
24 ਘੰਟਿਆਂ 'ਚ 600 ਤੋਂ ਵੱਧ ਨਵੇਂ ਮਾਮਲੇ, 20 ਤੋਂ ਵੱਧ ਮੌਤਾਂ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 6500 ਤਕ ਪੁੱਜੀ, ਮੌਤਾਂ 196
ਨਵੀਂ ਦਿੱਲੀ, 9 ਅਪ੍ਰੈਲ: ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 600 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 20 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਲਾਗ ਦੇ ਮਾਮਲੇ ਵੀਰਵਾਰ ਨੂੰ ਵੱਧ ਕੇ 6475 ਹੋ ਗਏ ਜਦਕਿ ਮੌਤਾਂ ਦੀ ਗਿਣਤੀ 96 'ਤੇ ਪਹੁੰਚ ਗਈ ਹੈ। ਉਨ੍ਹਾਂ ਕੋਰੋਨਾ ਸੰਕਟ ਦੇ ਮੁਕਾਬਲੇ ਲਈ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਦੇ ਨਿਜੀ ਸੁਰੱਖਿਆ ਉਪਕਰਨਾਂ (ਪੀਪੀਈ) ਕਿੱਟਾਂ ਸਣੇ ਹੋਰ ਸਾਧਨ ਲੋੜੀਂਦੀ ਮਿਕਦਾਰ ਵਿਚ ਹੋਣ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਪੀਪੀਈ ਦੀ ਉਪਲਭਧਤਾ ਬਾਰੇ ਭੈਅਭੀਤ ਹੋਣ ਦੀ ਲੋੜ ਨਹੀਂ। ਉਨ੍ਹਾਂ ਦਸਿਆ ਕਿ ਭਾਰਤ ਵਿਚ 20 ਕੰਪਨੀਆਂ ਪੀਪੀਈ ਬਣਾ ਰਹੀਆਂ ਹਨ ਅਤੇ 1.7 ਕਰੋੜ ਰੁਪਏ ਦੀ ਕੀਮਤ ਦੀਆਂ ਪੀਪੀਈ ਕਿੱਟਾਂ ਦੇ ਆਰਡਰ ਦਿਤੇ ਜਾ ਚੁੱਕੇ ਹਨ। ਨਾਲ ਹੀ 49 ਹਜ਼ਾਰ ਵੈਂਟੀਲੇਟਰ ਵੀ ਖ਼ਰੀਦੇ ਜਾ ਰਹੇ ਹਨ। ਉੜੀਸਾ ਪਹਿਲਾ ਰਾਜ ਬਣ ਗਿਆ ਹੈ ਜਿਸ ਨੇ ਤਾਲਾਬੰਦੀ ਦੀ ਮਿਆਦ 30 ਅਪ੍ਰੈਲ ਤਕ ਵਧਾ ਦਿਤੀ ਹੈ। ਸੂਬੇ ਦੇ ਸਕੂਲ 17 ਜੂਨ ਤਕ ਬੰਦ ਕਰ ਦਿਤੇ ਗਏ ਹਨ।
ਅਗਰਵਾਲ ਨੇ ਦਸਿਆ ਕਿ ਹੁਣ ਤਕ ਪੀੜਤ ਮਰੀਜ਼ਾਂ ਵਿਚੋਂ 600 ਨੂੰ ਇਲਾਜ ਮਗਰੋਂ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਪੱਤਰਕਾਰ ਸੰਮੇਲਨ ਵਿਚ ਆਈਸੀਐਮਆਰ ਦੇ ਸੀਨੀਅਰ ਵਿਗਿਆਨੀ ਮਨੋਜ ਮੁਰਹੇਕਰ ਨੇ ਲਾਗ ਦੇ ਮਾਮਲੇ ਸਾਹਮਣੇ ਆਉਣ ਦੀ ਗਤੀ ਸਥਿਰ ਹੋਣ ਦੀ ਗੱਲ ਕਹੀ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਲਾਗ ਦੀ ਜਾਂਚ ਲਈ 1.30 ਲੱਖ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਕੀਤੇ ਗਏ 13143 ਟੈਸਟ ਵੀ ਇਸ ਵਿਚ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਟੈਸਟ ਵਿਚ ਲਾਗ ਦੇ ਮਾਮਲੇ ਸਾਹਮਣੇ ਆਉਣ ਦੀ ਦਰ ਤਿੰਨ ਤੋਂ ਪੰਜ ਫ਼ੀ ਸਦੀ ਦੇ ਪੱਧਰ 'ਤੇ ਕਾਇਮ ਹੈ ਜਿਸ ਵਿਚ ਕੋਈ ਵਾਧਾ ਨਹੀਂ ਹੋਇਆ।
ਜੰਮੂ 'ਚ ਦੇਸ਼ ਪੱਧਰੀ ਤਾਲਾਬੰਦੀ ਦੌਰਾਨ ਅੱਗ ਬੁਝਾਊ ਦਸਤੇ ਦਾ ਇਕ ਜਵਾਨ ਐਸ.ਐਸ.ਬੀ. ਦੀ ਗੱਡੀ 'ਤੇ ਵਿਸ਼ਾਣੂਨਾਸ਼ਕ ਛਿੜਕਦਾ ਹੋਇਆ। ਪੀਟੀਆਈ
ਸੂਬਿਆਂ ਨੂੰ ਸਾਧਨਾਂ ਦੀ ਘਾਟ ਨਹੀਂ ਆਉਣ ਦਿਆਂਗੇ
ਸੰਯੁਕਤ ਸਕੱਤਰ ਲਵ ਅਗਰਵਾਲ ਨੇ ਲਾਗ ਨੂ ੰਰੋਕਣ ਵਿਚ ਰਾਜਾਂ ਦੀ ਮਦਦ ਲਈ ਕੇਂਦਰ ਸਰਕਾਰ ਦੁਆਰਾ 'ਕੋਵਿਡ ਐਮਰਜੈਂਸੀ ਪੈਕੇਜ' ਦੀ ਮਨਜ਼ੂਰੀ ਦੀ ਵੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਰਾਜਾਂ ਦੇ ਪੱਧਰ 'ਤੇ ਇਸ ਸੰਕਟ ਨਾਲ ਨਜਿੱਠਣ ਵਿਚ ਸਾਧਨਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਦਸਿਆ ਕਿ ਰੇਲ ਮੰਤਰਾਲੇ ਨੇ ਵੀ 3250 ਡੱਬਿਆਂ ਨੂੰ ਆਈਸੋਲੇਸ਼ਨ ਇਕਾਈਆਂ ਵਿਚ ਤਬਦੀਲ ਕੀਤਾ ਹੈ। ਰੇਲਵੇ ਕੁਲ 5000 ਡੱਬਿਆਂ ਨੂੰ ਤਬਦੀਲ ਕਰੇਗੀ। ਉਨ੍ਹਾਂ ਦਸਿਆ ਕਿ ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਅਗਵਾਈ ਵਿਚ ਕਾਇਮ ਮੰਤਰੀ ਸਮੂਹ ਦੀ ਬੈਠਕ ਵਿਚ ਵੀ ਇਸ ਸੰਕਟ ਦੇ ਹੱਲ ਲਈ ਚੱਲ ਰਹੀ ਮੁਹਿੰਮ ਵਿਚ ਸਾਧਨਾਂ ਦੀ ਕਮੀ ਅਤੇ ਹੋਰ ਪੱਖਾਂ ਬਾਰੇ ਚਰਚਾ ਅਤੇ ਸਮੀਖਿਆ ਕੀਤੀ ਗਈ।
ਉੜੀਸਾ ਨੇ ਤਾਲਾਬੰਦੀ ਦੀ ਮਿਆਦ 30 ਅਪ੍ਰੈਲ ਤਕ ਵਧਾਈ
ਲਾਗ ਦੇ ਮਾਮਲੇ ਸਾਹਮਣੇ ਆਉਣ ਦੀ ਦਰ 3 ਤੋਂ 5 ਫ਼ੀ ਸਦੀ ਦੇ ਪੱਧਰ 'ਤੇ ਕਾਇਮ
ਅਗਰਵਾਲ ਨੇ ਕਿਹਾ, 'ਮਾਪਦੰਡਾਂ ਮੁਤਾਬਕ ਇਕ ਸਿਹਤ ਕਾਮੇ ਲਈ ਇਕ ਦਿਨ ਵਿਚ ਇਕ ਮਾਸਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕੋਈ ਵਿਅਕਤੀ ਚਾਰ ਮਾਸਕ ਵੀ ਵਰਤ ਸਕਦਾ ਹੈ ਪਰ ਇਹ ਗ਼ੈਰਜ਼ਰੂਰੀ ਹੈ। ਸਰਕਾਰ ਸਿਰਫ਼ ਜ਼ਰੂਰਤ ਮੁਤਾਬਕ ਹੀ ਸਾਧਨਾਂ ਦੀ ਵਰਤੋਂ 'ਤੇ ਜ਼ੋਰ ਦੇ ਰਹੀ ਹੈ, ਸਾਧਨਾਂ ਦੀ ਕੋਈ ਕਮੀ ਨਹੀਂ।' ਉਨ੍ਹਾਂ ਕਿਹਾ ਕਿ ਸਿਹਤ ਕਾਮਿਆਂ ਅਤੇ ਲਾਗ ਦੇ ਸ਼ੱਕੀ ਮਰੀਜ਼ਾਂ ਨੂੰ ਦਿਤੀ ਜਾਣ ਵਾਲੀ ਦਵਾਈ ਹਾਈਡਰੋਸੀਕਲੋਰੋਕਵੀਨ ਵੀ ਦੇਸ਼ ਵਿਚ ਲੋੜੀਂਦੀ ਮਿਕਦਾਰ ਵਿਚ ਉਪਲਭਧ ਹੈ। (ਏਜੰਸੀ)