
ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਇਕ ਓਂਕਾਰ’ ਦੇ ਸੰਦੇਸ਼ ਵਿਚ ਕਿਹਾ ਕਿ ਪ੍ਰਮਾਤਮਾ ਇਕ ਅਤੇ ਸਰਵ ਵਿਆਪਕ ਹੈ।
ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੇ ਵਿਚਾਰਾਂ ਨੂੰ ਅਪਣਾ ਕੇ ਅਸੀਂ ਸਮਾਜ ਵਿਚ ਸ਼ਾਂਤੀ, ਸਮਾਨਤਾ ਅਤੇ ਖੁਸ਼ਹਾਲੀ ਲਿਆ ਸਕਦੇ ਹਾਂ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ, ‘‘ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖ ਭੈਣਾਂ-ਭਰਾਵਾਂ ਅਤੇ ਸਮੂਹ ਦੇਸ਼ਵਾਸੀਆਂ ਨੂੰ ਵਧਾਈਆਂ।’’
ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਇਕ ਓਂਕਾਰ’ ਦੇ ਸੰਦੇਸ਼ ਵਿਚ ਕਿਹਾ ਕਿ ਪ੍ਰਮਾਤਮਾ ਇਕ ਅਤੇ ਸਰਵ ਵਿਆਪਕ ਹੈ। ਰਾਸ਼ਟਰਪਤੀ ਨੇ ਕਿਹਾ, “ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਾਜ ਵਿਚ ਪਿਆਰ, ਏਕਤਾ ਅਤੇ ਭਾਈਚਾਰੇ ਨਾਲ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜਪੁਜੀ ਸਾਹਿਬ ਵਿਚ ਪਿਆਰ, ਵਿਸ਼ਵਾਸ, ਸੱਚਾਈ, ਕੁਰਬਾਨੀ ਅਤੇ ਸਦਾਚਾਰਕ ਆਚਰਣ ਵਰਗੀਆਂ ਸਦੀਵੀ ਕਦਰਾਂ-ਕੀਮਤਾਂ ਮੌਜੂਦ ਹਨ, ਜਿਨ੍ਹਾਂ ਤੋਂ ਸਾਨੂੰ ਜੀਵਨ ਵਿਚ ਸਿੱਖਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ‘ਕਿਰਤ ਕਰੋ, ਵੰਡ ਛਕੋ’ ਵਰਗੀਆਂ ਸਿੱਖਿਆਵਾਂ ਰਾਹੀਂ ਗੁਰੂਨਾਨਕ ਦੇਵ ਜੀ ਨੇ ਸਾਨੂੰ ਇਮਾਨਦਾਰੀ ਨਾਲ ਜੀਵਨ ਜਿਊਣ ਅਤੇ ਸਾਰੇ ਵਸੀਲੇ ਸਾਂਝੇ ਕਰਨ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਵੀ ਇਹ ਸੰਦੇਸ਼ ਦਿੱਤਾ ਸੀ ਕਿ ਮਨੁੱਖ ਨੂੰ ਨਿਮਰ ਬਣ ਕੇ ਸੇਵਾ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਵਿਚਾਰਾਂ ਨੂੰ ਅਪਣਾ ਕੇ ਅਸੀਂ ਸਮਾਜ ਵਿਚ ਸ਼ਾਂਤੀ, ਸਮਾਨਤਾ ਅਤੇ ਖੁਸ਼ਹਾਲੀ ਲਿਆ ਸਕਦੇ ਹਾਂ।