
103 ਸਾਲ ਦੀ ਬੇਬੇ ਨੇ ਹਰਾਇਆ 'ਕੋਰੋਨਾ' ਨੂੰ
ਰੋਮ, 9 ਅਪ੍ਰੈਲ: ਅਦਾ ਜਾਨੁਸੋ ਨੇ 103 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਨੂੰ ਹਰਾ ਦਿਤਾ ਹੈ। ਉਹ ਹੋਰ ਮਰੀਜ਼ਾਂ ਨੂੰ ਵੀ ਹੌਸਲੇ ਅਤੇ ਵਿਸ਼ਵਾਸ ਨਾਲ ਕੋਵਿਡ-19 ਦਾ ਮੁਕਾਬਲਾ ਕਰਨ ਦੀ ਸਲਾਹ ਦਿੰਦੀ ਹੈ। ਯੂਰੋਪ ਵਿਚ ਇਟਲੀ ਅਤੇ ਫ਼ਰਾਂਸ ਵਿਚ ਵੱਡੀ ਉਮਰ ਦੇ ਲੋਕਾਂ ਦੀ ਆਬਾਦੀ ਸੱਭ ਤੋਂ ਜ਼ਿਆਦਾ ਹੈ ਅਤੇ ਘੱਟੋ ਘੱਟ 100 ਸਾਲ ਵਾਲੇ ਬਜ਼ੁਰਗਾਂ ਨੂੰ ਇਥੇ 'ਸੁਪਰ ਓਲਡ' ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ।
ਇਟਲੀ ਵਿਚ ਇਸ ਮਹਾਮਾਰੀ ਨਾਲ ਮੌਤ ਦੇ ਸੱਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਵਡੇਰੀ ਉਮਰ ਦੇ ਲੋਕਾਂ ਦੁਆਰਾ ਇਸ ਬੀਮਾਰੀ ਨਾਲ ਜੂਝਦਿਆਂ ਠੀਕ ਹੋਣਾ ਹੋਰਾਂ ਲਈ ਪ੍ਰੇਰਨਾ ਸ੍ਰੋਤ ਮੰਨਿਆ ਜਾ ਰਿਹਾ ਹੈ। ਜਾਨੁਸੋ ਵੀ ਇਨ੍ਹਾਂ ਵਿਚੋਂ ਇਕ ਹੈ। ਉਸ ਨੇ ਲੇਸੋਨਾ ਸ਼ਹਿਰ ਤੋਂ ਵੀਡੀਉ ਕਾਲ ਜ਼ਰੀਏ ਕਿਹਾ, 'ਮੈਂ ਠੀਕ ਹਾਂ, ਮੈਂ ਟੀਵੀ ਵੇਖਦੀ ਹਾਂ, ਅਖ਼ਬਾਰ ਪੜ੍ਹਦੀ ਹਾਂ।' ਬੀਮਾਰੀ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਉਸ ਨੂੰ ਥੋੜਾ ਬੁਖ਼ਾਰ ਹੋਇਆ ਸੀ। ਉਸ ਦੇ ਡਾਕਟਰ ਨੇ ਕਿਹਾ ਕਿ ਉਹ ਇਕ ਹਫ਼ਤੇ ਤਕ ਬਿਸਤਰੇ 'ਤੇ ਰਹੀ। ਉਸ ਨੂੰ ਤਰਲ ਪਦਾਰਥ ਦਿਤੇ ਗਏ ਕਿਉਂਕਿ ਉਹ ਖਾਣਾ ਨਹੀਂ ਖਾ ਰਹੀ ਸੀ। ਡਾਕਟਰ ਫ਼ਰਨੋ ਮਾਰਚਸੀ ਨੇ ਕਿਹਾ ਕਿ ਇਕ ਦਿਨ ਉਸ ਨੇ ਅੱਖਾਂ ਖੋਲ੍ਹੀਆਂ ਅਤੇ ਫਿਰ ਹੌਲੀ ਹੌਲੀ ਉਸ ਦੀ ਹਾਲਤ ਆਮ ਹੋ ਗਈ। ਉਹ ਪਹਿਲਾਂ ਵਾਂਗ ਕੰਮ ਕਰਨ ਲੱਗ ਪਈ। ਜਦ ਜਾਨੁਸੋ ਨੂੰ ਪੁਛਿਆ ਗਿਆ ਕਿ ਉਸ ਨੇ ਇਸ ਬੀਮਾਰੀ ਨੂੰ ਕਿਵੇਂ ਮਾਤ ਦਿਤੀ ਤਾਂ ਉਸ ਦਾ ਜਵਾਬ ਸੀ, 'ਹੌਸਲੇ, ਤਾਕਤ ਅਤੇ ਵਿਸ਼ਵਾਸ ਨਾਲ।' (ਏਜੰਸੀ)