
ਹਰ ਐਗਜ਼ੀਟ ਪੋਲ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਹੈ ਬਹੁਮੱਤ
ਨਵੀਂ ਦਿੱਲੀ : ਬੀਤੇ ਸ਼ਨਿੱਚਰਵਾਰ ਦਿੱਲੀ ਦੀਆਂ70 ਵਿਧਾਨ ਸਭਾ ਸੀਟਾਂ ਦੇ ਲਈ ਵੋਟਾਂ ਪੈ ਚੁੱਕੀਆਂ ਹਨ ਅਤੇ 11 ਫਰਵਰੀ ਨੂੰ ਨਤੀਜਿਆ ਦੌਰਾਨ ਇਹ ਤੈਅ ਹੋਵੇਗਾ ਕਿ ਦਿੱਲੀ ਦੀ ਸੱਤਾ 'ਤੇ ਕੋਣ ਕਾਬਜ਼ ਹੁੰਦਾ ਹੈ ਪਰ ਨਤੀਜਿਆਂ ਤੋਂ ਪਹਿਲਾਂ ਜੇਕਰ ਐਗਜੀਟ ਪੋਲ ਦੇ ਰਿਜ਼ਲਟ ਦੀ ਮੰਨੀਏ ਤਾਂ ਦਿੱਲੀ ਦੇ ਵਿਚ ਮੁੱਖ ਮੰਤਰੀ ਦੀ ਕੁਰਸੀ 'ਤੇ ਅਰਵਿੰਦ ਕੇਜਰੀਵਾਲ ਹੀ ਬੈਠਦੇ ਦਿਖਾਈ ਦੇ ਰਹੇ ਹਨ। ਭਾਵ ਕਿ ਰਾਜਧਾਨੀ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ।
File Photo
ਵੱਖ-ਵੱਖ ਐਗਜ਼ੀਟ ਪੋਲਾ ਵਿਚ ਲਗਭਗ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਪਸੀ ਹੀ ਨਜ਼ਰ ਆ ਰਹੀ ਹੈ ਅਤੇ ਬਾਕੀ ਦੋ ਪਾਰਟੀਆਂ ਭਾਜਪਾ ਅਤੇ ਕਾਂਗਰਸ ਜਿੱਤ ਦੇ ਨੇੜੇ-ਤੇੜੇ ਵੀ ਦਿਖਾਈ ਨਹੀਂ ਦੇ ਰਹੀਆਂ ਹਨ। ਐਗਜ਼ੀਟ ਪੋਲਾਂ ਤੋਂ ਨਜ਼ਰ ਇਹ ਆ ਰਿਹਾ ਹੈ ਕਿ ਦਿੱਲੀ ਦੀ ਜਨਤਾਂ ਨੇ ਅਰਵਿੰਦ ਕੇਜਰੀਵਾਲ ਦੇ ਕੰਮਾਂ ਨੂੰ ਸਹਰਾਇਆ ਹੈ ਜਦਕਿ ਭਾਜਪਾ ਦੇ ਰਾਸ਼ਟਰਵਾਦ ਦੇ ਮੁੱਦੇ ਤੋਂ ਲੋਕਾਂ ਨੇ ਕਿਨਾਰਾ ਕੀਤਾ ਹੈ ਅਤੇ ਤੀਜੀ ਧੀਰ ਕਾਂਗਰਸ ਦਾ ਇਨ੍ਹਾਂ ਐਗਜ਼ੀਟ ਪੋਲਾਂ ਵਿਚ ਇਕ ਵਾਰ ਫਿਰ ਮਾੜਾ ਪ੍ਰਦਰਸ਼ਨ ਦਿਖਾਈ ਦੇ ਰਿਹਾ ਹੈ।
Exit Polls
ਇੰਡੀਆ ਟੂਡੇ-ਐਕਸੀਸ ਮਾਈ ਇੰਡੀਆ ਦੇ ਐਗਜ਼ੀਟ ਪੋਲ ਅਨੁਸਾਰ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ 59 ਤੋਂ 68 ਸੀਟਾਂ ਮਿਲ ਰਹੀਆਂ ਹਨ ਉੱਥੇ ਹੀ ਭਾਜਪਾ ਨੂੰ 2 ਤੋਂ 11 ਸੀਟਾਂ ਤੇ ਜਿੱਤ ਨਸੀਬ ਹੋ ਰਹੀ ਹੈ ਅਤੇ ਕਾਂਗਰਸ ਤਾਂ ਖਾਤਾ ਖੋਲ੍ਹਦੀ ਵੀ ਨਜ਼ਰ ਨਹੀਂ ਆ ਰਹੀ ਹੈ।
Exit Polls
ਰਿਪਬਲੀਕਨ-ਜਨ ਕੀ ਬਾਤ ਐਗਜ਼ੀਟ ਪੋਲ ਦੇ ਅਨੁਸਾਰ ਆਪ ਨੂੰ 48 ਤੋਂ 61 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ ਜਦਕਿ ਭਾਜਪਾ ਨੂੰ 9 ਤੋਂ 21 ਸੀਟਾਂ ਮਿਲਣ ਦਾ ਅਨੁਮਾਨ ਹੈ ਉੱਥੇ ਹੀ ਕਾਂਗਰਸ ਨੂੰ ਇਕ ਸੀਟ ਮਿਲਦੀ ਦਿਖਾਈ ਦੇ ਰਹੀ ਹੈ।
Exit Polls
ਐਗਜ਼ੀਟ ਪੋਲ ਏਬੀਪੀ-ਸੀ ਵੋਟਰ ਮੁਤਾਬਕ ਅਰਵਿੰਦ ਕੇਜਰੀਵਾਲ ਦੀ ਆਪ ਨੂੰ 49 ਤੋਂ 63 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ ਅਤੇ ਭਾਜਪਾ ਨੂੰ 5 ਤੋਂ 19 ਸੀਟਾਂ ਪ੍ਰਾਪਤ ਹੋ ਸਕਦੀਆਂ ਹਨ ਜਦਕਿ ਕਾਂਗਰਸ ਦੀ ਝੋਲੀ ਵਿਚ ਚਾਰ ਸੀਟਾਂ ਪੈ ਸਕਦੀਆਂ ਹਨ।
Exit Polls
ਟਾਇਮਜ਼ ਨਾਓ-ਆਈਪੀਐਸਓਐਸ ਦੇ ਐਗਜ਼ੀਟ ਪੋਲ ਦੀ ਮੰਨੀਏ ਤਾਂ ਆਪ 47 ਸੀਟਾਂ ਉੱਤੇ ਜਿੱਤ ਪ੍ਰਾਪਤ ਕਰ ਸਕਦੀ ਹੈ। ਉੱਥੇ ਹੀ ਭਾਜਪਾ ਨੂੰ 23 ਸੀਟਾਂ 'ਤੇ ਜਿੱਤ ਨਸੀਬ ਹੋ ਸਕਦੀ ਹੈ ਜਦਕਿ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਰਿਹਾ ਹੈ। ਉੱਥੇ ਹੀ ਨਿਊਜ਼ ਐਕਸ-ਨੇਤਾ ਐਪ ਨੇ ਆਪਣੇ ਐਗਜ਼ੀਟ ਪੋਲ ਵਿਚ ਆਪ ਨੂੰ 53 ਤੋਂ 57 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਹੈ। ਜਦਕਿ ਭਾਜਪਾ ਨੂੰ 11 ਤੋਂ 17 ਸੀਟਾਂ ਮਿਲ ਸਕਦੀਆਂ ਹਨ ਨਾਲ ਹੀ ਕਾਂਗਰਸ ਦੇ ਖਾਤੇ ਵਿਚ 2 ਸੀਟਾਂ ਆਉਣ ਦੀ ਸੰਭਾਵਨਾ ਹੈ।
File Photo
ਦੱਸ ਦਈਏ ਕਿ 2015 ਦੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 70 ਸੀਟਾਂ ਵਿਚੋਂ 67 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ ਜਦਕਿ ਭਾਜਪਾ ਨੂੰ ਕੇਵਲ 3 ਸੀਟਾਂ ਹੀ ਨਸੀਬ ਹੋਈਆਂ ਸਨ ਉੱਥੇ ਹੀ ਦਿੱਲੀ ਦੀ ਸੱਤਾ ਉੱਤੇ ਲਗਾਤਾਰ 15 ਸਾਲ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ।