ਪੀ.ਟੀ.ਆਈ. ਅਤੇ ਪੀ.ਐਮ.ਐਲ.-ਐਨ. ਨੇ ਆਪੋ-ਅਪਣੀ ਜਿੱਤ ਦੇ ਦਾਅਵੇ ਕੀਤੇ
ਪੂਰੇ ਪਾਕਿਸਤਾਨ ’ਚ ਇੰਟਰਨੈੱਟ ਬੰਦ, ਵੋਟਾਂ ਦੀ ਗਿਣਤੀ ’ਚ ਹੇਰਾਫੇਰੀ ਦੇ ਦੋਸ਼
Pakistan Election Results: ਇਸਲਾਮਾਬਾਦ : ਪਾਕਿਸਤਾਨ ’ਚ ਸ਼ੁਕਰਵਾਰ ਨੂੰ ਆਏ ਚੋਣ ਨਤੀਜਿਆਂ ’ਚ ਜੇਲ ਅੰਦਰ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਸਮਰਥਿਤ ਆਜ਼ਾਦ ਉਮੀਦਵਾਰਾਂ ਨੂੰ ਲੀਡ ਮਿਲ ਰਹੀ ਹੈ। ਅਸਧਾਰਨ ਦੇਰੀ ਤੋਂ ਬਾਅਦ ਚੋਣਾਂ ਦੇ ਨਤੀਜੇ ਹੌਲੀ-ਹੌਲੀ ਆਉਣੇ ਸ਼ੁਰੂ ਹੋ ਗਏ ਹਨ। ਪੀ.ਟੀ.ਆਈ. ਨੇ ਚੋਣ ਨਤੀਜਿਆਂ ’ਚ ਦੇਰੀ ਨੂੰ ਲੈ ਕੇ ਹੇਰਾਫੇਰੀ ਦਾ ਵੀ ਦੋਸ਼ ਲਾਇਆ।
ਪਾਕਿਸਤਾਨ ’ਚ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਚੋਣਾਂ ’ਚ ਹੇਰਾਫੇਰੀ ਦੇ ਦੋਸ਼ ਵੀਰਵਾਰ ਨੂੰ ਦੇਸ਼ ਭਰ ’ਚ ਛੋਟੀਆਂ-ਮੋਟੀਆਂ ਹਿੰਸਾ ਅਤੇ ਮੋਬਾਈਲ ਇੰਟਰਨੈੱਟ ਬੰਦ ਹੋਣ ਦੇ ਵਿਚਕਾਰ ਆਏ ਹਨ। ਪਾਕਿਸਤਾਨ ਦੀ ਇਸ ਚੋਣ ਵਿਚ ਦਰਜਨਾਂ ਪਾਰਟੀਆਂ ਮੈਦਾਨ ਵਿਚ ਸਨ ਪਰ ਮੁੱਖ ਮੁਕਾਬਲਾ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.), ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁਕੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਐਨ) ਅਤੇ ਬਿਲਾਵਲ ਜ਼ਰਦਾਰੀ ਦੀ ‘ਪਾਕਿਸਤਾਨ ਪੀਪਲਜ਼ ਪਾਰਟੀ’ (ਪੀ.ਪੀ.ਪੀ.) ਵਿਚਾਲੇ ਹੈ।
ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਮੈਂਬਰੀ ਨੈਸ਼ਨਲ ਅਸੈਂਬਲੀ ’ਚ 133 ਸੀਟਾਂ ਜਿੱਤਣੀਆਂ ਪੈਣਗੀਆਂ। ਇਕ ਸੀਟ ’ਤੇ ਚੋਣ ਇਕ ਉਮੀਦਵਾਰ ਦੀ ਮੌਤ ਤੋਂ ਬਾਅਦ ਮੁਲਤਵੀ ਕਰ ਦਿਤੀ ਗਈ ਸੀ। ਕੁਲ ਮਿਲਾ ਕੇ ਬਹੁਮਤ ਹਾਸਲ ਕਰਨ ਲਈ 336 ਵਿਚੋਂ 169 ਸੀਟਾਂ ਦੀ ਲੋੜ ਹੈ, ਜਿਸ ਵਿਚ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਵੀ ਸ਼ਾਮਲ ਹਨ।
ਪਾਕਿਸਤਾਨੀ ਅਧਿਕਾਰੀ ਵੀਰਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਨਤੀਜਿਆਂ ਦਾ ਐਲਾਨ ਕਰਨ ਵਿਚ ਬਹੁਤ ਹੌਲੀ ਸਨ। ਹੁਣ ਤਕ ਕੀਤੀ ਗਈ ਗਣਨਾ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਪਾਰਟੀਆਂ, ਖਾਸ ਕਰ ਕੇ ਖਾਨ ਦੀ ਪੀ.ਟੀ.ਆਈ. ਦੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਨਤੀਜਿਆਂ ਨੂੰ ਤੇਜ਼ ਰਫਤਾਰ ਨਾਲ ਅਪਡੇਟ ਕਰਨਾ ਸ਼ੁਰੂ ਕਰ ਦਿਤਾ। ਪੀ.ਟੀ.ਆਈ. ਪਾਰਟੀ ਨੇ ਦੋਸ਼ ਲਾਇਆ ਸੀ ਕਿ ਉਸ ਦਾ ਫਤਵਾ ਚੋਰੀ ਕੀਤਾ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (71) ਜੇਲ੍ਹ ’ਚ ਹਨ ਅਤੇ ਉਨ੍ਹਾਂ ਦੇ ਚੋਣ ਲੜਨ ’ਤੇ ਪਾਬੰਦੀ ਹੈ। ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਕਿਉਂਕਿ ਦੇਸ਼ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਾਰਟੀ ਨੂੰ ਉਸ ਦੇ ਚੋਣ ਨਿਸ਼ਾਨ ਕ੍ਰਿਕਟ ਦਾ ਬੱਲਾ ਤੋਂ ਵਾਂਝਾ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਈ.ਸੀ.ਪੀ. ਨੇ ਹੁਣ ਤਕ ਨੈਸ਼ਨਲ ਅਸੈਂਬਲੀ ਦੀਆਂ 122 ਸੀਟਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ 49 ਸੀਟਾਂ ਆਜ਼ਾਦ ਉਮੀਦਵਾਰਾਂ (ਜ਼ਿਆਦਾਤਰ ਪੀ.ਟੀ.ਆਈ. ਸਮਰਥਿਤ) ਨੇ ਜਿੱਤੀਆਂ ਹਨ। ਪੀ.ਐਮ.ਐਲ.-ਐਨ. ਨੇ 39 ਸੀਟਾਂ ਜਿੱਤੀਆਂ ਹਨ, ਜਦਕਿ ਪੀ.ਪੀ.ਪੀ. ਨੂੰ 30 ਸੀਟਾਂ ਮਿਲੀਆਂ ਹਨ। ਛੋਟੀਆਂ ਪਾਰਟੀਆਂ ਨੇ ਹੋਰ ਸੀਟਾਂ ਜਿੱਤੀਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਸਮੇਤ ਪੀ.ਐਮ.ਐਲ.-ਐਨ. ਦੇ ਚੋਟੀ ਦੇ ਨੇਤਾ ਚੋਣਾਂ ਜਿੱਤਣ ਵਾਲੇ ਪ੍ਰਮੁੱਖ ਨਾਮਾਂ ’ਚ ਸ਼ਾਮਲ ਸਨ। ਸ਼ਰੀਫ ਨੇ ਪੀ.ਟੀ.ਆਈ. ਸਮਰਥਿਤ ਆਜ਼ਾਦ ਡਾਕਟਰ ਯਾਸਮੀਨ ਰਾਸ਼ਿਦ ਨੂੰ ਵੱਡੇ ਫਰਕ ਨਾਲ ਹਰਾਇਆ। ਸ਼ਰੀਫ ਨੂੰ 1,71,024 ਵੋਟਾਂ ਮਿਲੀਆਂ ਜਦਕਿ ਰਾਸ਼ਿਦ ਨੂੰ 1,15,043 ਵੋਟਾਂ ਮਿਲੀਆਂ।
ਨਵਾਜ਼ ਸ਼ਰੀਫ ਦੇ ਬੇਟੇ ਹਮਜ਼ਾ ਸ਼ਾਹਬਾਜ਼ ਅਤੇ ਬੇਟੀ ਮਰੀਅਮ ਨਵਾਜ਼ ਤੋਂ ਇਲਾਵਾ ਛੋਟੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੀ ਚੋਣ ਜਿੱਤ ਚੁਕੇ ਹਨ। ਪਰਵਾਰ ਦੇ ਚਾਰੇ ਮੈਂਬਰ ਪਾਰਟੀ ਦੇ ਗੜ੍ਹ ਲਾਹੌਰ ਤੋਂ ਜਿੱਤੇ ਹਨ। ਚੋਣ ਕਮਿਸ਼ਨ ਮੁਤਾਬਕ ਪੀ.ਟੀ.ਆਈ. ਪਾਰਟੀ ਦੇ ਨੇਤਾ ਗੌਹਰ ਅਲੀ ਖਾਨ ਨੇ ਖੈਬਰ-ਪਖਤੂਨਖਵਾ ਦੇ ਬੁਨੇਰ ਖੇਤਰ ’ਚ ਐਨਏ-10 ਤੋਂ 1,10,023 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਅਵਾਮੀ ਨੈਸ਼ਨਲ ਪਾਰਟੀ ਦੇ ਉਮੀਦਵਾਰ ਅਬਦੁਲ ਰਊਫ ਨੂੰ ਹਰਾਇਆ, ਜੋ 30,302 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਪੀਟੀਆਈ ਨੇਤਾ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਸਦ ਕੈਸਰ ਨੇ ਵੀ ਜਿੱਤ ਹਾਸਲ ਕੀਤੀ।
ਪੀ.ਪੀ.ਪੀ. ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਹਾਰਨ ਵਾਲਿਆਂ ਵਿਚ ਪੀ.ਟੀ.ਆਈ. ਦੇ ਸਾਬਕਾ ਨੇਤਾ ਅਤੇ ਰੱਖਿਆ ਮੰਤਰੀ ਪਰਵੇਜ਼ ਖੱਟਕ ਵੀ ਸ਼ਾਮਲ ਸਨ। ਈ.ਸੀ.ਪੀ. ਦੇ ਅੰਕੜਿਆਂ ਮੁਤਾਬਕ ਸਿੰਧ ਸੂਬਾਈ ਅਸੈਂਬਲੀ ਵਿਚ ਐਲਾਨੇ ਗਏ 53 ਹਲਕਿਆਂ ਵਿਚੋਂ ਪੀ.ਪੀ.ਪੀ. ਨੇ 45 ਸੀਟਾਂ ਜਿੱਤੀਆਂ ਜਦਕਿ ਆਜ਼ਾਦ ਉਮੀਦਵਾਰ ਸਿਰਫ ਚਾਰ ਸੀਟਾਂ ਜਿੱਤਣ ਵਿਚ ਸਫਲ ਰਹੇ।
ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ (ਜੀ.ਡੀ.ਏ.) ਨੇ ਦੋ ਸੀਟਾਂ ਜਿੱਤੀਆਂ ਜਦਕਿ ਜਮਾਤ-ਏ-ਇਸਲਾਮੀ ਅਤੇ ਮੁਤਾਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ.) ਨੇ ਇਕ-ਇਕ ਸੀਟ ਜਿੱਤੀ। ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੇ 50 ਹਲਕਿਆਂ ’ਚ ਐਲਾਨੇ ਗਏ ਨਤੀਜਿਆਂ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਮਰਥਨ ਵਾਲੇ 45 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਪੰਜਾਬ ’ਚ ਪੀ.ਐਮ.ਐਲ.-ਐਨ. ਨੇ 39, ਆਜ਼ਾਦ ਉਮੀਦਵਾਰਾਂ ਨੇ 33 ਅਤੇ ਮੁਸਲਿਮ ਲੀਗ-ਕਿਊ ਨੇ ਦੋ ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਬਲੋਚਿਸਤਾਨ ਸੂਬੇ ਦੀਆਂ ਛੇ ਵਿਧਾਨ ਸਭਾ ਸੀਟਾਂ ਦੇ ਨਤੀਜੇ ਹੁਣ ਤਕ ਆ ਚੁਕੇ ਹਨ, ਜਿੱਥੇ ਪੀ.ਐਮ.ਐਲ.-ਐਨ. ਅਤੇ ਬਲੋਚਿਸਤਾਨ ਨੈਸ਼ਨਲ ਪਾਰਟੀ (ਬੀ.ਐਨ.ਪੀ.) ਅਵਾਮੀ ਨੇ ਇਕ-ਇਕ ਸੀਟ ਜਿੱਤੀ ਹੈ। ਬਲੋਚਿਸਤਾਨ ਵਿਚ ਜੇ.ਯੂ.ਆਈ.-ਐਫ ਨੇ ਤਿੰਨ ਸੀਟਾਂ ਜਿੱਤੀਆਂ ਹਨ ਜਦਕਿ ਪੀ.ਪੀ.ਪੀ. ਨੇ ਇਕ ਸੀਟ ਜਿੱਤੀ ਹੈ।
ਟੈਲੀਵਿਜ਼ਨ ਚੈਨਲਾਂ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਗੈਰ-ਅਧਿਕਾਰਤ ਰੁਝਾਨਾਂ ਅਨੁਸਾਰ ਪੀ.ਟੀ.ਆਈ. ਸਮਰਥਿਤ ਉਮੀਦਵਾਰਾਂ ਨੇ ਕੌਮੀ ਅਤੇ ਸੂਬਾਈ ਅਸੈਂਬਲੀਆਂ ਦੀਆਂ ਕਈ ਸੀਟਾਂ ’ਤੇ ਅਪਣੇ ਵਿਰੋਧੀ ਉਮੀਦਵਾਰਾਂ ਨੂੰ ਪਿੱਛੇ ਛੱਡ ਦਿਤਾ ਹੈ। ਜਿਓ ਨਿਊਜ਼ ਦੀ ਖਬਰ ਮੁਤਾਬਕ ਪੀ.ਟੀ.ਆਈ. ਨੈਸ਼ਨਲ ਅਸੈਂਬਲੀ ਦੀਆਂ 55 ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਨੈਸ਼ਨਲ ਅਸੈਂਬਲੀ ਦੀਆਂ 336 ਸੀਟਾਂ ਵਿਚੋਂ 266 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਬਾਜੌਰ ’ਚ ਹਮਲੇ ’ਚ ਇਕ ਉਮੀਦਵਾਰ ਦੀ ਮੌਤ ਤੋਂ ਬਾਅਦ ਇਕ ਸੀਟ ’ਤੇ ਵੋਟਿੰਗ ਮੁਲਤਵੀ ਕਰ ਦਿਤੀ ਗਈ। ਹੋਰ 60 ਸੀਟਾਂ ਔਰਤਾਂ ਲਈ ਅਤੇ 10 ਸੀਟਾਂ ਘੱਟ ਗਿਣਤੀਆਂ ਲਈ ਰਾਖਵੀਆਂ ਹਨ ਅਤੇ ਇਹ ਅਨੁਪਾਤੀ ਪ੍ਰਤੀਨਿਧਤਾ ਦੇ ਅਧਾਰ ’ਤੇ ਜੇਤੂ ਪਾਰਟੀਆਂ ਨੂੰ ਅਲਾਟ ਕੀਤੀਆਂ ਜਾਂਦੀਆਂ ਹਨ। ਵੋਟਿੰਗ ਵੀਰਵਾਰ ਸ਼ਾਮ 5 ਵਜੇ ਖਤਮ ਹੋਈ, ਪਰ ਈ.ਸੀ.ਪੀ. ਨੇ 10 ਘੰਟੇ ਬਾਅਦ ਵੀਰਵਾਰ ਤੜਕੇ 3 ਵਜੇ ਪਹਿਲੇ ਅਧਿਕਾਰਤ ਨਤੀਜੇ ਦਾ ਐਲਾਨ ਕੀਤਾ। ਕਈਆਂ ਨੇ ਦੇਰੀ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਨਤੀਜਿਆਂ ’ਚ ਹੇਰਾਫੇਰੀ ਦਾ ਡਰ ਜ਼ਾਹਰ ਕੀਤਾ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਸ਼ੁਕਰਵਾਰ ਨੂੰ ਦੇਸ਼ ਦੀਆਂ ਆਮ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ ਅਤੇ ਦੋਸ਼ ਲਾਇਆ ਕਿ ਨਤੀਜਿਆਂ ’ਚ ਹੇਰਾਫੇਰੀ ਕਰਨ ਲਈ ਨਤੀਜਿਆਂ ’ਚ ਦੇਰੀ ਕੀਤੀ ਗਈ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ-ਐਨ (ਪੀ.ਐਮ.ਐਲ.-ਐਨ) ਨੇ ਵੀ ਵੀਰਵਾਰ ਨੂੰ ਹੋਈਆਂ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ।
ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਇਕ ਬਿਆਨ ਜਾਰੀ ਕਰ ਕੇ ਪੀਐਮਐਲ-ਐਨ ਦੇ ਮੁਖੀ ਨਵਾਜ਼ ਸ਼ਰੀਫ ਨੂੰ ਅਪਣੀ ਹਾਰ ਮਨਜ਼ੂਰ ਕਰਨ ਲਈ ਕਿਹਾ ਹੈ। ਪੀ.ਟੀ.ਆਈ.-ਐਨ ਨੇ ਪੀ.ਟੀ.ਆਈ. ਦੀ ਮੰਗ ਨੂੰ ਰੱਦ ਕਰ ਦਿਤਾ ਹੈ ਅਤੇ ਚੋਣਾਂ ’ਚ ਜਿੱਤ ਦਾ ਦਾਅਵਾ ਕੀਤਾ ਹੈ।
ਪੀ.ਟੀ.ਆਈ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦਾਅਵਾ ਕੀਤਾ ਕਿ ਉਸ ਨੇ 265 ਵਿਚੋਂ 150 ਤੋਂ ਵੱਧ ਨੈਸ਼ਨਲ ਅਸੈਂਬਲੀ ਸੀਟਾਂ ਜਿੱਤੀਆਂ ਹਨ। ਫਾਰਮ 45 ਸੱਭ ਤੋਂ ਹੇਠਲੇ ਪੱਧਰ ’ਤੇ ਚੋਣ ਨਤੀਜਿਆਂ ਦਾ ਮੁੱਢਲਾ ਸਰੋਤ ਹੈ ਅਤੇ ਹਰ ਪੋਲਿੰਗ ਸਟੇਸ਼ਨ ’ਤੇ ਹਰੇਕ ਉਮੀਦਵਾਰ ਦੀਆਂ ਵੋਟਾਂ ਨੂੰ ਦਰਸਾਉਂਦਾ ਹੈ।
ਆਜ਼ਾਦ ਰੀਪੋਰਟਾਂ ਮੁਤਾਬਕ ਪੀ.ਟੀ.ਆਈ. ਨੇ ਨੈਸ਼ਨਲ ਅਸੈਂਬਲੀ ਵਿਚ 150 ਤੋਂ ਵੱਧ ਸੀਟਾਂ ਜਿੱਤੀਆਂ ਹਨ ਅਤੇ ਸੰਘੀ, ਪੰਜਾਬ ਅਤੇ ਖੈਬਰ ਪਖਤੂਨਖਵਾ ਵਿਚ ਸਰਕਾਰ ਬਣਾਉਣ ਦੀ ਮਜ਼ਬੂਤ ਸਥਿਤੀ ਵਿਚ ਹੈ। ਉਨ੍ਹਾਂ ਕਿਹਾ, ‘‘ਪਰ ਦੇਰ ਰਾਤ ਨਤੀਜਿਆਂ ’ਚ ਹੇਰਾਫੇਰੀ ਬਿਲਕੁਲ ਸ਼ਰਮਨਾਕ ਅਤੇ ਫਤਵੇ ਦੀ ਘੋਰ ਚੋਰੀ ਹੈ। ਪਾਕਿਸਤਾਨ ਦੇ ਲੋਕ ਧੋਖਾਧੜੀ ਵਾਲੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ। ਦੁਨੀਆਂ ਵੇਖ ਰਹੀ ਹੈ।’’
ਉਸ ਨੇ ਚੋਣ ਅਧਿਕਾਰੀਆਂ ’ਤੇ ਨਤੀਜਿਆਂ ’ਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ। ਪੀ.ਟੀ.ਆਈ. ਨੇ ਇਕ ਹੋਰ ਬਿਆਨ ਵਿਚ ਸ਼ਰੀਫ ਨੂੰ ਹਾਰ ਮਨਜ਼ੂਰ ਕਰਨ ਲਈ ਕਿਹਾ। ਉਨ੍ਹਾਂ ਨੇ ‘ਐਕਸ’ ’ਤੇ ਲਿਖਿਆ, ‘‘ਨਵਾਜ਼ ਸ਼ਰੀਫ ਕੁੱਝ ਇੱਜ਼ਤ ਵਿਖਾਓ, ਹਾਰ ਮਨਜ਼ੂਰ ਕਰੋ। ਪਾਕਿਸਤਾਨ ਦੇ ਲੋਕ ਤੁਹਾਨੂੰ ਕਦੇ ਮਨਜ਼ੂਰ ਨਹੀਂ ਕਰਨਗੇ। ਇਕ ਲੋਕਤੰਤਰੀ ਨੇਤਾ ਵਜੋਂ ਭਰੋਸੇਯੋਗਤਾ ਹਾਸਲ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਾਕਿਸਤਾਨ ਦਿਨ-ਦਿਹਾੜੇ ਲੁੱਟ-ਖੋਹ ਨੂੰ ਰੱਦ ਕਰ ਦੇਵੇਗਾ।’’
ਪੀ.ਐਮ.ਐਲ.-ਐਨ. ਨੇ ਪੀ.ਟੀ.ਆਈ. ਦੇ ਜਿੱਤ ਦੇ ਦਾਅਵੇ ਨੂੰ ਰੱਦ ਕਰ ਦਿਤਾ ਅਤੇ ਜਿੱਤ ਦਾ ਦਾਅਵਾ ਕੀਤਾ।
ਪਾਰਟੀ ਨੇਤਾ ਇਸ਼ਾਕ ਡਾਰ ਅਨੁਸਾਰ, ‘‘ਪੀ.ਐਮ.ਐਲ.-ਐਨ. ਚੋਣ ਸੈੱਲ ਦੇ ਸੰਕਲਿਤ ਅੰਕੜਿਆਂ ਅਤੇ ਜਨਤਾ ਲਈ ਪਹਿਲਾਂ ਤੋਂ ਉਪਲਬਧ ਨਤੀਜਿਆਂ ਦੇ ਅਧਾਰ ਤੇ, ਪੀਐਮਐਲ-ਐਨ ਨੈਸ਼ਨਲ ਅਸੈਂਬਲੀ ’ਚ ਸੱਭ ਤੋਂ ਵੱਡੀ ਸਿਆਸੀ ਪਾਰਟੀ ਅਤੇ ਪੰਜਾਬ ਵਿਧਾਨ ਸਭਾ ’ਚ ਸਪੱਸ਼ਟ ਬਹੁਮਤ ਵਾਲੀ ਪਾਰਟੀ ਵਜੋਂ ਉਭਰੀ ਹੈ।’’ ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਅਤੇ ਪੱਖਪਾਤੀ ਅਟਕਲਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਈਸੀਪੀ ਨੇ ਅਜੇ ਅਧਿਕਾਰਤ ਤੌਰ ’ਤੇ ਸਾਰੇ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਹੈ।