ਨਵੀਂ ਸਿਖਿਆ ਨੀਤੀ ਵਿਚ 'ਕਿਵੇਂ ਸੋਚਣਾ ਹੈ' 'ਤੇ ਜ਼ੋਰ
ਨਵੀਂ ਦਿੱਲੀ, 7 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਸਿਖਿਆ ਨੀਤੀ ਨੂੰ 21ਵੀਂ ਸਦੀ ਦੇ ਨਵੇਂ ਭਾਰਤ ਦੀ ਨੀਂਹ ਤਿਆਰ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਹਾਲੇ ਤਕ ਸਾਡੇ ਸਿਖਿਆ ਪ੍ਰਬੰਧ ਵਿਚ 'ਕੀ ਸੋਚਣਾ ਹੈ' ਵਲ ਧਿਆਨ ਕੇਂਦਰਤ ਰਿਹਾ ਜਦਕਿ ਨਵੀਂ ਸਿਖਿਆ ਨੀਤੀ ਵਿਚ 'ਕਿਵੇਂ ਸੋਚਣਾ ਹੈ' 'ਤੇ ਜ਼ੋਰ ਦਿਤਾ ਗਿਆ ਹੈ। ਕੌਮੀ ਸਿਖਿਆ ਨੀਤੀ ਤਹਿਤ 'ਉੱਚ ਸਿਖਿਆ ਵਿਚ ਇਨਕਲਾਬੀ ਸੁਧਾਰ' ਵਿਸ਼ੇ 'ਤੇ ਸੰਮੇਲਨ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਦੇਸ਼ ਦੇ ਕਿਸੇ ਵੀ ਖੇਤਰ ਜਾਂ ਵਰਗ ਨਾਲ ਭੇਦਭਾਵ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ।
ਉਨ੍ਹਾਂ ਕਿਹਾ, 'ਹਰ ਦੇਸ਼ ਅਪਣੇ ਸਿਖਿਆ ਪ੍ਰਬੰਧ ਨੂੰ ਅਪਣੀਆਂ ਕੌਮੀ ਕਦਰਾਂ-ਕੀਮਤਾਂ ਨਾਲ ਜੋੜਦਿਆਂ, ਅਪਣੀ ਕੌਮੀ ਨੀਤੀ ਮੁਤਾਬਕ ਸੁਧਾਰ ਕਰਦਿਆਂ ਚਲਦਾ ਹੈ। ਮਕਸਦ ਇਹ ਹੁੰਦਾ ਹੈ ਕਿ ਦੇਸ਼ ਦਾ ਸਿਖਿਆ ਪ੍ਰਬੰਧ ਅਪਣੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤਿਆਰ ਰੱਖੇ ਅਤੇ ਤਿਆਰ ਕਰੇ।' ਉਨ੍ਹਾਂ ਕਿਹਾ, 'ਭਾਰਤ ਦੀ ਕੌਮੀ ਸਿਖਿਆ ਨੀਤੀ ਦਾ ਆਧਾਰ ਵੀ ਇਹੋ ਸੋਚ ਹੈ। ਕੌਮੀ ਸਿਖਿਆ ਨੀਤੀ 21ਵੀਂ ਸਦੀ ਦੇ ਭਾਰਤ ਦੀ ਅਤੇ ਨਵੇਂ ਭਾਰਤ ਦੀ ਨੀਂਹ ਤਿਆਰ ਕਰਨ ਵਾਲੀ ਹੈ।'
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਦੇਸ਼ ਦੇ ਸਿਖਿਆ ਢਾਂਚੇ ਵਿਚ ਵੱਡੇ ਬਦਲਾਅ ਨਹੀਂ ਹੋਏ ਅਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਮਾਜ ਵਿਚ ਜਗਿਆਸਾ ਅਤੇ ਕਲਪਨਾ ਸ਼ਕਤੀ ਜਿਹੀਆਂ ਲੋੜਾਂ ਨੂੰ ਅੱਗੇ ਵਧਾਉਣ ਦੀ ਬਜਾਏ 'ਭੇਡ ਚਾਲ' ਨੂੰ ਹੱਲਾਸ਼ੇਰੀ ਦਿਤੀ ਜਾਣ ਲੱਗੀ ਸੀ। ਉਨ੍ਹਾਂ ਕਿਹਾ ਕਿ ਤਿੰਨ-ਚਾਰ ਸਾਲਾਂ ਦੀ ਵਿਆਪਕ ਸੋਚ-ਵਿਚਾਰ ਮਗਰੋਂ, ਲੱਖਾਂ ਸੁਝਾਵਾਂ 'ਤੇ ਲੰਮੇ ਮੰਥਨ ਮਗਰੋਂ ਕੌਮੀ ਸਿਖਿਆ ਨੀਤੀ ਨੂੰ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, 'ਭਾਰਤ ਨੂੰ ਤਾਕਤਵਰ ਬਣਾਉਣ ਲਈ, ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਾਣ ਲਈ, ਭਾਰਤ ਦੇ ਨਾਗਰਿਕਾਂ ਨੂੰ ਹੋਰ ਮਜ਼ਬੂਤ ਕਰਨ ਲਈ, ਉਨ੍ਹਾਂ ਨੂੰ ਵੱਧ ਤੋਂ ਵੱਧ ਮੌਕਿਆਂ ਦੇ ਅਨੁਕੂਲ ਬਣਾਉਣ ਲਈ ਇਸ ਸਿਖਿਆ ਨੀਤੀ ਵਿਚ ਜ਼ੋਰ ਦਿਤਾ ਗਿਆ ਹੈ।'