
ਕਾਂਗਰਸੀ ਸਾਂਸਦ ਦੇ ਘਰੋਂ ਮਿਲੀ 150 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕਰ ਬੋਲੇ ਪੀਐੱਮ ਮੋਦੀ
PM Modi - ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਦਰਅਸਲ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਕਾਂਗਰਸੀ ਸੰਸਦ ਮੈਂਬਰ ਦੇ ਘਰ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ ਏਜੰਸੀ ਨੂੰ ਇੰਨੀ ਨਕਦੀ ਮਿਲੀ ਕਿ ਉਸ ਨੂੰ ਗਿਣਨ 'ਚ ਦੋ ਤੋਂ ਤਿੰਨ ਦਿਨ ਲੱਗ ਗਏ। ਕਾਂਗਰਸੀ ਸੰਸਦ ਮੈਂਬਰ ਤੋਂ ਮਿਲੀ ਨਕਦੀ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾ ਨਿਸ਼ਾਨਾ ਸਾਧਣ ਤੋਂ ਪਿੱਛੇ ਨਹੀਂ ਹਟ ਰਹੇ ਹਨ।
ਦੂਜੇ ਪਾਸੇ ਪੀਐਮ ਮੋਦੀ ਨੇ ਵੀ ਇਸ ਛਾਪੇਮਾਰੀ ਨੂੰ ਲੈ ਕੇ ਕਾਂਗਰਸ 'ਤੇ ਚੁਟਕੀ ਲਈ ਹੈ। ਧੀਰਜ ਸਾਹੂ ਤੋਂ ਮਿਲੇ ਨੋਟਾਂ ਦੀ ਤਸਵੀਰ ਪੀਐੱਮ ਮੋਦੀ ਨੇ ਵੀ ਸਾਂਝੀ ਕੀਤੀ ਹੈ ਤੇ ਕਾਂਗਰਸ 'ਤੇ ਚੁਟਕੀ ਲਈ ਹੈ। ਪੀਐਮ ਮੋਦੀ ਨੇ ਟਵਿੱਟਰ 'ਤੇ ਇਕ ਪੋਸਟ ਪਾ ਕੇ ਧੀਰਜ ਸਾਹੂ 'ਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਆਪਣੀ ਪੋਸਟ ਵਿਚ ਸਮਾਈਲੀ ਇਮੋਜੀ ਦੀ ਵਰਤੋਂ ਵੀ ਕੀਤੀ ਹੈ। ਪੀਐਮ ਨੇ ਕਿਹਾ ਕਿ ਜਨਤਾ ਤੋਂ ਜੋ ਵੀ ਲੁੱਟਿਆ ਗਿਆ ਹੈ, ਉਸ ਦਾ ਇੱਕ-ਇੱਕ ਪੈਸਾ ਵਾਪਸ ਕਰਨਾ ਹੋਵੇਗਾ, ਇਹ ਮੋਦੀ ਦੀ ਗਾਰੰਟੀ ਹੈ।
ਪੀਐੱਮ ਨੇ ਆਪਣੀ ਪੋਸਟ 'ਚ ਲਿਖਿਆ ਹੈ, 'ਦੇਸ਼ ਵਾਸੀਆਂ ਨੂੰ ਇਨ੍ਹਾਂ ਨੋਟਾਂ ਦੇ ਢੇਰ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਇਹਨਾਂ ਨੇਤਾਵਾਂ ਦੇ ਇਮਾਨਦਾਰੀ ਦੇ 'ਭਾਸ਼ਣਾਂ' ਨੂੰ ਸੁਣਨਾ ਚਾਹੀਦਾ ਹੈ। ਜਨਤਾ ਤੋਂ ਜੋ ਵੀ ਲੁੱਟਿਆ ਗਿਆ ਹੈ, ਉਸ ਦਾ ਇਕ-ਇਕ ਪੈਸਾ ਵਾਪਸ ਕਰਨਾ ਹੋਵੇਗਾ, ਇਹ ਮੋਦੀ ਦੀ ਗਾਰੰਟੀ ਹੈ। ਪੀਐਮ ਨੇ ਇਹ ਵੀ ਲਿਖਿਆ ਕਿ ਨੋਟਾਂ ਦੇ ਢੇਰ ਨੂੰ ਦੇਖੋ ਅਤੇ ਫਿਰ ਇਸ ਦੇ ਨੇਤਾਵਾਂ ਦੇ ਇਮਾਨਦਾਰੀ 'ਸਪੀਚ' ਨੂੰ ਸੁਣੋ।
ਦੱਸ ਦਈਏ ਕਿ ਧੀਰਜ ਸਾਹੂ ਸ਼ਰਾਬ ਦਾ ਕਾਰੋਬਾਰੀ ਹੈ। ਇਨਕਮ ਟੈਕਸ ਦੀ ਟੀਮ ਨੇ ਸਾਹੂ ਨਾਲ ਜੁੜੇ ਤਿੰਨ ਰਾਜਾਂ 'ਚ ਅੱਧੀ ਦਰਜਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿਚ ਬੋਧ, ਬਲਾਂਗੀਰ, ਰਾਏਗੜ੍ਹ ਅਤੇ ਉੜੀਸਾ ਦੇ ਸੰਬਲਪੁਰ ਤੋਂ ਇਲਾਵਾ ਝਾਰਖੰਡ ਦੇ ਰਾਂਚੀ ਅਤੇ ਲੋਹਰਦਗਾ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਾਮਲ ਸਨ।
ਕਾਂਗਰਸੀ ਸੰਸਦ ਮੈਂਬਰ ਦਾ ਓਡੀਸ਼ਾ 'ਚ ਸ਼ਰਾਬ ਦਾ ਵੱਡਾ ਕਾਰੋਬਾਰ ਹੈ। ਸਾਹੂ 'ਤੇ ਟੈਕਸ ਚੋਰੀ ਦਾ ਦੋਸ਼ ਹੈ। ਬਲਦੇਵ ਸਾਹੂ ਅਤੇ ਗਰੁੱਪ ਆਫ਼ ਕੰਪਨੀਜ਼ ਦੇ ਦਫ਼ਤਰ ਵਿਚ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਆਮਦਨ ਕਰ ਅਧਿਕਾਰੀ ਵੀ ਹੈਰਾਨ ਰਹਿ ਗਏ। ਸੰਸਦ ਮੈਂਬਰ ਦੇ ਛੁਪਣਗਾਹਾਂ ਤੋਂ ਇੰਨੀ ਜ਼ਿਆਦਾ ਨਕਦੀ ਮਿਲੀ ਕਿ ਇਸ ਨੂੰ ਲਿਜਾਣ ਲਈ ਟਰੱਕ ਦੀ ਮਦਦ ਲੈਣੀ ਪਈ।