
ਬਜਟ ਸੈਸ਼ਨ ਤੋਂ ਪਹਿਲਾਂ ਹੀ ਕੋਰੋਨਾ ਦਾ ਕਹਿਰ ਸੰਸਦ ਭਵਨ ਪਹੁੰਚ ਗਿਆ ਹੈ। ਸੰਸਦ ਭਵਨ ਦੇ ਕਰੀਬ 400 ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਬਜਟ ਸੈਸ਼ਨ ਤੋਂ ਪਹਿਲਾਂ ਹੀ ਕੋਰੋਨਾ ਦਾ ਕਹਿਰ ਸੰਸਦ ਭਵਨ ਪਹੁੰਚ ਗਿਆ ਹੈ। ਸੰਸਦ ਭਵਨ ਦੇ ਕਰੀਬ 400 ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ 4 ਤੋਂ 8 ਜਨਵਰੀ ਤੱਕ ਰਾਜ ਸਭਾ ਸਕੱਤਰੇਤ ਦੇ 65, ਲੋਕ ਸਭਾ ਸਕੱਤਰੇਤ ਦੇ 200 ਅਤੇ ਹੋਰ ਸੇਵਾਵਾਂ ਦੇ 133 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਸ ਤੋਂ ਬਾਅਦ ਰਾਜ ਸਭਾ ਸਕੱਤਰੇਤ ਨੇ ਕਰਮਚਾਰੀਆਂ ਦੇ ਦਫ਼ਤਰ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਨਵੀਆਂ ਹਦਾਇਤਾਂ ਅਨੁਸਾਰ ਅੰਡਰ ਸੈਕਟਰੀ ਅਤੇ ਕਾਰਜਕਾਰੀ ਅਧਿਕਾਰੀ ਦੇ ਰੈਂਕ ਤੋਂ ਹੇਠਾਂ ਦੇ 50% ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 31 ਜਨਵਰੀ ਤੱਕ ਘਰੋਂ ਕੰਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਾਰੀਆਂ ਅਧਿਕਾਰਤ ਮੀਟਿੰਗਾਂ ਵਰਚੁਅਲ ਹੋਣਗੀਆਂ।
ਸੰਸਦ ਦੇ ਇਕ ਅਧਿਕਾਰੀ ਮੁਤਾਬਕ 4 ਤੋਂ 8 ਜਨਵਰੀ ਤੱਕ ਕੁੱਲ 1409 ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਦੇ ਕੋਰੋਨਾ ਟੈਸਟ ਕੀਤੇ ਗਏ। ਵੇਰੀਐਂਟ ਦੀ ਜਾਂਚ ਲਈ ਪੀੜਤਾਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਹਨ। ਇਸ ਤੋਂ ਪਹਿਲਾਂ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਹਲਾਤਾਂ ਦੀ ਸਮੀਖਿਆ ਕੀਤੀ ਸੀ।
ਉਹਨਾਂ ਨੇ ਇਸ ਮਹੀਨੇ ਦੇ ਅਖੀਰ ਵਿਚ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਸੰਕਰਮਣ ਨੂੰ ਰੋਕਣ ਲਈ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਪਹਿਲੀ ਵਾਰ ਡੇਢ ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। 24 ਘੰਟਿਆਂ ਵਿਚ ਕੋਰੋਨਾ ਦੇ 1 ਲੱਖ 59 ਹਜ਼ਾਰ 424 ਮਾਮਲੇ ਸਾਹਮਣੇ ਆਏ ਹਨ ਅਤੇ 327 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋਏ ਹਨ।