
26 ਜਨਵਰੀ ਨੂੰ ਸਾਡੀ ਪਰੇਡ ਯੋਜਨਾ ਦੇ ਮੁਤਾਬਕ ਹੀ ਹੋਵੇਗੀ
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਹੀ ਬੀਤੇ ਦਿਨੀ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੇ ਅੱਠਵੇਂ ਦੌਰ ਦੀ ਬੈਠਕ ਬੇਨਤੀਜਾ ਰਹੀ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। ਮੀਟਿੰਗ 'ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਵਧੀਆਂ ਜਾ ਰਹੀਆਂ ਹਨ। ਇਸ ਵਾਰ ਮੀਟਿੰਗ 'ਚ ਕਿਸਾਨਾਂ ਨੇ YES ਅਤੇ NO ਦੇ ਨਾਅਰੇ ਤੋਂ ਬਾਅਦ ਅੱਜ ਕਾਗਜ਼ਾਂ ਤੇ ਨਵਾਂ ਲਿਖਿਆ," ਜਾਂ ਮਰਾਂਗੇ, ਜਾਂ ਜਿੱਤਾਂਗੇ" ਦੀਆਂ ਤਖ਼ਤੀਆਂ ਲਗਾਈਆਂ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਇੱਕ ਡੈੱਡਲਾਕ ਹੈ। ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋ ਰਹੀ ਗੱਲਬਾਤ ਵਿੱਚ ਸਰਕਾਰ ਅਤੇ ਕਿਸਾਨ ਆਪਣੇ ਸਟੈਂਡ ‘ਤੇ ਅੜੇ ਹੋਏ ਹਨ।
ਦਰਅਸਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੱਲ੍ਹ ਨਾਨਕਸਰ ਗੁਰਦੁਆਰਾ ਦੇ ਬਾਬਾ ਲੱਖਾ ਸਿੰਘ ਨਾਲ ਮੁਲਾਕਾਤ ਕੀਤੀ, ਪਰ ਹੁਣ ਭਾਜਪਾ ਕੇਂਦਰ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਕਾਰ ਵਿਚੋਲਗੀ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਖੇਤੀ ਮੰਤਰੀ ਨੇ ਇਕ ਵਾਰ ਫ਼ਿਰ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨਾਨਕਸਰ ਗੁਰਦੁਆਰੇ ਦੇ ਮੁਖੀ ਬਾਬਾ ਲੱਖਾ ਸਿੰਘ ਸਮੇਤ ਹੋਰ ਕਿਸੇ ਤੱਕ ਕੋਈ ਪਹੁੰਚ ਨਹੀਂ ਕੀਤੀ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਡੇਰਾ ਮੁਖੀਆਂ ਤੇ ਧਾਰਮਿਕ ਆਗੂਆਂ ਨੂੰ ਅੱਗੇ ਕਰਕੇ ਕੇਂਦਰ ਸਰਕਾਰ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਜੇਕਰ ਅਸੀਂ ਜਥੇਦਾਰ ਵੱਲੋਂ ਆਖੀ ਗਈ ਗੱਲ ਨਾਲ ਸਹਿਮਤੀ ਜ਼ਾਹਿਰ ਨਾ ਕੀਤੀ ਤਾਂ ਉਹ ਕਹਿਣਗੇ ਕਿ ਅਸੀਂ ਅਕਾਲ ਤਖ਼ਤ ਦੀ ਪਾਲਣਾ ਨਹੀਂ ਕਰ ਰਹੇ। ਇਹ ਪੂਰੀ ਤਰ੍ਹਾ ਕਾਨੂੰਨੀ ਮੁੱਦਾ ਹੈ ਅਤੇ ਅਸੀਂ ਇਨ੍ਹਾਂ ਹਥਕੰਡਿਆਂ ’ਚ ਨਹੀਂ ਫਸਾਂਗੇ।’
ਬੈਠਕ ਤੋਂ ਬਾਅਦ ਅਖਿਲ ਭਾਰਤੀ ਕਿਸਾਨ ਸਭਾ ਦੇ ਮਹਾਂਸਕੱਤਰ ਹਨਨ ਮੋਲਾਹ ਨੇ ਕਿਹਾ ਕਿ ਬੈਠਕ ਦੌਰਾਨ ਤਿੱਖੀ ਬਹਿਸ ਹੋਈ। ਅਸੀਂ ਕਿਹਾ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੁਝ ਨਹੀਂ ਚਾਹੁੰਦੇ। ਅਸੀਂ ਕਿਸੇ ਵੀ ਅਦਾਲਤ 'ਚ ਨਹੀਂ ਜਾਵਾਂਗੇ। ਅਸੀਂ ਲੜਾਈ ਜਾਰੀ ਰੱਖਾਂਗੇ। 26 ਜਨਵਰੀ ਨੂੰ ਸਾਡੀ ਪਰੇਡ ਯੋਜਨਾ ਦੇ ਮੁਤਾਬਕ ਹੀ ਹੋਵੇਗੀ। ਕਿਸਾਨਾਂ ਨੇ ਗਣਤੰਤਰ ਦਿਵਸ ਦੌਰਾਨ ਟ੍ਰੈਕਟਰ ਰੈਲੀ ਕੱਡਣ ਦੀ ਗੱਲ ਆਖੀ ਹੈ। ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਵੀਰਵਾਰ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਟ੍ਰੈਕਟਰ ਰੈਲੀ ਕੱਢੀ ਸੀ।
ਦੱਸ ਦੇਈਏ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਅੱਠਵੇਂ ਦੌਰ ਦੀ ਗੱਲਬਾਤ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਈ ਸੀ। ਇਸ ਬੈਠਕ 'ਚ ਕੇਂਦਰ ਵਲੋਂ ਕੈਬਨਿਟ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਊਸ਼ ਗੋਇਲ ਹਾਜ਼ਰ ਹਨ। ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨ ਜਥੇਬੰਦੀਆਂ ਨੇ ਕਾਨੂੰਨ ਵਾਪਸ ਲੈਣ ਦੀ ਆਪਣੀ ਮੰਗ ਫਿਰ ਤੋਂ ਦੁਹਰਾਈ ਤੇ ਇਸ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਬਿੱਲਾਂ ਤੇ ਚਰਚਾ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ।