
Lakhimpuri Kheri Violence Case : ਐੱਸ.ਪੀ. ਨੂੰ ਗਵਾਹ ਨਾਲ ਮੁਲਾਕਾਤ ਕਰਨ ਦੇ ਦਿੱਤੇ ਨਿਰਦੇਸ਼, 3 ਅਕਤੂਬਰ, 2021 ਨੂੰ ਵਾਪਰੀ ਸੀ ਘਟਨਾ
Lakhimpuri Kheri Violence Case News in Punjabi : ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਵਿਰੁੱਧ ਗਵਾਹ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਾ ਨਾਲ ਸਬੰਧਤ ਹੈ, ਜਿਸ ਵਿੱਚ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਦਾਅਵਾ ਕੀਤਾ ਗਿਆ ਸੀ ਕਿ ਆਸ਼ੀਸ਼ ਨੇ ਗਵਾਹ ਨੂੰ ਗਵਾਹੀ ਨਾ ਦੇਣ ਦੀ ਧਮਕੀ ਦਿੱਤੀ ਸੀ।
ਸੁਪਰੀਮ ਕੋਰਟ ਨੇ ਲਖਨਊ ਦੇ ਸੀਨੀਅਰ ਪੁਲੀਸ ਅਧਿਕਾਰੀ ਨੂੰ ਸਾਲ 2021 ਵਿੱਚ ਵਾਪਰੇ ਲਖੀਮਪੁਰ ਖੀਰੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਮੁਲਾਕਾਤ ਕਰਨ ਲਈ ਆਖਿਆ ਹੈ ਤਾਂ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਉਸ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਕਥਿਤ ਤੌਰ ’ਤੇ ਧਮਕਾਉਣ ਦੇ ਲਾਏ ਗਏ ਦੋਸ਼ ਸਹੀ ਸਨ ਜਾਂ ਨਹੀਂ?
ਜਸਟਿਸ ਸੂਰਿਆ ਕਾਂਤ, ਉੱਜਵਲ ਭੂਈਆਂ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਯੂਪੀ ਪੁਲੀਸ ਨੂੰ ਸੁਆਲ ਕੀਤਾ ਕਿ 20 ਜੂਨ ਨੂੰ ਕੇਸ ਦੇ ਚਸ਼ਮਦੀਦ ਗਵਾਹ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਵਜੂਦ ਹਾਲੇ ਤੱਕ ਉਸ ਨੂੰ ਕਿਉਂ ਨਹੀਂ ਮਿਲਿਆ ਗਿਆ। ਯੂ.ਪੀ. ਦੀ ਐਡੀਸ਼ਨਲ ਐਡਵੋਕੇਟ ਜਨਰਲ ਗਰਿਮਾ ਪ੍ਰਸਾਦ ਨੇ ਕਿਹਾ ਕਿ ਗਵਾਹ ਨੇ ਖ਼ੁਦ ਹੀ ਪੁਲੀਸ ਕੋਲ ਆ ਕੇ ਇਸ ਮਾਮਲੇ ਸਬੰਧੀ ਗੱਲਬਾਤ ਲਈ ਇੱਛਾ ਜ਼ਾਹਰ ਨਹੀਂ ਕੀਤੀ ਤੇ ਉਸ ਨੂੰ ਵਾਰ-ਵਾਰ ਸੱਦਣ ਦੇ ਬਾਵਜੂਦ ਉਹ ਆਪਣੀ ਸ਼ਿਕਾਇਤ ਦੀ ਪੁਸ਼ਟੀ ਕਰਨ ਜਾਂ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਨਹੀਂ ਆਇਆ।
ਹਾਲਾਂਕਿ, ਸਰਵਉੱਚ ਅਦਾਲਤ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਅਤੇ ਚਸ਼ਮਦੀਦ ਗਵਾਹ ਨਾਲ ਮੁਲਾਕਾਤ ਮਗਰੋਂ ਤਾਜ਼ਾ ਸਟੇਟਸ ਰਿਪੋਰਟ ਅਦਾਲਤ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਕੀ ਸੀ ਮਾਮਲਾ
ਦੱਸ ਦੇਈਏ ਕਿ ਲਖੀਮਪੁਰ ਖੀਰੀ ਹਿੰਸਾ 3 ਅਕਤੂਬਰ, 2021 ਨੂੰ ਹੋਈ ਸੀ, ਜਦੋਂ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਦੋਸ਼ ਹੈ ਕਿ ਆਸ਼ੀਸ਼ ਮਿਸ਼ਰਾ ਦੇ ਕਾਫਲੇ ਦੀ ਗੱਡੀ ਨੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਕੁਝ ਲੋਕਾਂ ਦੀ ਕੁੱਟਮਾਰ ਕੀਤੀ, ਜਿਸ ਵਿੱਚ ਇੱਕ ਪੱਤਰਕਾਰ ਦੀ ਵੀ ਜਾਨ ਚਲੀ ਗਈ। ਸੁਪਰੀਮ ਕੋਰਟ ਨੇ ਪਹਿਲਾਂ ਆਸ਼ੀਸ਼ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਹੁਣ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
(For more news apart from Supreme Court strict in Lakhimpuri Kheri violence case, Ashish Mishra accused threatening witness News in Punjabi, stay tuned to Rozana Spokesman)