
ਕਿਹਾ, ਨਵੇਂ ਬਦਲਾਵਾਂ ਦਾ ਹਮੇਸ਼ਾ ਹੀ ਵਿਰੋਧ ਹੁੰਦਾ ਹੈ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਫ਼ੈਸਲਾਕੁੰਨ ਦੌਰ ’ਚ ਪਹੁੰਚ ਚੁੱਕਾ ਹੈ। ਸਮੂਹ ਸਿਵਲ ਸੁਸਾਇਟੀਆਂ ਤੋਂ ਇਲਾਵਾ ਸਾਰੇ ਸਿਆਸੀ ਦਲ ਖੁਲ੍ਹ ਕੇ ਕਿਸਾਨਾਂ ਦੀ ਪਿੱਠ ’ਤੇ ਆਣ ਖੜੇ ਹੋਏ ਹਨ। ਕੁੱਝ ਭਾਜਪਾ ਆਗੂ ਕਿਸਾਨਾਂ ਦਾ ਸਰਕਾਰ ਨਾਲ ਰਾਬਤਾ ਕਾਇਮ ਕਰਵਾਉਣ ਲਈ ਸਰਗਰਮ ਹਨ। ਇਨ੍ਹਾਂ ’ਚ ਸਾਬਕਾ ਮੰਤਰੀ ਸੁਰਜੀਤ ਜਿਆਣੀ ਦਾ ਨਾਮ ਜ਼ਿਕਰਯੋਗ ਹੈ। ਉਨ੍ਹਾਂ ਨਾਲ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ ਪੇਸ਼ ਹਨ ਉਸ ਦੇ ਕੁੱਝ ਅੰਸ਼ :
ਸਵਾਲ : ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਅਪਣੀਆਂ ਸੜਕਾਂ ਤਕ ਪੁਟ ਦਿਤੀਆਂ ਅਤੇ ਵੱਡੀਆਂ ਰੋਕਾਂ ਖੜ੍ਹੀਆਂ ਕਰ ਦਿਤੀਆਂ ਸਨ। ਕੀ ਕਿਸਾਨਾਂ ਨੂੰ ਇਨ੍ਹਾਂ ਔਕੜਾਂ ਤੋਂ ਬਚਾਇਆ ਨਹੀਂ ਸੀ ਜਾ ਸਕਦਾ?
ਜਵਾਬ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਜਿੱਥੇ ਰੋਕਿਆ ਜਾਵੇਗਾ, ਉਹ ਉਥੇ ਹੀ ਧਰਨੇ ’ਤੇ ਬੈਠ ਜਾਣਗੇ। ਪਰ ਹਰਿਆਣਾ ਦੇ ਕਿਸਾਨਾਂ ਨੇ ਆ ਕੇ ਪੁਲਿਸ ਰੋਕਾਂ ਨੂੰ ਤੋੜ ਦਿਤਾ ਅਤੇ ਪੰਜਾਬ ਦੇ ਕਿਸਾਨਾਂ ਅੱਗੇ ਵਧਦੇ ਗਏ। ਕਿਸਾਨ ਜਥੇਬੰਦੀ ਉਗਰਾਹਾ ਤਾਂ ਕੀਤੇ ਵਾਅਦੇ ਮੁਤਾਬਕ ਬੈਠ ਵੀ ਗਈ ਸੀ।
ਸਵਾਲ : ਕਿਸਾਨਾਂ ਵਿਚ ਨੌਜਵਾਨ ਵਰਗ ਵੀ ਸ਼ਾਮਲ ਸੀ ਅਤੇ ਖ਼ੂਨ ਗਰਮ ਹੋਣ ਕਾਰਨ ਉਨ੍ਹਾਂ ’ਚ ਜੋਸ਼ ਦਾ ਹੋਣਾ ਕੁਦਰਤੀ ਹੈ। ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਵਿਚਲਾ ਫ਼ਰਕ ਇਸ ਦੀ ਪ੍ਰਤੱਖ ਉਦਾਹਰਨ ਹੈ। ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਸਮੇਤ ਵੱਡੀ ਸਖ਼ਤੀ ਵਰਤੀ। ਕੀ ਇਸ ਤੋਂ ਬਚਿਆ ਨਹੀਂ ਸੀ ਜਾ ਸਕਦਾ?
ਜਵਾਬ : ਪਰਜਾਤੰਤਰ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ। ਪਰਜਾਤੰਤਰ ਵਿਚ ਸਭ ਨੂੰ ਅਪਣੀ ਗੱਲ ਕਹਿਣ ਦਾ ਅਧਿਕਾਰ ਹੁੰਦਾ ਹੈ। ਅਸੀਂ ਵੀ ਜਦੋਂ ਵਿਰੋਧੀ ਧਿਰ ’ਚ ਸਾਂ ਤਾਂ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਾਂ। ਮੈਂ ਖੁਦ ਅਪਣੀ ਸਰਕਾਰ ਖਿਲਾਫ਼ 82 ਘੰਟੇ ਤਕ ਲਗਾਤਾਰ ਭੁੱਖ ਹੜਤਾਲ ’ਤੇ ਬੈਠਿਆ ਸੀ। ਫਾਜ਼ਿਲਕਾ ਜ਼ਿਲ੍ਹਾ ਮੇਰੇ ਮਰਨ ਵਰਤ ’ਤੇ ਬੈਠਣ ਕਾਰਨ ਹੀ ਬਣਿਆ ਸੀ। ਮੈਨੂੰ ਵੀ ਪਾਰਟੀ ਵਿਰੋਧੀ ਕਿਹਾ ਗਿਆ ਸੀ। ਵੋਟਾਂ ਵੇਲੇ ਅਸੀਂ ਲੋਕਾਂ ਦੇ ਬਹੁਤ ਨੇੜੇ ਚਲੇ ਜਾਂਦੇ ਹਾਂ ਅਤੇ ਕੁਰਸੀ ਮਿਲਣ ਬਾਅਦ ਸਭ ਕੁੱਝ ਭੁੱਲ ਜਾਂਦੇ ਹਾਂ ਜੋ ਸਹੀ ਨਹੀਂ ਹੈ। ਜੋ ਵੀ ਜਨਤਾ ਨਾਲ ਧੋਖਾ ਕਰਦਾ ਹੈ, ਉਸ ਨੂੰ ਬਾਬਾ ਨਾਨਕ ਸਜ਼ਾ ਜ਼ਰੂਰ ਦਿੰਦਾ ਹੈ।
Surjit Kumar Jayani
ਸਵਾਲ : ਕਿਸਾਨਾਂ ਦੀ ਆਵਾਜ਼ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਅੱਜ ਕਿਸਾਨ ਇਕਜੁਟ ਹੋ ਕੇ ਅਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਕੀ ਤੁਹਾਨੂੰ ਕਿਸਾਨਾਂ ਦੇ ਇਸ ਹੌਂਸਲੇ ’ਤੇ ਫਖ਼ਰ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਖੁਦ ਵੀ ਸੰਘਰਸ਼ਾਂ ਵਿਚੋਂ ਲੰਘੇ ਹੋ?
ਜਵਾਬ : ਸੰਘਰਸ਼ ਵਿਚੋਂ ਹੀ ਰਾਹਾਂ ਨਿਕਲਦੀਆਂ ਹਨ। ਜਿਵੇਂ ਲੱਸੀ ਨੂੰ ਰਿਕਣ ਬਾਅਦ ਹੀ ਉਸ ਵਿਚੋਂ ਮੱਖਣ ਨਿਕਲਦਾ ਹੈ, ਇਸੇ ਤਰ੍ਹਾਂ ਸੰਘਰਸ਼ ਵਿਚੋਂ ਹੀ ਔਖੇ ਮਸਸਿਆਂ ਦਾ ਹੱਲ ਨਿਕਲ ਸਕਦਾ ਹੈ। ਕਿਸਾਨਾਂ ਨਾਲ 70 ਸਾਲ ਤੋਂ ਧੱਕਾ ਹੋ ਰਿਹਾ ਸੀ। ਪਰ ਇਸ ਸੰਘਰਸ਼ ਵਿਚੋਂ ਕਿਸਾਨਾਂ ਦਾ ਵੱਡਾ ਭਲਾ ਹੋਣ ਵਾਲਾ ਹੈ। ਬਾਬਾ ਨਾਨਕ ਨੇ ਜੋ ਕੀਤਾ ਹੈ ਅਤੇ ਜੋ ਕਰ ਰਿਹਾ ਹੈ, ਉਹ ਚੰਗਾ ਹੀ ਕਰ ਰਿਹਾ ਹੈ। ਕਿਸਾਨਾਂ ਵਲੋਂ ਇਕਜੁਟ ਹੋ ਕੇ ਉਠਾਈ ਆਵਾਜ਼ ਦਾ ਅਸਰ ਲੰਮੇ ਸਮੇਂ ਤਕ ਰਹੇਗਾ। ਸਰਕਾਰਾਂ ਨੂੰ ਹੁਣ ਕਿਸਾਨਾਂ ਦੀ ਆਵਾਜ਼ ਸੁਣਨੀ ਹੀ ਪਵੇਗੀ।
ਸਵਾਲ : ਕਿਸਾਨ ਕਹਿ ਰਹੇ ਹਨ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਰਹਾਂਗਾ, ਜਦਕਿ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ। ਅਜਿਹੇ ਹਾਲਾਤ ਵਿਚ ਤੁਹਾਨੂੰ ਕੀ ਲਗਦੈ, ਕੋਈ ਸਾਰਥਕ ਹੱਲ ਨਿਕਲ ਸਕੇਗਾ?
ਜਵਾਬ : ਸਰਕਾਰ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਬਦਲਾਅ ਜ਼ਰੂਰੀ ਹੈ। ਇਹ ਵੀ ਸੱਚਾਈ ਹੈ ਕਿ ਜਦੋਂ ਜਦੋਂ ਵੀ ਬਦਲਾਅ ਹੁੰਦਾ ਹੈ, ਉਸ ਦਾ ਵਿਰੋਧ ਵੀ ਹੁੰਦਾ ਹੈ। ਮੈਨੂੰ ਯਾਦ ਹੈ, ਜਦੋਂ ਸਾਡੇ ਪਿੰਡ ਲਈ ਸੜਕ ਬਣੀ ਸੀ ਤਾਂ ਉਸ ਦਾ ਵੀ ਵਿਰੋਧ ਹੋਇਆ ਸੀ। ਜਦੋਂ ਤਹਿਸੀਲਦਾਰ ਸਾਹਿਬ ਨੇ ਸੜਕ ਨਾ ਬਣਨ ਦੇਣ ਦਾ ਲੋਕਾਂ ਨੂੰ ਕਾਰਨ ਪੁਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸੜਕ ਬਣਨ ਨਾਲ ਚੋਰ ਸਾਡੇ ਡੰਗਰ ਲੈ ਜਾਣਗੇ। ਜਦੋਂ ਬਿਜਲੀ ਆਈ ਸੀ, ਉਸ ਦਾ ਵਿਰੋਧ ਹੋਇਆ ਸੀ ਕਿ ਇਹ ਬੰਦੇ ਨੂੰ ਅਪਣੇ ਵੱਲ ਖਿੱਚ ਲੈਂਦੀ ਹੈ ਅਤੇ ਬੰਦਾ ਮਰ ਜਾਂਦਾ ਹੈ। ਕੰਪਿਊਟਰ ਆਉਣ ਵੇਲੇ ਵੀ ਵਿਰੋਧ ਹੋਇਆ ਸੀ ਕਿ ਇਹ 20 ਬੰਦਿਆਂ ਦਾ ਇਕੱਲਾ ਕੰਮ ਕਰੇਗਾ ਜਿਸ ਨਾਲ ਬੇਰੁਜ਼ਗਾਰੀ ਫ਼ੈਲੇਗੀ। ਮੰਡੀਆਂ ਨੂੰ ਸ਼ਹਿਰਾਂ ਵਿਚੋਂ ਬਾਹਰ ਕੱਢਣ ਵੇਲੇ ਵੀ ਵਿਰੋਧ ਹੋਇਆ ਸੀ। ਸਰਕਾਰ ਕਿਸਾਨਾਂ ਦੀ ਭਲਾਈ ਲਈ ਹੀ ਇਹ ਬਿੱਲ ਲੈ ਕੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਅਤ ’ਤੇ ਸ਼ੱਕ ਕਰਨਾ ਸਹੀ ਨਹੀਂ ਹੈ।
Surjit Kumar Jayani
ਸਵਾਲ : ਮੰਨ ਲੈਂਦੇ ਹਾਂ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨ ਦੀ ਆਮਦਨੀ ਦੁੱਗਣੀ ਹੋ ਜਾਵੇਗੀ, ਪਰ ਦੇਸ਼ ਦੇ ਜਿਹੜੇ ਹਾਲਾਤ ਹਨ, ਉਨ੍ਹਾਂ ਨੂੰ ਵੇਖਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਅਮੀਰ ਹੋਰ ਅਮੀਰ ਹੋ ਰਿਹਾ ਹੈ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਸਾਡੇ ਕੋਲ ਅੱਜ ਅਮੀਰ ਘਰਾਣੇ ਗਿਣਤੀ ਦੇ ਹੀ ਰਹਿ ਗਏ ਹਨ। ਭਾਰਤ ਵਰਗੇ ਵਿਸ਼ਾਲ ਆਬਾਦੀ ਵਾਲੇ ਦੇਸ਼, ਜਿੱਥੇ ਗ਼ਰੀਬ ਦਾ ਕੋਈ ਅੰਤ ਹੀ ਨਹੀਂ ਹੈ, ਉਥੇ ਦੁਨੀਆਂ ਦੇ ਸਭ ਤੋਂ ਦੂਜੇ-ਤੀਜੇ ਨੰਬਰ ਵਾਲੇ ਅਮੀਰ ਵਿਅਕਤੀ ਹੱਥ ਖੇਤੀ ਸੈਕਟਰ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕਾਨੂੰਨ ਤੋਂ ਡਰ ਹੈ ਕਿ ਅਮੀਰ ਹੋਰ ਅਮੀਰ ਹੋ ਜਾਵੇਗਾ। ਅਮਰੀਕਾ ਵਿਚ ਵੀ ਜਦੋਂ ਅਜਿਹੀ ਤਬਦੀਲੀ ਆਈ ਸੀ ਤਾਂ ਉਥੇ ਥਾਂ-ਥਾਂ ਲੱਖਪਤੀ ਅਤੇ ਕਰੋੜਪਤੀ ਮਿਲ ਜਾਂਦੇ ਸਨ। ਪਰ ਸਾਡੇ ਦੇਸ਼ ਵਿਚ ਤਾਂ ਥਾਂ-ਥਾਂ ਹਜ਼ਾਰਪਤੀ ਤਾਂ ਨਜ਼ਰ ਆ ਸਕਦੇ ਹਨ ਪਰ ਲੱਖਪਤੀ ਜਾਂ ਕਰੋੜਪਤੀ ਵਿਰਲੇ ਹਨ। ਅਜਿਹੇ ਵਿਚ ਪੂਰੇ ਭਾਰਤ ਵਿਚ ਉਹ ਤਬਦੀਲੀ ਕਿਵੇਂ ਆ ਸਕਦੀ ਹੈ, ਜਿਸ ਬਾਰੇ ਤੁਸੀਂ ਸੋਚ ਰਹੇ ਹੋੋ?
ਜਵਾਬ : ਅਮੀਰੀ-ਗਰੀਬੀ ਕਿਸੇ ਦੀ ਵੱਸ ਦੀ ਗੱਲ ਨਹੀਂ ਹੁੰਦੀ। ਅੱਜ ਜਿਹੜੇ ਅਮੀਰ ਵਿਖਾਈ ਦੇ ਰਹੇ ਹਨ, ਇਸ ਕਿਸੇ ਵੇਲੇ ਬਹੁਤ ਥੱਲਿਉਂ ਉਠੇ ਹੋਏ ਹਨ। ਜਿਸ ਨੇ ਵੀ ਤਰੱਕੀ ਕੀਤੀ ਹੈ, ਉਹ ਬੜੀ ਥੱਲਿਉ ਗਿਆ ਹੈ। ਇਸੇ ਤਰ੍ਹਾਂ ਜਿਹੜੇ ਉਪਰ ਸੀ, ਉਹ ਥੱਲੇ ਵੀ ਆਏ ਹਨ। ਕਈਆਂ ਦੇ ਬੱਚੇ ਮਾੜੇ ਨਿਕਲ ਗਏ ਅਤੇ ਉਹ ਥੱਲੇ ਆ ਗਏ, ਪਰ ਜਿਨ੍ਹਾਂ ਨੇ ਮਿਹਨਤ ਕੀਤੀ, ਉਹ ਉਪਰ ਆ ਗਏ।
Surjit Kumar Jayani
ਸਵਾਲ : ਉਹ ਮੰਨਦੇ ਹਾਂ, ਜਿੰਨਾਂ ਨੇ ਮਿਹਨਤ ਕੀਤੀ, ਉਹ ਉਪਰ ਆ ਗਏ, ਪਰ ਤੁਹਾਡੇ ਬਣਾਏ ਕਾਨੂੰਨ ਵਿਚ ਜਿਹੜੀ ਵੱਡੀ ਖਾਮੀ ਦੱਸੀ ਜਾ ਰਹੀ ਹੈ, ਉਹ ਇਹ ਹੈ ਕਿ ਕਾਰਪੋਰੇਟਾਂ ਨੂੰ ਖੇਤੀ ਵਸਤਾਂ ਸਟੋਰ ਕਰਨ ਦੀ ਖੁਲ੍ਹ ਦੇ ਦਿਤੀ ਗਈ ਹੈ। ਮੁਨਾਫ਼ਾ ਕਮਾਉਣਾ ਕਾਰਪੋਰੇਟਾਂ ਦਾ ਧਰਮ ਹੈ, ਕੀ ਉਨ੍ਹਾਂ ਦੇ ਵਸਤਾਂ ਸਟੋਰ ਕਰਨ ਨਾਲ ਮਹਿੰਗਾਈ ਨਹੀਂ ਵਧੇਗੀ?
ਜਵਾਬ : ਇਹ ਕਾਨੂੰਨ ਉਸ ਵੇਲੇ ਬਣਿਆ ਸੀ ਜਦੋਂ ਸਾਡੇ ਕੋਲ ਅਨਾਜ ਦੀ ਕਮੀ ਸੀ। ਅੱਜ ਸਾਡੇ ਕੋਲ ਕਣਕ ਦਾ ਪੰਜ ਸਾਲਾਂ ਦਾ ਸਟੌਕ ਪਿਆ ਹੈ। ਅੱਜ ਸਰਕਾਰਾਂ ਲਈ ਅਨਾਜ ਖ਼ਰੀਦਣਾ ਔਖਾ ਹੋ ਗਿਆ ਹੈ। ਅੱਜ ਗੁਦਾਮਾਂ ਦੀ ਕਮੀ ਹੈ। ਅਨਾਜ ਦੀ ਸਾਂਭ-ਸੰਭਾਲ ਕਰਨਾ ਵੱਡੀ ਸਮੱਸਿਆ ਹੈ। ਸਰਕਾਰ ਨੂੰ 36 ਹਜ਼ਾਰ ਕਰੋੜ ਦਾ ਘਾਟਾ ਗੁਦਾਮਾ ’ਚ ਅਨਾਜ ਖ਼ਰਾਬ ਹੋਣ ਕਾਰਨ ਹੀ ਹੋ ਜਾਂਦਾ ਹੈ।
Surjit Kumar Jayani
ਸਵਾਲ : ਤੁਹਾਡੀਆਂ ਦੋਵੇਂ ਗੱਲਾਂ ਹੀ ਮੰਨ ਲੈਂਦੇ ਹਾਂ, ਮਿਹਨਤ ਕਰਨੀ ਪੈਂਦੀ ਹੈ ਅਤੇ ਐਫ.ਸੀ.ਆਈ. ਨੂੰ ਘਾਟਾ ਪੈਂਦਾ ਹੈ। ਐਫ.ਸੀ.ਆਈ. ਦੇ ਕਮਜ਼ੋਰ ਹੋਣ ਲਈ ਵੀ ਤੁਸੀਂ ਜ਼ਿੰਮੇਵਾਰ ਹੋ ਜੋ ਉਸ ਨੂੰ ਸੰਭਾਲ ਨਹੀਂ ਸਕੇ। ਹੁਣ ਜੋ ਤੁਸੀਂ ਨਹੀਂ ਕਰ ਸਕੇ, ਉਹ ਕਾਰਪੋਰੇਟ ਕਰੇਗਾ, ਪਰ ਕਾਰਪੋਰੇਟ ਤਾਂ ਉਹੀ ਕੁੱਝ ਕਰੇਗਾ, ਜਿਸ ਨੂੰ ਉਸ ਨੂੰ ਮੁਨਾਫ਼ਾ ਹੋਵੇਗਾ। ਉਹ ਕਿਸਾਨਾਂ ਨਾਲ ਤੁਹਾਡੇ ਵਾਂਗ ਜੁੜਿਆ ਵੀ ਨਹੀਂ ਹੋਵੇਗਾ, ਅਜਿਹੇ ’ਚ ਕਿਸਾਨਾਂ ਦਾ ਕੀ ਬਣੇਗਾ?
ਜਵਾਬ : ਅਸੀਂ ਪ੍ਰਾਈਵੇਟ ਵੱਲ ਕਿਉਂ ਜਾ ਰਹੇ ਹਾਂ, ਕਿਉਂਕਿ ਜਿਹੜੀਆਂ ਚੀਜ਼ਾਂ ਦਾ ਵੀ ਪ੍ਰਾਈਵੇਟਕਰਨ ਹੋਇਆ ਹੈ, ਉਹ ਤਰੱਕੀ ਕਰ ਜਾਂਦੀਆਂ ਹਨ। ਜਿਵੇਂ ਪ੍ਰਾਈਵੇਟ ਟਰਾਂਸਪੋਰਟ ਸਾਲ ਵਿਚ ਇਕ ਤੋਂ ਕਈ ਬੱਸਾਂ ਬਣਾ ਜਾਂਦਾ ਹੈ ਜਦਕਿ ਸਰਕਾਰੀ ਟਰਾਂਸਪੋਰਟ ਘਾਟੇ ’ਚ ਚਲੇ ਜਾਂਦੀ ਹੈ। ਸਾਡੇ ਦੇਸ਼ ’ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਸਾਡੇ ਦਿਮਾਗ਼ਾਂ ਵਿਚ ਗੰਦਗੀ ਭਰੀ ਪਈ ਹੈ। ਹਰ ਪਾਸੇ ਕਰੱਪਸ਼ਨ ਦਾ ਬੋਲਬਾਲਾ ਹੈ...।
ਸਵਾਲ : ਟਰਾਂਸਪੋਰਟ ਮਾਫੀਆ ਵੀ ਤਾਂ ਟਰਾਸਪੋਰਟ ਨੂੰ ਪ੍ਰਾਈਵੇਟ ਕਰਨ ਬਾਅਦ ਹੀ ਪੈਦਾ ਹੋਇਆ ਹੈ। ਪੰਜਾਬ ’ਚ ਟਰਾਂਸਪੋਰਟ ਮਾਫ਼ੀਆ ਦੀ ਲਾਂਬੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਕੋਈ ਇਕ-ਦੋ ਬੱਸਾਂ ਵਾਲਾ ਟਰਾਂਸਪੋਰਟਰ ਉਨ੍ਹਾਂ ਸਾਹਮਣੇ ਕਿਵੇਂ ਖੜ੍ਹਾ ਹੋ ਸਕਦਾ ਹੈ?
ਜਵਾਬ : ਹਿੰਦੂਸਤਾਨ ਵਿਚ ਤੁਸੀਂ ਇਕ ਵੀ ਚੀਜ਼ ਦੱਸ ਦਿਉ, ਜੋ ਸਰਕਾਰੀ ਕਾਮਯਾਬ ਹੈ। ਇਨ੍ਹਾਂ ਦੇ ਕਾਮਯਾਬ ਨਾ ਹੋਣ ਪਿੱਛੇ ਕਾਰਨ ਸਾਡੀ ਇਮਾਨਦਾਰੀ ਹੈ ਕਿਉਂਕਿ ਅਸੀਂ ਅਪਣੇ ਕੰਮ ਪ੍ਰਤੀ ਇਮਾਨਦਾਰੀ ਨਹੀਂ ਹਾਂ, ਹਰ ਪਾਸੇ ਕੁਰੱਪਸ਼ਟ ਦਾ ਬੋਲਬਾਲਾ ਹੈ...।
ਸਵਾਲ : ਅਫ਼ਸਰਸ਼ਾਹੀ ਕਰੱਪਟ ਹੈ, ਤੁਸੀਂ ਉਨ੍ਹਾਂ ਨੂੰ ਠੀਕ ਕਰਨ ਦੀ ਥਾਂ ਪ੍ਰਾਈਵੇਟ ਕਰ ਦਿਉਂ, ਇਸ ਨੂੰ ਠੀਕ ਕਿਵੇਂ ਕਿਹਾ ਜਾ ਸਕਦਾ ਹੈ?
ਜਵਾਬ : ਮੈਂ ਪ੍ਰਾਈਵੇਟ ਦੇ ਹੱਕ ਵਿਚ ਨਹੀਂ ਹਾਂ, ਪਰ ਸਾਡਾ ਸਿਸਟਮ ਵੀ ਸੁਧਰਨਾ ਚਾਹੀਦਾ ਹੈ। ਹਿੰਦੁਸਤਾਨ ਬਾਬੇ ਨਾਨਕ ਦੇ ਨਾਮ ’ਤੇ ਚੱਲ ਰਿਹਾ ਹੈ ਪਰ ਇੱਥੇ ਕੋਈ ਹਾਲ ਨਹੀਂ ਹੈ।
ਸਵਾਲ : ਅਸੀਂ ਮੰਨਦੇ ਹਾਂ ਕਿ ਅਸੀਂ ਕਰੱਪਟ ਹਾਂ ਪਰ ਕਿਸਾਨਾਂ ਦਾ ਕੀ ਬਣੇਗਾ?
ਜਵਾਬ : ਕਿਸਾਨ ਕੌਣ ਹੈ, ਕਿਸਾਨਾਂ ਦੇ ਪੁੱਤਰ ਹੀ ਤਾਂ ਬਾਰਡਰ ’ਤੇ ਹਨ, ਪੁਲਿਸ ਵਿਚ ਹਨ...
Surjit Kumar Jayani
ਸਵਾਲ : ਪਰ ਕਿਸਾਨ ਦਾ ਪੁੱਤਰ ਕਾਰਪੋਰੇਟ ਤਾਂ ਨਹੀਂ ਬਣ ਸਕਿਆ....ਤੁਸੀਂ ਇਕ ਲੱਖ ਕਰੋੜ ਦਾ ਬਜਟ ਕਿਸਾਨੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਰਖਿਆ ਹੈ। ਇਹ ਚੰਗਾ ਨਾ ਹੰੁਦਾ ਜੇਕਰ ਸਰਕਾਰ ਇਸ ਨੂੰ ਪਹਿਲਾਂ 6 ਮਹੀਨੇ ਲਈ ਢਾਚਾ ਖੜ੍ਹਾ ਕਰਨ ’ਤੇ ਵਰਤਦੀ ਤਾਂ ਜੋ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ। ਅਸੀਂ ਇਹ ਵੀ ਮੰਨਦੇ ਹਾਂ ਕਿ ਸਾਨੂੰ ਝੋਨੇ ਦੀ ਖੇਤੀ ਤੋਂ ਦੂਰ ਜਾਣਾ ਪਵੇਗਾ, ਪਰ ਇਸ ਲਈ ਕੀ ਕੋਈ ਵੱਖਰਾ ਰਸਤਾ ਨਹੀਂ ਸੀ ਅਪਨਾਇਆ ਜਾ ਸਕਦਾ?
ਜਵਾਬ : ਸਾਡੇ ਦੇਸ਼ ਦੀ ਨੀਂਹ ਹੀ ਕੱਚੀ ਹੈ, ਜਿਸ ’ਤੇ ਅਸੀਂ ਚੁਬਾਰੇ ਉਸਾਰਨੇ ਚਾਹੁੰਦੇ ਹਾਂ ਜੋ ਸੰਭਵ ਨਹੀਂ ਹੈ। ਦੇਸ਼ ਦੀ ਆਜ਼ਾਦੀ ਵੇਲੇ ਜੇਕਰ ਪਟੇਲ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਕੋਈ ਸੁਧਾਰ ਹੋ ਸਕਦਾ ਸੀ। ਜੇਕਰ ਪਟੇਲ ਨਾ ਹੁੰਦੇ ਤਾਂ ਅੱਜ ਦੇਸ਼ ਦੀ ਹਾਲਤ ਹੋਰ ਵੀ ਬਦਤਰ ਹੋਣੀ ਸੀ। ਅੱਜ ਸਾਡਾ ਦੇਸ਼ ਕਹਿਣ ਨੂੰ ਪਰਜਾਤੰਤਰ ਹੈ ਪਰ ਜਨਤਾ ਦੀ ਸੁਣਵਾਈ ਕੋਈ ਨਹੀਂ ਹੋ ਰਹੀ। ਅੱਜ ਜੇਕਰ ਸਾਡਾ ਦੇਸ਼ ਚੱਲ ਰਿਹਾ ਹੈ ਤਾਂ ਇਹ ਸਿਰਫ਼ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਚੱਲ ਰਿਹਾ ਹੈ, ਵਰਨਾ ਕੋਈ ਹਾਲ ਨਹੀਂ ਹੈ।
ਸਵਾਲ : ਅੱਜ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ, ਕੀ ਸਰਕਾਰ ਇਸ ਨੂੰ ਵੇਖਦਿਆਂ ਕੋਈ ਚੰਗਾ ਫ਼ੈਸਲਾ ਲਵੇਗੀ?
ਜਵਾਬ : ਕੋਈ ਵੀ ਸਰਕਾਰ ਇਹ ਨਹੀਂ ਚਾਹੰੁਦੀ ਕਿ ਉਸ ਦੀ ਪਰਜਾ ਉਸ ਤੋਂ ਨਰਾਜ਼ ਹੋਵੇ। ਮੋਦੀ ਸਾਹਿਬ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹਨ। ਉਹ ਕਿਸਾਨਾਂ ਦੇ ਭਲੇ ਲਈ ਕਾਨੂੰਨ ਲੈ ਕੇ ਆਏ ਸਨ ਪਰ ਸਾਰੇ ਇਕੱਠੇ ਹੋ ਕੇ ਇਸ ਨੂੰ ਮਾੜਾ ਕਹਿਣ ’ਤੇ ਤੁਲੇ ਹੋਏ ਹਨ। ਹੁਣ ਸਰਕਾਰ ਸਾਹਮਣੇ ਦੋ ਹੀ ਰਸਤੇ ਬਚਦੇ ਹਨ ਜਾਂ ਤਾਂ ਇਸ ਤੋਂ ਹੱਥ ਪਿੱਛੇ ਖਿੱਚ ਲਵੇ ਜਾਂ ਫਿਰ ਅੱਗੇ ਵਧੇ। ਹੁਣ ਜਦੋਂ ਕੋਈ ਸੁਣਨ ਲਈ ਤਿਆਰ ਨਾ ਹੋਇਆ ਤਾਂ ਫਿਰ ਸਰਕਾਰ ਨੂੰ ਲੋਕਾਂ ਦੀ ਆਵਾਜ਼ ਤਾਂ ਸੁਣਨੀ ਹੀ ਪੈਣੀ ਹੈ। [ਸਮਾਪਤ]