
ਚੰਡੀਗੜ੍ਹ ਪੁਲਿਸ ਦੇ ਇਕ ਡੀਐਸਪੀ ਦਾ ਭਰਾ ਵੀ ਇਸ ਕੋਠੀ ਕਾਬਜ਼ ਕੇਸ ਵਿਚ ਮੁਲਜ਼ਮ ਹੈ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਸੈਕਟਰ 37 ਵਿਚ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਦੇ ਮਕਾਨ 'ਤੇ ਕਥਿਤ ਤੌਰ 'ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੰਜੀਵ ਮਹਾਜਨ ਅਤੇ ਉਸ ਦੇ ਸਾਥੀਆਂ ਖਲਿੰਦਰ ਕਾਦੀਆਂ ਅਤੇ ਗੁਰਪ੍ਰੀਤ ਸਿੰਘ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਸੰਜੀਵ ਮਹਾਜਨ ਨੂੰ ਚੰਡੀਗੜ੍ਹ ਪੁਲਿਸ ਨੇ ਪਿਛਲੇ ਸਾਲ 2 ਮਾਰਚ ਨੂੰ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਉਹ ਜੇਲ੍ਹ ਵਿਚ ਸੀ। ਸੈਕਟਰ 39 ਥਾਣੇ ਦੇ ਤਤਕਾਲੀ ਐਸਐਚਓ ਨੂੰ ਸਤੰਬਰ ਵਿਚ ਜ਼ਮਾਨਤ ਮਿਲ ਗਈ ਸੀ।
ਚੰਡੀਗੜ੍ਹ ਪੁਲਿਸ ਦੇ ਇਕ ਡੀਐਸਪੀ ਦਾ ਭਰਾ ਵੀ ਇਸ ਕੋਠੀ ਕਾਬਜ਼ ਕੇਸ ਵਿਚ ਮੁਲਜ਼ਮ ਹੈ। ਸੰਜੀਵ ਮਹਾਜਨ 'ਤੇ ਬਾਊਂਸਰ ਸੁਰਜੀਤ ਨਾਲ ਮਿਲ ਕੇ ਕੋਠੀ ਦੇ ਮਾਲਕ ਰਾਹੁਲ ਮਹਿਤਾ ਨੂੰ ਅਗਵਾ ਕਰਨ ਦਾ ਦੋਸ਼ ਹੈ। ਇਸ ਕੇਸ ਵਿਚ ਕੁਝ ਹੋਰ ਮੁਲਜ਼ਮ ਵੀ ਹਨ, ਜਿਨ੍ਹਾਂ ’ਤੇ ਸ਼ਾਹੂਕਾਰਾਂ ਨਾਲ ਮਿਲ ਕੇ ਜਾਅਲੀ ਰਾਹੁਲ ਮਹਿਤਾ ਤਿਆਰ ਕਰਕੇ ਅਸਟੇਟ ਦਫ਼ਤਰ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੋਠੀ ਨੂੰ ਅੱਗੇ ਵੇਚ ਕੇ ਮੁਨਾਫ਼ਾ ਕਮਾਉਣ ਦਾ ਦੋਸ਼ ਹੈ।
ਸੰਜੀਵ ਮਹਾਜਨ ਵੱਲੋਂ ਸੀਨੀਅਰ ਵਕੀਲ ਵਿਨੋਦ ਘਈ, ਕਨਿਕਾ ਆਹੂਜਾ ਅਤੇ ਕੀਰਤੀ ਆਹੂਜਾ ਹਾਈ ਕੋਰਟ ਵਿਚ ਪੇਸ਼ ਹੋਏ ਅਤੇ ਉਹਨਾਂ ਨੂੰ ਝੂਠਾ ਫਸਾਉਣ ਦੀ ਦਲੀਲ ਦਿੱਤੀ। ਬਾਕੀ ਦੋਸ਼ੀ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਹਨ। ਪੁਲਿਸ ਚਾਰਜਸ਼ੀਟ ਅਨੁਸਾਰ ਮੁਲਜ਼ਮ ਪਹਿਲਾਂ ਕਿਰਾਏਦਾਰ ਬਣ ਕੇ ਰਾਹੁਲ ਗੁਪਤਾ ਦੀ ਕੋਠੀ ਦੀ ਪਹਿਲੀ ਮੰਜ਼ਿਲ ’ਤੇ ਰਹਿਣ ਲੱਗ ਪਿਆ।
ਬਾਅਦ ਵਿਚ ਵਿਉਂਤਬੰਦੀ ਤਹਿਤ ਉਸ ਨੂੰ ਕੈਦ ਕਰਕੇ ਕੁੱਟਮਾਰ ਕਰਕੇ ਮਾਨਸਿਕ ਰੋਗੀ ਸਮਝ ਕੇ ਕਿਸੇ ਹੋਰ ਸੂਬੇ ਵਿਚ ਛੱਡ ਦਿੱਤਾ। ਜਿਸ ਤੋਂ ਬਾਅਦ ਜਾਅਲੀ ਸੇਲ ਡੀਡ ਦੇ ਆਧਾਰ 'ਤੇ ਕਬਜ਼ਾ ਕਰ ਲਿਆ ਗਿਆ। ਦੂਜੇ ਪਾਸੇ ਸਾਬਕਾ ਐਸਐਚਓ ਇੰਸਪੈਕਟਰ (ਮੁਅੱਤਲ) ਰਾਜਦੀਪ ਸਿੰਘ ’ਤੇ ਦੋਸ਼ ਹੈ ਕਿ ਸ਼ਿਕਾਇਤ ਮਿਲਣ ’ਤੇ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤਕਰਤਾ ਨੂੰ ਹੀ ਧਮਕੀਆਂ ਦਿੱਤੀਆਂ ਗਈਆਂ। ਉਸ 'ਤੇ ਮੁਲਜ਼ਮਾਂ ਤੋਂ ਤੋਹਫ਼ੇ ਵਜੋਂ ਮਹਿੰਗੇ ਫ਼ੋਨ ਲੈਣ ਦਾ ਵੀ ਦੋਸ਼ ਸੀ।
ਚੰਡੀਗੜ੍ਹ ਪੁਲਿਸ ਨੇ ਕੋਠੀ ਦੇ ਕਬਜ਼ੇ ਦੇ ਇਸ ਮਾਮਲੇ ਵਿਚ ਕਈ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 238, 166, 201, 218, 452, 331, 344, 365, 386, 419, 420, 465, 467, 468, 471, 373, 477, 474, 120 ਬੀ ਅਤੇ ਪ੍ਰਿਵੇਂਸ਼ਨ ਆਫ ਕਰਪਸ਼ਨ ਐਕਟ ਦੀ ਧਾਰਾ 7,13(1)(2) ਤਹਿਤ ਕੇਸ ਦਰਜ ਕੀਤਾ ਸੀ।
ਇਸ ਤੋਂ ਪਹਿਲਾਂ ਸੰਜੀਵ ਮਹਾਜਨ ਨੂੰ ਮਾਰਚ 2020 ਵਿਚ ਬਾਊਂਸਰ ਸੁਰਜੀਤ ਕਤਲ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਪਰ ਜਾਇਦਾਦ ਹੜੱਪਣ ਦੇ ਮੌਜੂਦਾ ਕੇਸ ਵਿਚ ਉਹ ਜੇਲ੍ਹ ਵਿਚ ਸੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਸਤੰਬਰ 2019 ਵਿਚ ਇਕ ਕਤਲ ਕੇਸ ਵਿਚ ਗਵਾਹਾਂ ਨੂੰ ਜੇਲ੍ਹ ਵਿਚੋਂ ਕਥਿਤ ਤੌਰ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਮਹਾਜਨ ਵਿਰੁੱਧ ਵੀ ਕੇਸ ਦਰਜ ਕੀਤਾ ਸੀ। ਸੈਕਟਰ 17 ਪੁਰਾਣੀ ਜ਼ਿਲ੍ਹਾ ਅਦਾਲਤ ਦੀ ਪਾਰਕਿੰਗ ਵਿਚ 4 ਹਮਲਾਵਰਾਂ ਨੇ ਜੀਂਦ ਦੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ।