
360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਕੀਤਾ ਸੀ ਐਲਾਨ
ਨਵੀਂ ਦਿੱਲੀ- ਪਾਕਿਸਤਾਨ ਨੇ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਸਬੰਧਾਂ ਵਿਚ ਆਏ ਤਣਾਅ ਦੇ ਵਿਚਕਾਰ ਇਕ ਵੱਡੀ ਪਹਿਲਕਦਮੀ ਕਰਦਿਆਂ 100 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਵਾਹਗਾ ਸਰਹੱਦ ਦੇ ਜ਼ਰੀਏ ਇਨ੍ਹਾਂ ਕੈਦੀਆਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ। ਦਰਅਸਲ ਪਾਕਿਸਤਾਨੀ ਫ਼ੌਜ ਵਲੋਂ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਦੇ ਜਲ ਖੇਤਰ ਵਿਚ ਦਾਖ਼ਲ ਹੋਣ ਅਤੇ ਕੌਮਾਂਤਰੀ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਗ਼ੈਰ ਲਾਭਕਾਰੀ ਸਮਾਜ ਕਲਿਆਣ ਸੰਗਠਨ ਈਦੀ ਫਾਊਂਡੇਸ਼ਨ ਵਲੋਂ ਇਨ੍ਹਾਂ ਕੈਦੀਆਂ ਨੂੰ ਤੋਹਫ਼ੇ ਅਤੇ ਯਾਤਰਾ ਦਾ ਸਾਰਾ ਖ਼ਰਚ ਮੁਹੱਈਆ ਕਰਵਾਇਆ ਗਿਆ ਹੈ। ਦਸ ਦਈਏ ਕਿ ਪਾਕਿਸਤਾਨ ਨੇ ਬੀਤੇ ਦਿਨ ਸਦਭਾਵਨਾ ਤਹਿਤ 360 ਭਾਰਤੀ ਕੈਦੀਆਂ ਨੂੰ ਚਾਰ ਪੜਾਵਾਂ ਵਿਚ ਰਿਹਾਅ ਕਰਨ ਦਾ ਐਲਾਨ ਕੀਤਾ ਸੀ।
ਜਿਨ੍ਹਾਂ ਵਿਚੋਂ ਜ਼ਿਆਦਾਤਰ ਮਛੇਰੇ ਹਨ। ਫਿਲਹਾਲ ਪਹਿਲੇ ਪੜਾਅ ਤਹਿਤ 100 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ। ਜੋ ਵਾਹਗਾ ਸਰਹੱਦ ਜ਼ਰੀਏ ਭਾਰਤ ਪਹੁੰਚ ਗਏ ਹਨ। ਪਾਕਿਸਤਾਨ ਨੇ ਆਪਣੇ ਇਸ ਕਦਮ ਤੋਂ ਬਾਅਦ ਭਾਰਤ ਕੋਲੋਂ ਵੀ ਅਜਿਹੀ ਉਮੀਦ ਪ੍ਰਗਟਾਈ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਇਹ ਕਦਮ ਦੋਵੇਂ ਦੇਸ਼ਾਂ ਵਿਚ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ। ਦੇਖੋ ਵੀਡੀਓ