
ਪਾਕਿਸਤਾਨ 'ਚ ਲੱਗਣਾ ਸੀ ਦਾਊਦ ਦਾ ਗੁਟਖਾ ਉਤਪਾਦਨ ਪਲਾਂਟ
ਮੁੰਬਈ - ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਗੁਟਖਾ ਬਣਾਉਣ ਵਾਲੇ ਜੇ.ਐੱਮ. ਜੋਸ਼ੀ ਅਤੇ ਦੋ ਹੋਰਾਂ ਨੂੰ ਸੋਮਵਾਰ ਨੂੰ ਭਗੌੜੇ 'ਗੈਂਗਸਟਰ' ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਨੂੰ ਪਾਕਿਸਤਾਨੀ ਸ਼ਹਿਰ ਕਰਾਚੀ ਵਿੱਚ ਇਸ ਉਤਪਾਦ ਦਾ ਇੱਕ ਪਲਾਂਟ ਸਥਾਪਤ ਕਰਨ ਵਿੱਚ ਮਦਦ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ।
ਵਿਸ਼ੇਸ਼ ਜੱਜ ਬੀ.ਡੀ. ਸ਼ੈਲਕੇ ਨੇ ਜੋਸ਼ੀ, ਜ਼ਮੀਰੂਦੀਨ ਅੰਸਾਰੀ ਅਤੇ ਫ਼ਾਰੂਖ ਮਨਸੂਰੀ ਨੂੰ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ।
ਇਸਤਗਾਸਾ ਪੱਖ ਅਨੁਸਾਰ ਜੋਸ਼ੀ ਅਤੇ ਸਹਿ-ਦੋਸ਼ੀ ਰਸਿਕਲਾਲ ਧਾਰੀਵਾਲ ਦਾ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਦੋਵਾਂ ਨੇ ਝਗੜਾ ਸੁਲਝਾਉਣ ਲਈ ਇਬਰਾਹਿਮ ਦੀ ਮਦਦ ਮੰਗੀ ਸੀ। ਇਬਰਾਹਿਮ ਨੇ ਵਿਵਾਦ ਨੂੰ ਸੁਲਝਾਉਣ ਬਦਲੇ 2002 ਵਿੱਚ ਕਰਾਚੀ ਵਿੱਚ ਇੱਕ ਗੁਟਕਾ ਯੂਨਿਟ ਸਥਾਪਤ ਕਰਨ ਵਿੱਚ ਮਦਦ ਮੰਗੀ।
ਕੇਸ ਦੀ ਸੁਣਵਾਈ ਦੌਰਾਨ ਧਾਰੀਵਾਲ ਦੀ ਮੌਤ ਹੋ ਗਈ ਸੀ ਅਤੇ ਇਬਰਾਹਿਮ ਇਸ ਕੇਸ ਵਿੱਚ ਲੋੜੀਂਦਾ ਮੁਲਜ਼ਮ ਹੈ।