
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕਈ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕਈ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬੇਟੇ ਨੇ ਅਪਣੀ 90 ਸਾਲ ਦੀ ਬਜ਼ੁਰਗ ਮਾਂ ਨੂੰ ਜੰਗਲ ਵਿਚ ਸੁੱਟ ਦਿੱਤੇ ਤੇ ਉੱਥੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਮਾਂ ਕੋਰੋਨਾ ਪਾਜ਼ੇਟਿਵ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਅਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ।
Old Woman
ਬਾਅਦ ਵਿਚ ਪਰਿਵਾਰ ਨੇ ਰਾਤ ਦੇ ਹਨੇਰੇ ਵਿਚ ਬਜ਼ੁਰਗ ਔਰਤ ਨੂੰ ਕੱਚੀਘਾਟੀ ਇਲਾਕੇ ਦੇ ਜੰਗਲ ਵਿਚ ਸੁੱਟ ਦਿੱਤਾ ਅਤੇ ਘਰ ਵਾਪਸ ਆ ਗਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਪਰਿਵਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਔਰੰਗਾਬਾਦ ਦੇ ਕੱਚੀਘਾਟੀ ਇਲਾਕੇ ਦੇ ਜੰਗਲ ਵਿਚ ਲੋਕਾਂ ਨੂੰ ਇਕ ਬਜ਼ੁਰਗ ਔਰਤ ਪਈ ਮਿਲੀ। 90 ਸਾਲ ਦੀ ਬਜ਼ੁਰਗ ਔਰਤ ਨੂੰ ਇਕ ਚਾਦਰ ਵਿਚ ਜੰਗਲ ‘ਚ ਸੁੱਟਿਆ ਹੋਇਆ ਸੀ।
Corona virus
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਜਦੋਂ ਪੁਲਿਸ ਨੇ ਔਰਤ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਤਾਂ ਪਤਾ ਚੱਲਿਆ ਕਿ ਬਜ਼ੁਰਗ ਔਰਤ ਕੋਰੋਨਾ ਵਾਇਰਸ ਪਾਜ਼ੇਟਿਵ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਜਦੋਂ ਉਸ ਦੇ ਪਰਿਵਾਰ ਨੂੰ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਨੂੰ ਜੰਗਲ ਵਿਚ ਸੁੱਟ ਦਿੱਤੇ ਤੇ ਖੁਦ ਫਰਾਰ ਹੋ ਗਏ।
Corona virus
ਪੁਲਿਸ ਮੁਤਾਬਕ ਬਜ਼ੁਰਗ ਔਰਤ ਕਰੀਬ ਇਕ ਘੰਟੇ ਤੱਕ ਜੰਗਲ ਵਿਚ ਭਟਕਦੀ ਰਹੀ। ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਮਾਜ ਵਿਚ ਲੋਕਾਂ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਭੇਦਭਾਵ ਕਰਨ ਦੀਆਂ ਅਨੇਕਾਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।