲੀ ਇਲਾਕਿਆਂ 'ਚ ਗਏ ਸਨ। ਉਥੇ ਸ਼ੇਰਾਂ ਦੇ ਹਮਲੇ 'ਚ ਉਨ੍ਹਾਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਮੱਛੀਆਂ ਤੇ ਕੇਕੜੇ ਫੜਨੇ ਸੁੰਦਰਬਨ ਦੇ ਲੋਕਾਂ ਦਾ ਮੁੱਖ ਪੇਸ਼ਾ ਹੈ। ਇਸ ਕੰਮ 'ਚ ਜਿੰਨਾ ਜੋਖਮ ਹੈ, ਓਨਾ ਹੀ ਜ਼ਿਆਦਾ ਪੈਸਾ ਵੀ ਹੈ। ਸਰਕਾਰ ਵਲੋਂ ਮੱਛੀਆਂ ਤੇ ਕੇਕੜੇ ਫੜਨ ਲਈ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਬਿਨਾਂ ਲਾਇਸੈਂਸ ਦੇ ਮੱਛੀਆਂ ਤੇ ਕੇਕੜੇ ਫੜਨ ਜਾਂਦੇ ਹਨ। ਕੇਕੜੇ ਫੜਨ ਲਈ ਨਦੀ ਤਟ 'ਤੇ ਉਤਰਨਾ ਪੈਂਦਾ ਹੈ। ਸ਼ੇਰ ਉਥੇ ਘਾਤ ਲਾਈ ਬੈਠੇ ਰਹਿੰਦੇ ਹਨ। ਕਈ ਵਾਰ ਸ਼ੇਰਾਂ ਦੇ ਨਦੀ 'ਚ ਤੈਰ ਕੇ ਕਿਸ਼ਤੀ 'ਤੇ ਆ ਕੇ ਹਮਲਾ ਕਰਨ ਦੀਆਂ ਵੀ ਘਟਨਾਵਾਂ ਹੋਈਆਂ ਹਨ। ਇਸ ਦੇ ਬਾਵਜੂਦ ਮੱਛੀਆਂ ਤੇ ਕੇਕੜੇ ਫੜਨੇ ਜਾਰੀ ਹਨ।
File Photo
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੱਛੀਆਂ ਤੇ ਕੇਕੜੇ ਫੜੇ ਬਗ਼ੈਰ ਰੋਜ਼ੀ-ਰੋਟੀ ਚਲਾਉਣ ਦਾ ਦੂਜਾ ਕੋਈ ਉਪਾਅ ਨਹੀਂ ਹੈ, ਇਸ ਲਈ ਜਾਨ ਦਾ ਜੋਖ਼ਮ ਹੋਣ 'ਤੇ ਵੀ ਉਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ।
ਜੰਗਲੀ-ਜੀਵ ਮਾਹਰਾਂ ਦਾ ਕਹਿਣਾ ਹੈ ਕਿ ਸੁੰਦਰਬਨ ਦੇ ਲੋਕ ਹੋਂਦ ਬਚਾਈ ਰੱਖਣ ਲਈ ਜਿੰਨਾ ਸੰਘਰਸ਼ ਕਰਦੇ ਹਨ, ਸ਼ੇਰਾਂ ਨੂੰ ਵੀ ਅਪਣਾ ਵਜੂਦ ਕਾਇਮ ਰੱਖਣ ਲਈ ਓਨਾ ਹੀ ਸੰਘਰਸ਼ ਕਰਨਾ ਪੈਂਦਾ ਹੈ। ਸ਼ੇਰ ਸੁੰਦਰਬਨ ਦੇ ਰਿਹਾਇਸ਼ੀ ਇਲਾਕਿਆਂ 'ਚ ਜਾ ਕੇ ਇਸ ਸਮੇਂ ਹਮਲੇ ਨਹੀਂ ਕਰ ਰਹੇ। ਮਨੁੱਖ ਜਦੋਂ ਉਨ੍ਹਾਂ ਦੇ ਇਲਾਕਿਆਂ 'ਚ ਕਬਜ਼ਾ ਕਰਦਾ ਹੈ, ਉਦੋਂ ਉਹ ਉਨ੍ਹਾਂ ਨੂੰ ਅਪਣਾ ਸ਼ਿਕਾਰ ਬਣਾਉਂਦੇ ਹਨ। ਸ਼ੇਰ, ਹਿਰਨ, ਸੂਰ ਤੇ ਮਨੁੱਖ 'ਚ ਕੋਈ ਫ਼ਰਕ ਨਹੀਂ ਕਰਦਾ। ਉਸ ਲਈ ਸਾਰੇ ਸ਼ਿਕਾਰ ਇਕੋ ਜਹੇ ਹਨ।