
ਅਸਲ ਵੀਜ਼ਾ 20 ਅਗੱਸਤ ਨੂੰ ਖਤਮ ਹੋਣਾ ਸੀ
ਪੇਸ਼ਾਵਰ: ਪਾਕਿਸਤਾਨ ਨੇ 34 ਵਰ੍ਹਿਆਂ ਦੀ ਇਕ ਭਾਰਤੀ ਔਰਤ ਦਾ ਵੀਜ਼ਾ ਇਕ ਸਾਲ ਲਈ ਵਧਾ ਦਿਤਾ ਹੈ, ਜੋ ਅਪਣੇ ਫੇਸਬੁੱਕ ਦੋਸਤ ਨਾਲ ਵਿਆਹ ਕਰਨ ਲਈ ਖੈਬਰ ਪਖਤੂਨਖਵਾ ਸੂਬੇ ਦੇ ਇਕ ਦੂਰ-ਦੁਰਾਡੇ ਪਿੰਡ ਗਈ ਸੀ। ਉਸ ਦੇ ਪਾਕਿਸਤਾਨੀ ਪਤੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਦੋ ਬੱਚਿਆਂ ਦੀ ਮਾਂ ਅੰਜੂ ਨੇ ਵਿਆਹ ਤੋਂ ਪਹਿਲਾਂ ਹੀ ਇਸਲਾਮ ਕਬੂਲ ਕਰ ਲਿਆ ਸੀ।
ਅੰਜੂ ਨੇ ਇਸਲਾਮ ਅਪਣਾਉਣ ਤੋਂ ਬਾਅਦ ਅਪਣਾ ਨਵਾਂ ਨਾਂ ਫਾਤਿਮਾ ਰਖਿਆ ਹੈ। ਅੰਜੂ ਨੇ 25 ਜੁਲਾਈ ਨੂੰ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਦੇ ਰਹਿਣ ਵਾਲੇ ਅਪਣੇ 29 ਵਰ੍ਹਿਆਂ ਦੇ ਦੋਸਤ ਨਸਰੁੱਲਾ ਨਾਲ ਵਿਆਹ ਕੀਤਾ ਸੀ। ਦੋਵੇਂ 2019 ’ਚ ਫੇਸਬੁੱਕ ’ਤੇ ਦੋਸਤ ਬਣ ਗਏ ਸਨ। ਮੰਗਲਵਾਰ ਨੂੰ ਨਸਰੁੱਲਾ ਨੇ ਕਿਹਾ ਕਿ ਅੰਜੂ ਦਾ ਵੀਜ਼ਾ, ਜੋ ਪਹਿਲਾਂ ਦੋ ਮਹੀਨਿਆਂ ਲਈ ਵਧਾਇਆ ਗਿਆ ਸੀ, ਹੁਣ ਉਸ ਦੇ ਵਿਆਹ ਤੋਂ ਬਾਅਦ ਇਕ ਸਾਲ ਲਈ ਵਧਾ ਦਿਤਾ ਗਿਆ ਹੈ। ਉਸ ਦਾ ਇਕ ਮਹੀਨੇ ਦੀ ਮਿਆਦ ਦਾ ਅਸਲ ਵੀਜ਼ਾ 20 ਅਗੱਸਤ ਨੂੰ ਖਤਮ ਹੋਣਾ ਸੀ।
ਨਸਰੁੱਲਾ ਨੇ ਕਿਹਾ, ‘‘ਗ੍ਰਹਿ ਮੰਤਰਾਲੇ ਨੂੰ ਸਬੰਧਤ ਦਸਤਾਵੇਜ਼ ਮੁਹੱਈਆ ਕਰਾਉਣ ਤੋਂ ਬਾਅਦ ਮੇਰੀ ਪਤਨੀ ਅੰਜੂ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਸਾਰੇ ਪਾਕਿਸਤਾਨੀ ਅਦਾਰੇ ਸਾਡੇ ਨਾਲ ਸਹਿਯੋਗ ਕਰ ਰਹੇ ਹਨ।’’ ਪਿਛਲੇ ਮਹੀਨੇ ਇਕ ਰੀਅਲ ਅਸਟੇਟ ਕੰਪਨੀ ਨੇ ਜੋੜੇ ਨੂੰ ਚੈਕ ਦੇ ਨਾਲ ਖੈਬਰ ਪਖਤੂਨਖਵਾ ਵਿਚ ਇਕ ਪਲਾਟ ਗਿਫਟ ਕੀਤਾ ਸੀ।
ਉੱਤਰ ਪ੍ਰਦੇਸ਼ ਦੇ ਕੈਲੋਰ ਪਿੰਡ ਵਿਚ ਜਨਮੀ ਅਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਵਸਨੀਕ ਅੰਜੂ ਕਾਨੂੰਨੀ ਤੌਰ ’ਤੇ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਗਈ ਸੀ। ਉਸ ਨੂੰ 30 ਦਿਨਾਂ ਦਾ ਵੀਜ਼ਾ ਦਿਤਾ ਗਿਆ ਸੀ, ਜੋ ਸਿਰਫ਼ ਅੱਪਰ ਦੀਰ ਲਈ ਜਾਇਜ਼ ਸੀ। ਅੰਜੂ ਦਾ ਪਹਿਲਾ ਵਿਆਹ ਰਾਜਸਥਾਨ ਦੇ ਰਹਿਣ ਵਾਲੇ ਅਰਵਿੰਦ ਨਾਲ ਹੋਇਆ ਸੀ। ਦੋਵਾਂ ਦੀ 15 ਸਾਲ ਦੀ ਬੇਟੀ ਅਤੇ ਛੇ ਸਾਲ ਦਾ ਬੇਟਾ ਹੈ।
ਉਸ ਦੀ ਕਹਾਣੀ ਸੀਮਾ ਗੁਲਾਮ ਹੈਦਰ, ਇਕ 30 ਸਾਲਾਂ ਦੀ ਔਰਤ, ਚਾਰ ਬੱਚਿਆਂ ਦੀ ਮਾਂ ਨਾਲ ਮਿਲਦੀ-ਜੁਲਦੀ ਹੈ, ਜੋ ਇਕ 22 ਸਾਲਾਂ ਦੇ ਹਿੰਦੂ ਵਿਅਕਤੀ ਸਚਿਨ ਮੀਨਾ ਨਾਲ ਰਹਿਣ ਲਈ ਭਾਰਤ ’ਚ ਦਾਖਲ ਹੋਈ ਸੀ। ਉਹ 2019 ’ਚ PUBG ਖੇਡਦੇ ਹੋਏ ਉਸ ਦੇ ਸੰਪਰਕ ’ਚ ਆਈ ਸੀ।