
ਕੇਂਦਰ ਦੀ ਭਾਜਪਾ ਸਰਕਾਰ 'ਤੇ ਰੱਜ ਕੇ ਵਰ੍ਹੇ ਕੇ. ਚੰਦਰਸ਼ੇਖਰ ਰਾਓ
ਹੈਦਰਾਬਾਦ - ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਬੁੱਧਵਾਰ ਨੂੰ ਕਿਹਾ ਕਿ ਪੀਣ ਵਾਲੇ ਪਾਣੀ ਤੋਂ ਲੈ ਕੇ ਸਿੰਚਾਈ ਤੱਕ, ਕੇਂਦਰ ਦੀ ਭਾਜਪਾ ਸਰਕਾਰ ਹਰ ਖੇਤਰ ਵਿੱਚ ਅਸਫ਼ਲ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਅਰੇ ‘ਸਬਕਾ ਸਾਥ ਸਬ ਕਾ ਵਿਕਾਸ’ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਇਸ ਨੂੰ ‘ਸਬ ਬਕਵਾਸ’ ਕਿਹਾ।
ਕੁਲੈਕਟਰ ਕੰਪਲੈਕਸ ਅਤੇ ਟੀ.ਆਰ.ਐਸ. ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ, ਜਗਤਿਆਲ ਵਿੱਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੇਕ ਇਨ ਇੰਡੀਆ ਕਾਰਨ ਦੇਸ਼ ਵਿੱਚ ਲਗਭਗ 10,000 ਯੂਨਿਟਾਂ ਬੰਦ ਹੋ ਗਏ, ਅਤੇ ਹਰ ਕਸਬੇ ਤੇ ਸ਼ਹਿਰ ਵਿੱਚ ਚਾਈਨਾ ਬਾਜ਼ਾਰ ਖੁੱਲ੍ਹ ਗਏ। ਪ੍ਰਧਾਨ ਮੰਤਰੀ ਨੇ ਨਾਅਰਾ ਤਾਂ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਦਿੱਤਾ, ਪਰ ਆਂਗਨਵਾੜੀ ਅਧਿਆਪਕਾਂ ਦੇ ਫ਼ੰਡਾਂ ਵਿੱਚ ਕਟੌਤੀ ਕਰ ਦਿੱਤੀ। ਭਾਜਪਾ ਸ਼ਾਸਤ ਸੂਬਿਆਂ ਵਿੱਚ, ਔਰਤਾਂ ਨਾਲ ਬਲਾਤਕਾਰ ਅਤੇ ਦਲਿਤਾਂ ਉੱਤੇ ਅੱਤਿਆਚਾਰ ਵਧ ਰਹੇ ਹਨ।"
ਰਾਓ ਨੇ ਕਿਹਾ ਕਿ ਜਿੱਥੇ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਵਿਅਕਤੀ ਬਿਜਲੀ ਖਪਤ ਵਿੱਚ ਤੇਲੰਗਾਨਾ ਸਭ ਤੋਂ ਉੱਪਰ ਹੈ, ਕੇਂਦਰ ਦੇਸ਼ ਵਿੱਚ ਨਵੇਂ ਨਿਵੇਸ਼ ਲਿਆਉਣ ਦੀ ਬਜਾਏ ਐਲ.ਆਈ.ਸੀ. ਵਰਗੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਜਾਂ ਤਾਂ ਵੇਚ ਰਿਹਾ ਹੈ ਜਾਂ ਨਿੱਜੀਕਰਨ ਕਰ ਰਿਹਾ ਹੈ।
"ਪਿਛਲੇ ਅੱਠ ਸਾਲਾਂ ਵਿੱਚ 50 ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ। ਕੇਂਦਰ ਦੀਆਂ ਤਬਾਹਕੁੰਨ ਨੀਤੀਆਂ ਕਾਰਨ 10,000 ਨਿਵੇਸ਼ਕ ਦੇਸ਼ ਛੱਡ ਕੇ ਚਲੇ ਗਏ। ਭਾਜਪਾ ਸਰਕਾਰ ਦੀ ਇਕਲੌਤੀ ਪ੍ਰਾਪਤੀ ਕਾਰਪੋਰੇਟਾਂ ਦੀ 14 ਲੱਖ ਕਰੋੜ ਤੋਂ ਵੱਧ ਗ਼ੈਰ-ਕਾਰਗੁਜ਼ਾਰੀ ਵਾਲੀ ਜਾਇਦਾਦ ਨੂੰ ਕਾਗ਼ਜ਼ਾਂ 'ਚੋਂ ਰਫ਼ਾ-ਦਫ਼ਾ ਕਰਨਾ ਸੀ।" ਉਨ੍ਹਾਂ ਕਿਹਾ।