
ਅਦਾਲਤ ਨੇ ਵਿਰੋਧੀ ਪਾਰਟੀ ਵੱਲੋਂ ਕੀਤੇ ਗਏ ਤਿੰਨ ਟਵੀਟਾਂ ਨੂੰ ਵੀ ਹਟਾਉਣ ਦਾ ਹੁਕਮ ਦਿੱਤਾ ਹੈ।
ਬੰਗਲੁਰੂ: ਬੰਗਲੁਰੂ ਸ਼ਹਿਰੀ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਅਗਲੀ ਸੁਣਵਾਈ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਇਸ ਦੀ ‘ਭਾਰਤ ਜੋੜੋ ਯਾਤਰਾ’ ਦੇ ਹੈਂਡਲ ਨੂੰ ‘ਬਲਾਕ’ ਕਰਨ ਦਾ ਨਿਰਦੇਸ਼ ਦਿੱਤਾ ਹੈ। ਜ਼ਿਕਰ ਕੀਤੇ ਟਵਿੱਟਰ ਹੈਂਡਲ 'INC ਇੰਡੀਆ' ਅਤੇ 'ਭਾਰਤ ਜੋੜੋ' ਹਨ।
ਅਦਾਲਤ ਨੇ ਵਿਰੋਧੀ ਪਾਰਟੀ ਵੱਲੋਂ ਕੀਤੇ ਗਏ ਤਿੰਨ ਟਵੀਟਾਂ ਨੂੰ ਵੀ ਹਟਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਦਾ ਇਹ ਹੁਕਮ ਐਮਆਰਟੀ ਮਿਊਜ਼ਿਕ ਦੁਆਰਾ ਦਾਇਰ ਕੀਤੇ ਗਏ ਮੁਕੱਦਮੇ ਤੋਂ ਬਾਅਦ ਆਇਆ ਹੈ, ਜੋ ਫਿਲਮ 'ਕੇਜੀਐਫ ਚੈਪਟਰ 2' ਦੇ 'ਸਾਊਂਡ ਟਰੈਕ' ਦਾ ਕਾਪੀਰਾਈਟ ਧਾਰਕ ਹੈ।
ਇਹ ਦੋਸ਼ ਲਗਾਇਆ ਗਿਆ ਹੈ ਕਿ ਇਸ ਦੇ ਕਾਪੀਰਾਈਟ ਦੀ ਉਲੰਘਣਾ ਕੀਤੀ ਗਈ ਹੈ ਅਤੇ ਇਸ ਦੇ ਕਾਪੀਰਾਈਟ ਸੰਗੀਤ ਦੀ ਵਰਤੋਂ ਕਰਨ ਲਈ ਕਾਂਗਰਸ ਅਤੇ ਇਸ ਦੇ ਨੇਤਾਵਾਂ ਦੇ ਖਿਲਾਫ਼ ਸਥਾਈ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ’ਤੇ ਸਬੂਤਾਂ ਦੀ ਆਡਿਟ ਅਤੇ ਸੁਰੱਖਿਆ ਲਈ ਇਕ ਕਮਿਸ਼ਨਰ ਵੀ ਨਿਯੁਕਤ ਕੀਤਾ ਹੈ।