
ਸਾਲ 2024 ’ਚ 72,496 ਮਾਮਲਿਆਂ ’ਚ 16,966 ਕਰੋੜ ਰੁਪਏ ਮੁੱਲ ਦੇ 1,087 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
ਨਵੀਂ ਦਿੱਲੀ : ਸਾਲ 2024 ’ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਾਲ-ਦਰ-ਸਾਲ ਆਧਾਰ ’ਤੇ 22 ਫ਼ੀ ਸਦੀ ਘੱਟ ਕੇ 1,087 ਟਨ ਰਹਿ ਗਈ ਹੈ। ਪਿਛਲੇ ਸਾਲ ਦੇਸ਼ ਭਰ ’ਚ 72,496 ਮਾਮਲਿਆਂ ’ਚ 16,966 ਕਰੋੜ ਰੁਪਏ ਮੁੱਲ ਦੇ 1,087 ਟਨ ਨਸ਼ੀਲੇ ਪਦਾਰਥ ਅਤੇ ਸਾਈਕੋਟ?ਰੋਪਿਕ ਪਦਾਰਥ (ਐੱਨ.ਡੀ.ਪੀ.ਐੱਸ.) ਜ਼ਬਤ ਕੀਤੇ ਗਏ। ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੇ ਅਧਿਕਾਰੀਆਂ ਨੇ 2023 ’ਚ 1.09 ਲੱਖ ਤੋਂ ਵੱਧ ਮਾਮਲਿਆਂ ’ਚ 16,123 ਕਰੋੜ ਰੁਪਏ ਦੀ ਕੀਮਤ ਦਾ 1389 ਟਨ ਐਨ.ਡੀ.ਪੀ.ਐਸ. ਜ਼ਬਤ ਕੀਤਾ ਸੀ।
ਸੀ.ਬੀ.ਆਈ.ਸੀ. ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਦਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਕਸਟਮ ਵਿਭਾਗ ਕੌਮਾਂਤਰੀ ਮੁਸਾਫ਼ਰਾਂ ਦੀ ਆਵਾਜਾਈ, ਸਰਹੱਦਾਂ ਅਤੇ ਦੇਸ਼ ਵਿਚ ਆਉਣ ਵਾਲੇ ਵਪਾਰਕ ਮਾਲ ’ਤੇ ਨਜ਼ਰ ਰੱਖ ਰਿਹਾ ਹੈ। ਅਗਰਵਾਲ ਨੇ ਕਿਹਾ, ‘‘ਅਸੀਂ ਕੇਸ ਬਣਾਉਂਦੇ ਰਹਿੰਦੇ ਹਾਂ ਪਰ ਸਰਹੱਦ ਸੁਰੱਖਿਅਤ ਹੈ।’’ ਅਗਰਵਾਲ ਨੇ ਬਰਾਮਦਗੀ ਦੀ ਮਾਤਰਾ ਦਾ ਪ੍ਰਗਟਾਵਾ ਕੀਤੇ ਬਿਨਾਂ ਕਿਹਾ, ‘‘ਅਸੀਂ ਤਸਕਰਾਂ ਨੂੰ ਫੜਨ ਦੇ ਯੋਗ ਹਾਂ ਪਰ ਫਿਰ ਵੀ ਬਹੁਤ ਕੁੱਝ ਆ ਸਕਦਾ ਹੈ ਜਿਸ ’ਤੇ ਧਿਆਨ ਨਹੀਂ ਦਿਤਾ ਜਾ ਸਕਦਾ।’’
ਸਰਕਾਰੀ ਅੰਕੜਿਆਂ ਮੁਤਾਬਕ 2024 ’ਚ ਬੰਦਰਗਾਹਾਂ ’ਤੇ ਸਿਰਫ ਦੋ ਮਾਮਲਿਆਂ ’ਚ 376 ਕਰੋੜ ਰੁਪਏ ਮੁੱਲ ਦੀਆਂ 94.19 ਲੱਖ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ। ਸਾਲ 2023 ਅਤੇ 2022 ’ਚ ਬੰਦਰਗਾਹਾਂ ’ਤੇ ਕ੍ਰਮਵਾਰ 1 ਕਿਲੋ ਅਤੇ 1161 ਕਿਲੋਗ੍ਰਾਮ ਨਾਰਕੋ ਡਰੱਗਜ਼ ਜ਼ਬਤ ਕੀਤੀਆਂ ਗਈਆਂ ਸਨ।
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵਲੋਂ ਦਸੰਬਰ ’ਚ ਜਾਰੀ ਤਸਕਰੀ ਇਨ ਇੰਡੀਆ ਰੀਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਾਲਾਂ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਯਾਬਾ ਨਾਮ ਨਸ਼ੀਲੀਆਂ ਗੋਲੀਆਂ ਦੇ ਪ੍ਰਸਾਰ ’ਚ ਚਿੰਤਾਜਨਕ ਵਾਧਾ ਵੇਖਿਆ ਹੈ।