
ਖੇਤੀ ਕਾਨੂੰਨਾਂ ਬਾਰੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ
ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਵਿਰੋਧੀ ਪਾਰਟੀਆਂ ਦਾ ਇਕ ਵਫ਼ਦ ਬੁਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ। ਸੀਪੀਆਈ (ਐਮ) ਦੇ ਨੇਤਾ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਸਾਂਝਾ ਵਫ਼ਦ ਭਲਕੇ ਸ਼ਾਮ 5 ਵਜੇ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਕਿਹਾ, ਵਫ਼ਦ ਵਿਚ ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਹੋਰ ਕਈ ਨੇਤਾ ਸ਼ਾਮਿਲ ਹੋਣਗੇ। ਕੋਵਿਡ 19 ਪ੍ਰੋਟੋਕੋਲ ਦੇ ਕਾਰਨ, ਸਿਰਫ਼ 5 ਲੋਕਾਂ ਨੂੰ ਮਿਲਣ ਦੀ ਆਗਿਆ ਮਿਲੀ ਹੈ।
Sitaram Yechury
ਇਸ ਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਵਿਵਾਦਪੂਰਨ ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਭਾਜਪਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਪਵਾਰ ਨੇ ਕੇਂਦਰ ਦੀ ਯੂਪੀਏ ਸਰਕਾਰ ਵਿਚ ਖੇਤੀਬਾੜੀ ਮੰਤਰੀ ਵਜੋਂ ਰਾਜਾਂ ਨੂੰ ਏਪੀਐਮਸੀ ਐਕਟ ਵਿਚ ਸੋਧ ਕਰਨ ਲਈ ਕਿਹਾ ਸੀ ਅਤੇ ਚੇਤਾਵਨੀ ਦਿਤੀ ਸੀ ਕਿ ਜੇ ਤਿੰਨ ਸੁਧਾਰ ਨਾ ਕੀਤੇ ਗਏ ਤਾਂ ਕੇਂਦਰ ਵਿੱਤੀ ਸਹਾਇਤਾ ਨਹੀਂ ਦੇਵੇਗਾ।
sharad pawar
ਐਨਸੀਪੀ ਨੇ ਕਿਹਾ ਸੀ ਕਿ ਪਵਾਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਰਾਜਾਂ ਦੇ ਖੇਤੀਬਾੜੀ ਮਾਰਕੀਟਿੰਗ ਬੋਰਡਾਂ ਨਾਲ ਵਿਆਪਕ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਨੂੰਨ ਲਾਗੂ ਕਰਨ ਲਈ ਉਨ੍ਹਾਂ ਤੋਂ ਸੁਝਾਅ ਮੰਗੇ ਸੀ।
kisan protest
ਦੱਸ ਦੇਈਏ ਕਿ ਕਿਸਾਨ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕਿਸਾਨਾਂ ਨੇ ਭਾਰਤ ਬੰਦ ਕਰ ਦਿਤਾ ਹੈ। ਇਸ ਬੰਦ ਦਾ ਸਮਰਥਨ ਕਾਂਗਰਸ, ਐਨਸੀਪੀ, ਸ਼ਿਵ ਸੈਨਾ, ਟੀਐਮਸੀ ਅਤੇ ਸਮਾਜਵਾਦੀ ਪਾਰਟੀ ਸਮੇਤ ਲੱਗਭਗ 15 ਪਾਰਟੀਆਂ ਨੇ ਕੀਤਾ ਹੈ।