ਉਨ੍ਹਾਂ ਨੂੰ ਹਰਿਆਣਾ ’ਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਡੱਬਵਾਲੀ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ
Haryana News : ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੋਤੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਆਦਿੱਤਿਆ ਦੇਵੀ ਲਾਲ ਐਤਵਾਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ’ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਹਰਿਆਣਾ ’ਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਡੱਬਵਾਲੀ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ।
ਆਦਿੱਤਿਆ ਦੇਵੀ ਲਾਲ (46) ਸਿਰਸਾ ਜ਼ਿਲ੍ਹੇ ਦੇ ਚੌਟਾਲਾ ਪਿੰਡ ’ਚ ਪਾਰਟੀ ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਦੀ ਮੌਜੂਦਗੀ ’ਚ ਇਕ ਰੈਲੀ ’ਚ ਇਨੈਲੋ ’ਚ ਸ਼ਾਮਲ ਹੋਏ।
ਆਦਿਤਿਆ ਦੇਵੀ ਲਾਲ ਨੇ ਹਾਲ ਹੀ ’ਚ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਦੇ ਇਨੈਲੋ ’ਚ ਸ਼ਾਮਲ ਹੋਣ ਨਾਲ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਸਿਰਸਾ ਜ਼ਿਲ੍ਹੇ ’ਚ ਅਪਣਾ ਪ੍ਰਮੁੱਖ ਚਿਹਰਾ ਗੁਆ ਦਿਤਾ ਹੈ। ਨੇਤਾਵਾਂ ਦੇ ਬਾਗ਼ੀ ਹੋਣ ਕਾਰਨ ਰਾਜ ’ਚ ਸੱਤਾਧਾਰੀ ਪਾਰਟੀ ਲਈ ਮੁਸ਼ਕਲਾਂ ਵਧ ਗਈਆਂ ਹਨ।
ਉਹ ਦੇਵੀ ਲਾਲ ਪਰਵਾਰ ਦਾ ਦੂਜਾ ਵਿਅਕਤੀ ਹੈ ਜਿਸ ਨੇ ਇਕ ਹਫ਼ਤੇ ਦੇ ਅੰਦਰ ਭਾਜਪਾ ਛੱਡ ਦਿਤੀ ਹੈ। ਕੁੱਝ ਦਿਨ ਪਹਿਲਾਂ ਸੂਬੇ ਦੇ ਬਿਜਲੀ ਤੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ (79) ਨੇ ਵੀ ਸੱਤਾਧਾਰੀ ਪਾਰਟੀ ਛੱਡ ਦਿਤੀ ਸੀ। ਉਹ ਦੇਵੀ ਲਾਲ ਦਾ ਪੁੱਤਰ ਹੈ।